ਬਲਾਕ ਕਪੂਰਥਲਾ-2 ਨੇ 440 ਦਾਖਲੇ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਹਾਲ ਕਰਕੇ ਉੱਚ ਪੱਧਰੀ ਸਿੱਖਿਆ ਦੇਣ ਦੇ ਸੱਦੇ ਨੂੰ ਕਬੂਲਦਿਆਂ ਜ਼ਿਲਾ ਕਪੂਰਥਲਾ ਦੇ ਮਾਪਿਆਂ ਨੇ ਮਿਸਾਲੀ ਹੁੰਗਾਰਾ ਦਿੱਤਾ। ਬੀਤੇ ਕੱਲ ਇੱਕੋ ਦਿਨ ਵਿੱਚ ਜ਼ਿਲੇ ਦੇ ਸਕੂਲਾਂ ਵਿੱਚ 2,816 ਨਵੇਂ ਵਿਦਿਆਰਥੀਆਂ ਨੇ ਦਾਖਲਾ ਲਿਆ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਨੇ 1 ਦਿਨ ਵਿੱਚ 1 ਲੱਖ ਨਵੇਂ ਦਾਖਲੇ ਕਰਨ ਦਾ ਟੀਚਾ ਮਿਥਿਆ ਸੀ ਜਿਸਦੇ ਤਹਿਤ ਹਰੇਕ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਮਿਡ-ਡੇ-ਮੀਲ ਵਰਕਰ ਨੇ ਘੱਟੋ ਘੱਟ ਇੱਕ-ਇੱਕ ਨਵਾਂ ਵਿਦਿਆਰਥੀ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣਾ ਸੀ।
ਕਪੂਰਥਲਾ ਦੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਦਲਜੀਤ ਕੌਰ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ. ਜਗਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗੀ ਟੀਚੇ ਅਨੁਸਾਰ ਜ਼ਿਲੇ ਵਿੱਚ 2,552 ਨਵੇਂ ਵਿਦਿਆਰਥੀ ਦਾਖਲ ਕਰਨੇ ਸਨ ਪਰ ਸਮੁੱਚੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਅੰਕੜਾ 2,816 ਤੱਕ ਪਹੁੰਚ ਗਿਆ, ਜੋ ਕਿ ਨਿਰਧਾਰਿਤ ਟੀਚੇ ਤੋਂ 10 ਪ੍ਰਤੀਸ਼ਤ ਵੱਧ ਸੀ। ਉਹਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਅਧਿਆਪਕ ਵਰਗ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਵੱਖ ਵੱਖ ਜ਼ਿਲਾ ਟੀਮਾਂ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਤਾਂ ਸਵੇਰੇ 8 ਵਜੇ ਤੋਂ ਦੇਰ ਰਾਤ ਤੱਕ ਗਲੀ-ਮੁਹੱਲਿਆਂ ਅਤੇ ਸਲੱਮ ਏਰੀਏ ਤੱਕ ਪਹੁੰਚ ਕਰਕੇ ਦਾਖਲੇ ਕੀਤੇ।
ਸੈਕੰਡਰੀ ਤੇ ਐਲੀਮੈਂਟਰੀ ਦੇ ਉਪ ਜ਼ਿਲਾ ਸਿੱਖਿਆ ਅਫਸਰਾਂ ਸ. ਬਿਕਰਮਜੀਤ ਸਿੰਘ ਥਿੰਦ ਅਤੇ ਸ੍ਰੀਮਤੀ ਨੰਦਾ ਧਵਨ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਨੌ ਵਿੱਦਿਅਕ ਬਲਾਕਾਂ ਵਿੱਚ ਦਾਖਲਿਆਂ ਨੂੰ ਲੈ ਕੇ ਤਿਓਹਾਰ ਵਰਗਾ ਮਾਹੌਲ ਬਣਿਆ ਰਿਹਾ। ਬਲਾਕ ਕਪੂਰਥਲਾ-2 ਨੇ ਰਿਕਾਰਡ 440, ਕਪੂਰਥਲਾ-1 ਨੇ 414 ਅਤੇ ਬਲਾਕ ਮਸੀਤਾਂ ਨੇ 373 ਦਾਖਲੇ ਕਰਕੇ ਜਿਲ੍ਹੇ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।
ਪ੍ਰਿੰਸੀਪਲ ਡਾਈਟ ਸ੍ਰੀਮਤੀ ਮਮਤਾ ਬਜਾਜ ਅਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਸ. ਸੁਖਮਿੰਦਰ ਸਿੰਘ ਬਾਜਵਾ ਨੇ ਪੜ੍ਹੋ ਪੰਜਾਬ ਟੀਮ ਸਮੇਤ ਅਧਿਆਪਕਾਂ ਨੂੰ ਇਸ ਮੁਹਿੰਮ ਵਿੱਚ ਪਲਾਂਨਿੰਗ ਅਤੇ ਸੁਪੋਰਟ ਦਿੱਤੀ ਗਈ।ਡੀ. ਐਸ.ਐੱਮ. ਸ੍ਰੀਮਤੀ ਰਜਿੰਦਰਜੀਤ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਕੁਮਾਰ ਹਾਂਡਾ, ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਭੁਪਿੰਦਰ ਸਿੰਘ ਅਤੇ ਸੈਕੰਡਰੀ ਵਰਗ ਦੇ 9 ਬੀ.ਐਨ.ਓਜ਼. ਨੇ ਪ੍ਰਿੰਸੀਪਲ, ਹੈੱਡ ਮਾਸਟਰ, ਕਲੱਸਟਰ ਮੁਖੀਆਂ ਅਤੇ ਸਕੂਲ ਮੁਖੀਆਂ ਨਾਲ ਲਗਾਤਾਰ ਮੀਟਿੰਗ ਕਰਕੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ। ਸਿੱਖਿਆ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਨੇ ਵਿਦਿਆਰਥੀਆਂ ਦੇ ਸਿਰਫ ਨਵੇਂ ਦਾਖਲੇ ਹੀ ਨਹੀਂ ਕੀਤੇ ਸਗੋਂ ਨਵੀਂ ਰੂਹ ਵੀ ਫੂਕੀ ਹੈ ਜਿਸਦੇ ਬਹੁਤ ਸਾਰਥਕ ਨਤੀਜੇ ਮਿਲਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਮੁਹਿੰਮ ਨੂੰ ਹੋਰ ਅਸਰਦਾਰ ਬਣਾਉਣ ਵਾਸਤੇ ਸਿੱਖਿਆ ਵਿਭਾਗ ਵੱਲੋਂ 31 ਮਾਰਚ ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਬਾਹਰ ਮੇਨ ਗੇਟ ਤੇ ਦਾਖਲਾ ਬੂਥ ਲਾਉਣ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਜਿੱਥੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ ਟੀਚਿੰਗ ਸਟਾਫ਼ ਰੋਜ਼ਾਨਾ ਡਿਊਟੀ ਤੇ ਬੈਠੇਗਾ ਅਤੇ ਰਜਿਸਟਰ ਤੇ ਦਾਖਲਿਆਂ ਸਬੰਧੀ ਰਜਿਸਟਰੇਸ਼ਨ ਕਰੇਗਾ।