ਅਭੁੱਲ ਯਾਦਾਂ

ਗੁਰਦੀਪ ਸਿੰਘ ਮੁਕੱਦਮ 
ਗੁਰਦੀਪ ਸਿੰਘ ਮੁਕੱਦਮ 
(ਸਮਾਜ ਵੀਕਲੀ) ਫੁਰਸਤ ਦੇ ਪਲਾਂ ਚ, ਇਕੱਲਾ ਬੈਠਾ ਮੈਂ, ਅਕਸਰ ਆਪਣੇ ਅਤੀਤ ਚ ਗੁਆਚ ਜਾਂਦਾ ਹਾਂ। ਚੰਚਲ ਮਨ ਦੀ ਉਡਾਰੀ, ਕੁੱਝ ਹੀ ਪਲਾਂ ਚ, ਮੇਰੇ ਬਚਪਨ,ਸਕੂਲ,ਕਾਲਿਜ ਤੇ ਵਿਦੇਸ਼ਾਂ ਚ ਕੀਤੇ ਸੰਘਰਸ਼ ਦੀਆਂ ਅਨੇਕਾਂ ਯਾਦਾਂ ਤਾਜ਼ਾ ਕਰ ਜਾਂਦੀ ਹੈ। ਪਿੰਡ, ਸਕੂਲ,ਕਾਲਜ ਜਿੰਦਗੀ ਚ ਕਿਤੇ ਵੀ ਵਿਚਰਦਿਆਂ ਸਾਨੂੰ ਕਿੰਨੇ ਸਾਥੀ ਮਿਲਦੇ ਹਨ ਤੇ ਵਿਛੱੜ ਜਾਂਦੇ ਨੇ। ਪਰ ਜਿੰਦਗੀ ਚ ਕਈ ਸਾਥੀ/ਦੋਸਤ ਐਸੇ ਵੀ ਮਿਲਦੇ ਹਨ ਜੋ ਵਿਛੱੜ ਕੇ ਵੀ ਹਮੇਸ਼ਾ ਲਈ ਯਾਦਾਂ ਚ ਵਸ ਜਾਂਦੇ ਹਨ। 1978 ਚ ਬੀ ਏ ਕਰਨ ਤੋਂ ਬਾਅਦ ਮੈ ਦੁਬੱਈ ਜਾਣ ਲਈ ਬੰਬੇ (ਮੁੰਬਈ) ਗਿਆ ਹੋਇਆ ਸੀ। ਉੱਥੇ ਦੁਬਈ ਜਾਣ ਵਾਲੇ ਅਸੀਂ 7..8..ਮੁੰਡੇ ਏਜੰਟ ਵਲੋਂ ਦਿੱਤੇ ਇਕ ਕਮਰੇ ਚ ਰਿਹਾ ਕਰਦੇ ਸੀ। ਅਕਸਰ ਸਾਂਮ ਨੂੰ ਅਸੀਂ ਹੋਰ ਲੋਕਾਂ ਦੇ ਨਾਲ ਬਾਹਰ ਸੜਕ ਕਿਨਾਰੇ ਬਣੀ 3 ਕੁ ਫੁੱਟ ਉੱਚੀ ਕੰਧ ਤੇ ਬੈਠ ਜਾਇਆ ਕਰਦੇ ਸੀ। ਇਕ ਦਿਨ ਅਸੀਂ ਦੋ ਦੋਸਤ ਕੰਧ ਤੇ ਬੈਠੇ ਸੀ ਕਿ ਮੇਰੇ ਨਾਲ ਵਾਲਾ ਸਾਥੀ ਸਾਹਮਣੇ ਦੁਕਾਨ ਤੋਂ ਸਿਗਰਟ ਲੈ ਆਇਆ। (ਉਸ ਨੂੰ ਅੱਜ ਤੱਕ ਕਿਸੇ ਨੇ ਵੀ ਸਿਗਰਟ ਪੀਂਦੇ ਨਹੀਂ ਦੇਖਿਆ ਸੀ) ਮੈ ਹੈਰਾਨੀ ਜਹੀ ਨਾਲ ਉਸ ਨੂੰ ਪੁੱਛਿਆ ਕਿ ਤੂੰ ਸਿਗਰਟ ਪੀਦਾਂ? ਉਹ ਮੇਰੇ ਵੱਲ ਨੂੰ ਸਿਗਰਟ ਕਰਦਾ ਹੋਇਆ ਦੱਸਣ ਲੱਗਾ ਕਿ ਇਹ ਸਿਗਰਟ ਬਹੁਤ ਵਧੀਆ ਹੈ, ਇਹ ਐਸੀ ਹੈ, ਇਹ ਵੈਸੀ ਹੈ। ਪਤਾ ਨਹੀਂ ਮੇਰੇ ਦਿਲ ਚ ਕੀ ਆਇਆ ਕਿ ਮੈ ਸਿਗਰਟ ਫੜਨ ਲਈ ਹੱਥ ਵਧਾ ਦਿੱਤਾ।ਪਰ ਇਸ ਤੋਂ ਪਹਿਲਾਂ ਕਿ ਮੈਂ ਸਿਗਰਟ ਫੜਦਾ ਅਚਾਨਕ ਮੇਰਾ ਦੋਸਤ ਦਲਜੀਤ ਸਿੰਘ (ਪਿੰਡ ਕਾਹਨਾਂ ਢੇਸੀਆਂ) ਕਿੱਧਰੋਂ ਆਇਆ, ਉਸ ਨੇ ਜੁੱਤੀ ਲਾਹ ਕੇ ਮੇਰੇ ਹੱਥ ਤੇ ਦੇ ਮਾਰੀ।ਕਹਿੰਦਾ ਪਾਉਣਾਂ ਤੇਰੇ ਘਰ ਨੂੰ ਚਿੱਠੀ। ਮੈ ਉੱਥੋਂ ਉਠਿਆ ਤੇ ਕਮਰੇ ਚ ਆ ਗਿਆ। ਸਵੇਰੇ ਚਾਹ ਪੀਂਦੇ ਦਲਜੀਤ ਕਹਿਣ ਲੱਗਾ ਕਿ ਗੁੱਸਾ ਨਾ ਕਰੀਂ ਯਾਰ,ਮੈਨੂੰ ਜੁੱਤੀ ਨਹੀਂ ਸੀ ਮਾਰਨੀ ਚਾਹੀਦੀ। ਮੈ ਕਿਹਾ ਨਹੀਂ ਯਾਰ, ਤੈਨੂੰ ਦੋ ਚਾਰ ਹੋਰ ਮਾਰਨੀਆਂ ਚਾਹੀਦੀਆਂ ਸਨ।ਤੂੰ ਮੈਨੂੰ ਕਲੰਕ ਤੋਂ ਬਚਾ ਲਿਆ। ਮਹੀਨਾਂ ਕੁ ਬਾਅਦ ਮੈ ਦੁਬਈ ਚਲਾ ਗਿਆ। ਉਸ ਤੋਂ ਬਾਅਦ ਅਸੀਂ ਕਦੇ ਨਹੀਂ ਮਿਲੇ।ਪਰ ਦਲਜੀਤ ਸਿੰਘ ਅੱਜ ਵੀ ਮੇਰੀਆਂ ਯਾਦਾਂ ਚ ਵਸਿਆ ਹੋਇਆ ਹੈ।
               ਇਸੇ ਤਰ੍ਹਾਂ ਦੁਬਈ ਚ ਮੈਂ ਖੱਲੀ-ਬੱਲੀ (ਕੰਪਨੀ ਛੱਡ ਕੇ ਦੂਸਰੀ ਕੰਪਨੀ ਚ ਕੰਮ ਕਰਨਾਂ ) ਹੋ ਕੰਮ ਕਰਦਾ ਹੋਇਆ ਆਬੂ ਧਾਬੀ ਦੇ ਸ਼ਹਿਰ ਅਲੈਨ ਇਕ ਪਾਕਿਸਤਾਨੀ ਕੰਪਨੀ ਅਲ ਨਾਸਰ ਚ ਚਲਾ ਗਿਆ।ਇਕ ਦਿਨ ਚ ਹੀ ਬਾਰ ਬੈਂਡਰ ਚਾਰਜਹੈਂਡ ਨਵਾਜ  ਖਾਨ ਮੇਰਾ ਦੋਸਤ ਬਣ ਗਿਆ। ਦੁਸਰੇ ਦਿਨ ਮੈਂ ਨਵਾਜ ਖਾਨ ਨੂੰ ਆਪਣੀ ਤਨਖਾਹ ਲਗਵਾਉਣ ਲਈ ਕਿਹਾ ਤਾਂ ਕਹਿੰਦਾ ਸੰਧੂ ਸਾਹਿਬ ਨੂੰ ਆਉਣ ਦੇ,ਉਹਦੇ ਨਾਲ ਗੱਲ ਕਰਨੀ ਆ।ਮੈ ਸੋਚਾਂ ਚ ਪੈ ਗਿਆ ਕਿ ਪਾਕਿਸਤਾਨੀ ਕੰਪਨੀ ਚ ਸਿੱਖ ਇੰਜੀਨੀਅਰ? ਖੈਰ ਦੂਸਰੇ ਦਿਨ ਨੋਂ ਕ ਵਜੇ ਨਵਾਜ ਕਹਿਣ ਲੱਗਾ ਕਿ ਸੰਧੂ ਸਾਹਿਬ ਆ ਗਏ, ਤੂੰ ਆਪਣੇ ਧਿਆਨ ਚ ਕੰਮ ਕਰਦਾ ਜਾ। ਪੰਜ ਕੁ ਮਿੰਟ ਬਾਅਦ ਨਵਾਜ ਨੇ ਮੈਨੂੰ ਅਵਾਜ ਮਾਰੀ, ‘ਸਰਦਾਰ’। ਮੈ ਨਜ਼ਰ ਘੁਮਾ ਕੇ ਦੇਖਿਆ ਤਾਂ ਨਸਵਾਰੀ ਸਲਵਾਰ ਕਮੀਜ਼ ਇਕ ਛੇ ਫੁੱਟ ਦੇ ਕਰੀਬ ਸੰਧੂ ਮੇਰੇ ਵੱਲ ਦੇਖ ਰਿਹਾ ਸੀ।