ਜੰਮੂ (ਸਮਾਜ ਵੀਕਲੀ): ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਨਗ਼ਮਾ ਮੋਰਾਰਜੀ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ਦੇ ਲੋਕ ਹੱਦਬੰਦੀ ਕਮਿਸ਼ਨ ਦੀ ਖਰੜਾ ਰਿਪੋਰਟ ਤੋਂ ਨਾਖ਼ੁਸ਼ ਹਨ। ਮੋਰਾਰਜੀ ਨੇ ਲੋਕ ਵਿਰੋਧੀ ਨੀਤੀਆਂ ਲਈ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ‘ਮੁਲਕ ਨੂੰ ਫ਼ਿਰਕੂ ਸਫ਼ਾਂ ਦੇ ਆਧਾਰ ’ਤੇ ਵੰਡਿਆ ਜਾ ਰਿਹੈ।’’ ਅਦਾਕਾਰ ਤੋਂ ਸਿਆਸਤਦਾਨ ਬਣੀ ਨਗ਼ਮਾ ਨੇ ਕਰਨਾਟਕ ਦੇ ਇਕ ਕਾਲਜ ਵਿੱਚ ਕੁਝ ਵਿਅਕਤੀਆਂ ਵੱਲੋਂ ਹਿਜਾਬ ਪਾਈ ਮੁਟਿਆਰ ’ਤੇ ਫ਼ਬਤੀਆਂ ਕੱਸਣ ਤੇ ਉਸ ਨਾਲ ਬਦਸਲੂਕੀ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਨਗ਼ਮਾ ਨੇ ਕਿਹਾ ਕਿ ਅਜਿਹੀਆਂ ਚਾਲਾਂ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਚੱਲੀਆਂ ਜਾਂਦੀਆਂ ਹਨ। ਨਗ਼ਮਾ ਨੇ ਅਰੁਣਾਚਲ ਪ੍ਰਦੇਸ਼ ਵਿੱਚ ਬਰਫ਼ੀਲੇ ਤੂਫ਼ਾਨ ਕਰਕੇ ਮੌਤ ਦੇ ਮੂੰਹ ਪਏ ਸੱਤ ਫੌਜੀ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ। ਜੰਮੂ ਦੀ ਆਪਣੀ ਤਿੰਨ ਰੋਜ਼ ਫੇਰੀ ਦੇ ਆਖਰੀ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਨੇ ਕਿਹਾ, ‘‘ਜੰਮੂ ਤੇ ਕਸ਼ਮੀਰ ਦੇ ਲੋਕ ਹੱਦਬੰਦੀ ਕਮਿਸ਼ਨ ਦੀ ਤਜਵੀਜ਼ਤ ਖਰੜਾ ਰਿਪੋਰਟ ਤੋਂ ਨਾਖ਼ੁਸ਼ ਹਨ। ਤੁਸੀਂ ਸੈਂਕੜੇ ਭਾਜਪਾ ਵਰਕਰਾਂ ਨੂੰ ਸੋਮਵਾਰ ਨੂੰ ਸੁਚੇਤਗੜ੍ਹ ਅਸੈਂਬਲੀ ਦੇ ਤਜਵੀਜ਼ਤ ਰਲੇਵੇਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਦਿਆਂ ਤੇ ਆਪਣੇ ਅਸਤੀਫ਼ੇ ਦਿੰਦਿਆਂ ਵੇਖਿਆ ਹੋਵੇਗਾ। …ਜਦੋਂ ਰਿਪੋਰਟ ਬਾਹਰ ਆਏਗੀ ਤਾਂ ਤੁਸੀਂ ਇਸ ਤੋਂ ਵੀ ਵੱਧ ਪ੍ਰਦਰਸ਼ਨ ਵੇਖੋਗੇ।’’
ਤਿੰਨ ਦਿਨਾਂ ਫੇਰੀ ਦੇ ਪਹਿਲੇ ਦਿਨ ਨਗ਼ਮਾ ਨੇ ਜੰਮੂ ਦੇ ਬਾਹਰਵਾਰ ਕੌਮਾਂਤਰੀ ਸਰਹੱਦ ਨੇੜੇ ਸੁਚੇਤਗੜ੍ਹ ਸੈਕਟਰ ਵਿੱਚ ਜਾ ਕੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਨਗ਼ਮਾ ਨੇ ਉਦੋਂ ਕਿਹਾ ਸੀ, ‘‘ਉਹ ਖ਼ੁਦ ਨੂੰ ਠੱਗੇ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਸੈਂਬਲੀ ਹਲਕਾ ਖੋਹਣਾ ਵੱਡਾ ਅਨਿਆਂ ਹੈ।’’ ਕਰਨਾਟਕ ਵਿੱਚ ਹਿਜਾਬ ਪਾਈ ਮੁਟਿਆਰ ਨਾਲ ਬਦਸਲੂਕੀ ਬਾਰੇ ਪੁੱਛੇ ਜਾਣ ’ਤੇ ਨਗ਼ਮਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਕੇ ਕੁੜੀਆਂ ਦੀ ਸਿੱਖਿਆ ਅਸਰਅੰਦਾਜ਼ ਹੋਵੇਗੀ, ਪਰ ਲੋਕਾਂ ਨੂੰ ਮਿਲ ਕੇ ‘ਗੁੰਡਾਗਰਦੀ’ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਗਮਾ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਜਿੱਥੇ ਔਰਤਾਂ ਨੂੰ ਮਜ਼ਬੂਤ ਬਣਾਉਣ ਦੇ ਯਤਨ ਕੀਤੇ ਹਨ, ਉਥੇ ਨਰਿੰਦਰ ਮੋਦੀ ਸਰਕਾਰ ਮਹਿਜ਼ ਵਾਅਦੇ ਕਰਨ ਤੱਕ ਸੀਮਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly