(ਸਮਾਜ ਵੀਕਲੀ)
ਰੀਤ ਸਵੇਰੇ ਤੋਂ ਬੜੀ ਬੇ -ਸਬਰੀ ਨਾਲ ਘਰ ਆਈ ਤੇ ਘਰ ਆ ਕੇ ਮੇਕਅੱਪ ਕਰ ਵਾਰ ਵਾਰ ਸ਼ੀਸ਼ੇ ਨੂੰ ਦੇਖ਼ ਆਪਣੇ ਸੁਹੱਪਣ ਨੂੰ ਨਿਹਾਰ ਰਹੀ ਸੀ।ਸਵੇਰ ਤੋਂ ਹੀ ਰੀਤ ਨੇ ਘਰ ਦਾ ਸਾਰਾ ਕੰਮ ਕਾਜ ਖ਼ਤਮ ਕਰ ਕੇ ਪਾਰਟੀ ਤੇ ਜਾਣ ਲਈ ਤਿਆਰ ਹੋਈ। ਪਾਰਟੀ ਤੇ ਸਹੇਲੀਆਂ ਨਾਲ਼ ਖ਼ੂਬ ਮੌਜ ਮਸਤੀ ਕੀਤੀ , ਤਸਵੀਰਾਂ ਕਰਦੀ ,ਹੱਸਦੀ ਖੇਡਦੀ ਰਹੀ ਤੇ ਸ਼ਾਮ ਹੋਣ ਤੱਕ ਘਰ ਪਰਤੀ ਤੇ ਘਰ ਦੇ ਆਸ ਪਾਸ ਦੇਖਦੀ ਕਮਰੇ ਵਿੱਚ ਆਈ ਦੇਖਿਆ ਹਜੇ ਉਹਦਾ ਖ਼ਾਵੰਦ ਤਾਂ ਘਰ ਨਹੀਂ ਆਇਆ।
ਫ਼ਿਰ ਘਰ ਦੇ ਕੰਮ ਕਾਰ ਕਰਦੀ ਤੇ ਸੁਪਨੇ ਬੁਣਦੀ ਰਹੀ ਓਹ ਜਦੋਂ ਘਰ ਆਉਣਗੇ ਆਹ ਗੱਲ ਕਰਾਗੀ, ਜਦੋਂ ਘਰ ਆਉਣਗੇ ਤਾਂ ਫ਼ਿਰ ਹੀ ਕੱਲ੍ਹ ਦੇ ਰਹਿੰਦੇ ਸਵਾਲਾਂ ਦੇ ਜਵਾਬ ਪਤਾ ਕਰਾਗੀ, ਇਹ ਸੋਚਦੀ ਸੋਚਦੀ ਰੋਟੀ ਟੁੱਕ ਦਾ ਕੰਮ ਪੂਰਾ ਕਰਦੀ ਹੋਈ ਆਪਣੇ ਪਤੀ ਨੂੰ ਫ਼ੋਨ ਲਗਾ ਪੁੱਛਣ ਲੱਗੀ ਤੁਸੀਂ ਅੱਜ ਲੇਟ ਕਿਓਂ ਹੋ ਗਏ। ਪਰ ਅੱਗੋਂ ਪਤੀ ਦਾ ਜਵਾਬ ਆਇਆ ਅੱਜ ਹੋਰ ਦਿਨਾਂ ਤੋਂ ਲੇਟ ਹੀ ਹੋ ਜਾਵਾਂਗਾ,ਮੈਨੂੰ ਵਾਰ ਵਾਰ ਮੈਸਜ ਜਾ ਫ਼ੋਨ ਨਾ ਕਰ ਅੱਜ ਆਫ਼ਿਸ ਵਿੱਚ ਬਹੁਤ ਜ਼ਰੂਰੀ ਮੀਟਿੰਗ ਹੋ ਰਹੀ ਹੈ।
ਆਖ਼ਰ ਨੂੰ ਰੀਤ ਉਡੀਕ ਕਰਦੀ ਰਹੀ ਤੇ ਜਦੋਂ ਹੀ ਉਹਦਾ ਪਤੀ ਘਰ ਆਉਂਦਾ ਹੈ, ਰੀਤ ਹੱਥ ਵਿੱਚ ਪਾਣੀ ਦਾ ਗਲਾਸ ਫੜ੍ਹੀ ਉਹਦੇ ਵੱਲ ਨੂੰ ਜਿਵੇਂ ਹੀ ਉਹਦੇ ਕੋਲ ਆਉਂਦੀ ਹੈ ਤੇ ਗੱਲ ਕਰਨ ਲਗਦੀ ਐ ਤਾਂ ਮੂੰਹ ਵਿੱਚੋਂ ਆ ਰਹੀ ਸ਼ਰਾਬ ਦੀ ਬਦਬੂ ਰੀਤ ਦਾ ਮਨ ਹੀ ਉਦਾਸ ਨਹੀਂ ਕਰਦੀ ਸਗੋਂ ਰੀਤ ਅੰਦਰੋਂ ਬਾਹਰੋਂ ਟੁੱਟ ਜਾਂਦੀ ਹੈ। ਰੀਤ ਕੁੱਝ ਨਹੀਂ ਬੋਲਦੀ ਤੇ ਕਮਰੇ ਵਿੱਚੋਂ ਬਾਹਰ ਚਲੀ ਜਾਂਦੀ ਆ ਅੱਗੋ ਪਤੀ ਦੀ ਅਵਾਜ਼ ਆਉਂਦੀ ਰੀਤ ਰੋਟੀ ਬਣਾਓ ਬਹੁਤ ਭੁੱਖ ਲੱਗੀ ਹੋਈ ਹੈ, ਹੁਣ ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਉਹਦਾ ਪਤੀ ਉਹਨੂੰ ਝੂੱਠ ਬੋਲ ਕੇ ਖੁਸ਼ ਵੇਖਣਾ ਚਾਹੁਦਾ ਹੈ ਜਾਂ ਫ਼ਿਰ ਜੋ ਰੀਤ ਨੂੰ ਉਹਦੇ ਤੇ ਸ਼ੱਕ ਹੋਇਆ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਰੀਤ ਸੋਚ ਰਹੀ ਸੀ ਕੇ ਮੇਰੇ ਸਾਰੇ ਦਿਨ ਦੇ ਵੇਖੇ ਸੁਪਨੇ ਪੂਰੇ ਹੋਣਗੇ ਜਾ ਸਦਾ ਅਧੂਰੇ ਹੀ ਰਹਿਣਗੇ।
ਕੁਲਵਿੰਦਰ ਕੌਰ ਬਾਜਕ