ਉਸ ਸਮੇਂ ਤੱਕ ਮੈਨੂੰ ਨਹੀਂ ਸੀ ਪਤਾ ਕਿ ਸਾਡੀ ਜ਼ੁਬਾਨ ਹੀ ਸਾਡੇ ਕਈ ਗੋਤ ਵੀ ਲਹਿੰਦੇ ਪੰਜਾਬ ਨਾਲ ਸਾਂਝੇ ਹਨ। ਮੇਰਾ ਟਾਈਮ ਕਾਰਡ ਫੜੀ ਸੰਧੂ ਨੇ ਮੇਰੇ ਵੱਲ ਦੇਖਦਿਆਂ ਪੁਛਿਆ,”ਸਰਦਾਰ ਆਂ ? “
“ਹਾਂ ਜੀ ‘
ਤੇਰੀ ਪੱਗ ਕਿੱਥੇ ਆ?
ਮੈ ਚੁੱਪ ਰਿਹਾ।
ਮੇਰੇ ਟਾਈਮ ਕਾਰਡ ਤੇ 40 ਦਰਾਮ ਪ੍ਰਤੀ ਦਿਨ ਤਨਖਾਹ ਲਿੱਖ ਕੇ ਕਹਿਣ ਲੱਗਾ ਕਿ ਮੈ ਦੂਰੋਂ ਤੇਰਾ ਕੰਮ ਦੇਖਿਆ ਜੇ ਤੇਰੇ ਸਿਰ ਤੇ ਪੱਗ ਹੁੰਦੀ ਸਰਦਾਰ ਤਾਂ ਮੈਂ ਤੈਨੂੰ 45 ਰੁਪੈ ਦਿੰਦਾ।ਵੈਸੇ ਇਸ ਕੰਪਨੀ ਚ 40 ਦਰਾਮ ਤੋਂ ਜਿਆਦਾ ਕਿਸੇ ਵਰਕਰ ਦੀ ਤਨਖਾਹ ਨਹੀਂ ਸੀ। (ਦੁਬਈ ਚ ਅਸੀਂ ਤੇ ਪਾਕਿਸਤਾਨੀ ਆਪਸ ਗੱਲ ਕਰਦੇ ਦਰਾਮ ਨੂੰ ਰੁਪਿਆ ਹੀ ਕਿਹਾ ਕਰਦੇ ਸੀ।) ਇਸ ਕੰਪਨੀ ਮੈਂ 10..11.. ਮਹੀਨੇ ਕੰਮ ਕੀਤਾ ਸੀ। ਉਸ ਤੋਂ ਬਾਅਦ ਮੈ ਕਦੇ ਸੰਧੂ ਸਾਹਿਬ ਨੂੰ ਨਹੀਂ ਮਿਲਿਆ। ਪਰ ਅੱਜ ਜਦੋਂ ਮੈ ਪੱਗ ਬੰਨਦਾ ਹਾਂ, ਮੈਨੂੰ ਲੱਗਦਾ ਹੈ ਕਿ ਨਸਵਾਰੀ ਸਲਵਾਰ ਕਮੀਜ਼ ਚ ਛੇ ਫੁੱਟ ਲੰਬਾ ਗੱਭਰੂ ਸੰਧੂ ਆਸੇ ਪਾਸੇ ਹੀ ਖੜਾ ਹੈ।
ਗੁਰਦੀਪ ਸਿੰਘ ਮੁਕੱਦਮ 
ਪਿੰਡ ਲਧਾਣਾ ਝਿੱਕਾ 
9878160133
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸਿੱਖਿਆ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਮੈਥ ਕਮ ਸੀ ਈ ਪੀ ਵਿਜ਼ਾਰਡ ਮੁਕਾਬਲਾ ਕਰਵਾਇਆ ਗਿਆ
Next articleਜੈਸਾ ਖਾਈਏ ਅੰਨ, ਵੈਸਾ ਹੋਵੇ ਮਨ।