ਫਾਜ਼ਿਲਕਾ (ਸਮਾਜ ਵੀਕਲੀ): ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਮੰਡੀ ਲਾਧੂਕਾ ਨੇੜਲੇ ਪਿੰਡਾਂ ’ਚ ਇਲਾਕਾ ਵਾਸੀਆਂ ਅਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਘੁਬਾਇਆ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਪਿੰਡਾਂ ਦੇ ਦੌਰੇ ’ਤੇ ਨਿਕਲੇ ਸਨ। ਇਸ ਦੌਰਾਨ ਪਿੰਡ ਬਹਿਕ ਹਸਤਾ ਉਤਾੜ ’ਚ ਪਿੰਡ ਵਾਸੀਆਂ ਨੇ ਵਿਧਾਇਕ ਘੁਬਾਇਆ ਦੀ ਗੱਡੀ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਗੱਡੀ ’ਚੋਂ ਉਤਾਰ ਲਿਆ। ਉਪਰੰਤ ਵਿਧਾਇਕ ਘੁਬਾਇਆ ਤੋਂ ਪਿੰਡ ਵਾਸੀਆਂ ਨੇ ਤਿੱਖੇ ਸਵਾਲ ਪੁੱਛੇ। ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਵਿਧਾਇਕ ਘੁਬਾਇਆ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਗਾਏ ਕਿ ਵਿਧਾਇਕ ਘੁਬਾਇਆ ਨੇ ਆਪਣੇ ਚਹੇਤਿਆਂ ਦਾ ਵਿਕਾਸ ਕਰਵਾਇਆ ਹੈ, ਜਦਕਿ ਪਿੰਡਾਂ ਅੰਦਰ ਕੋਈ ਵਿਕਾਸ ਨਹੀਂ ਹੋਇਆ ਜਿਸ ਨੂੰ ਲੈਕੇ ਪਿੰਡ ਵਾਸੀਆਂ ਨੇ ਵਿਧਾਇਕ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਵਿਧਾਇਕ ਘੁਬਾਇਆ ਖਿਲਾਫ਼ ਮੌਕੇ ’ਤੇ ਪਿੰਡ ਅੰਦਰ ਧਰਨਾ ਵੀ ਲਗਾਇਆ ਗਿਆ। ਵਿਧਾਇਕ ਘੁਬਾਇਆ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਪਿੰਡ ’ਚ ਵਿਕਾਸ ਕਾਰਜ ਕਰਵਾ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਬੇਰੁਜ਼ਗਾਰ ਬੀ.ਐਡ ਟੈੱਟ ਪਾਸ ਅਧਿਆਪਕਾਂ ਨੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਪਿੰਡ ਕੀੜਿਆਂਵਾਲੀ ਅਤੇ ਫ਼ਤਹਿਗੜ੍ਹ ਵਿੱਚ ਘੇਰ ਕੇ ਆਪਣੀਆਂ ਮੰਗਾਂ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛੇ। ਯੂਨੀਅਨ ਆਗੂਆਂ ਨਿਸ਼ੂ ਕੰਬੋਜ, ਸਰਬਜੀਤ, ਵੀਰਪਾਲ, ਪ੍ਰਿੰਸ ਅਤੇ ਮੰਗਾ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਤਾਂ ਹੁਣ ਸਰਕਾਰ ਆਪਣੇ ਵਾਅਦੇ ਤੋਂ ਕਿਉਂ ਮੁਕਰ ਰਹੀ ਹੈ। ਵਿਧਾਇਕ ਘੁਬਾਇਆ ਨੇ ਭਰੋਸਾ ਦਿਵਾਇਆ ਕਿ ਬੇਰੁਜ਼ਗਾਰਾਂ ਦਾ ਮਾਮਲਾ ਮੁੱਖ ਮੰਤਰੀ ਕੋਲ ਚੁੱਕਿਆ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly