(ਸਮਾਜ ਵੀਕਲੀ)
*ਸੰਦਰਭ* : ਭਾਰਤ ਵਿਚ ਰਾਜਨੀਤਕ ਪਾਰਟੀਆਂ ਤੇ ਆਰਥਿਕ ਵਸੀਲਿਆਂ ਉੱਤੇ ਖ਼ਾਸ ਵਰਗਾਂ ਤੇ ਤਬਕਿਆਂ ਦੀ ਇਜਾਰੇਦਾਰੀ ਹੈ। ਬਹੁਤ ਸਾਰੇ ਮਰਦ ਤੇ ਨੌਜਵਾਨ, ਧਨ ਦੀ ਕਮੀ ਕਾਰਨ ਪਰੇਸ਼ਾਨ ਰਹਿੰਦੇ ਹਨ। ਨਖਿੱਧ ਅਫਸਰਸ਼ਾਹੀ ਦੇ ਡਰੋਂ ਸਿਆਸੀ ਪਾਰਟੀਆਂ ਦੇ ਭ੍ਰਿਸ਼ਟਾਚਾਰੀ ਅਹੁਦੇਦਾਰ ਵੀ ਮਿੱਟੀ ਦੇ ਬਾਵੇ ਬਣੇ ਰਹਿੰਦੇ ਹਨ। ਗ਼ਰੀਬ ਲੋਕਾਂ ਦਾ ਜਿਊਂਦੇ ਰਹਿਣਾ ਅਸੰਭਵ ਬਣ ਗਿਆ ਹੈ। ਪੁਰਾਤਨ ਸ਼ਾਹੂਕਾਰਾਂ ਦੀ ਆਤਮਾ ਵੀ ਮਰੀ ਨਹੀਂ ਹੈ ਸਗੋਂ “ਫਨਾਂਸਰ” ਲਫ਼ਜ਼ ਨੂੰ ਧਾਰਨ ਕਰ ਕੇ ਮੁੜ ਜਿਊਂਦੀ ਹੋ ਗਈ ਹੈ। ਵਿੱਤੀ ਅੱਤਵਾਦ ਤੋਂ ਸਤਾਈ ਲੋਕਾਈ ਹੁਣ ਖ਼ੁਦਕੁਸ਼ੀ ਦਰ ਵੱਧ ਰਹੀ ਐ।
ਸਵਾਲ ਇਹ ਹੈ ਕਿ ਕੀ ਅਸੀਂ ਫਾਈਨੈਂਸ਼ੀਅਲ ਮਾਫੀਆ ਸਟੇਟ ਬਣਨ ਵੱਲ ਜਾ ਰਹੇ ਹਾਂ? ਕੀ ਇਹ ਵਿੱਤੀ ਦਹਿਸ਼ਤ ਦਾ ਦਹਿਲ ਨਹੀਂ?
ਭਾਰਤ ਖ਼ਾਸਕਰ ਪੰਜਾਬ ਵਿਚ ਹਰ ਮਹੀਨੇ ਬਹੁਤ ਸਾਰੇ ਮਰਦ, ਔਰਤਾਂ ਤੇ ਬੱਚੇ ਖ਼ੁਦਕੁਸ਼ੀ ਕਰ ਲੈਂਦੇ ਹਨ। ਇਨ੍ਹਾਂ ਖ਼ੁਦਕੁਸ਼ੀ ਮਾਮਲਿਆਂ ਦੇ ਪਿੱਛੇ ਵੱਖੋ ਵੱਖਰੇ ਕਾਰਨ ਹੁੰਦੇ ਹਨ। ਮਰਦ ਕਈ ਵਾਰ ਵਿੱਤੀ ਮੁਹਾਜ਼ ਉੱਤੇ ਨਾਕਾਮ ਸਾਬਤ ਹੋਣ ਕਾਰਨ “ਸਵੈ ਘਾਣ” ਕਰ ਲੈਂਦੇ ਹਨ ਜਾਂ ਰਿਸ਼ਤਿਆਂ ਦੇ ਪੈਮਾਨੇ ਉੱਤੇ ਖਰੇ ਨਾ ਉੱਤਰਨ ਕਾਰਨ ਜੱਗ ਨੂੰ ਆਖ਼ਰੀ ਅਲਵਿਦਾ ਆਖ ਜਾਂਦੇ ਹਨ। ਇਵੇਂ ਹੀ ਔਰਤਾਂ ਤੇ ਬੱਚਿਆਂ ਵੱਲੋੰ ਆਤਮ ਹੱਤਿਆ ਕਰਨ ਪਿੱਛੇ ਵੱਖਰੇ ਕਾਰਨ ਹੁੰਦੇ ਹਨ। ਪੈਸੇ ਦੀ ਤੰਗੀ, ਸਿਰਮੌਰ ਵਜ੍ਹਾ ਹੁੰਦੀ ਹੈ।
(2)
ਭਾਰਤ ਖ਼ਾਸਕਰ ਪੰਜਾਬ ਵਿਚ ਨਵਾਂ ਉੱਠਿਆ ਖ਼ਤਰਨਾਕ ਵਰਤਾਰਾ “ਫਾਇਨੈਂਸਰਾਂ ਦੀ ਬੇਰੋਕ ਟੋਕ ਲੁੱਟ” ਦਾ ਹੈ। 1990 ਤੋਂ ਇਹ ਵਿੱਤੀ ਦਹਿਸ਼ਤ, ਕਾਨੂੰਨੀ ਲਿਹਾਜ਼ ਨਾਲ ਮਾਨਤਾ ਹਾਸਲ ਕਰ ਚੁੱਕੀ ਹੈ! ਏਸ ਵਿੱਤੀ ਦਹਿਸ਼ਤ ਭਰਪੂਰ ਵਰਤਾਰੇ ਦਾ ਦੂਜਾ ਪਾਸਾ ਇਹ ਹੈ ਕਿ ਲੋਕ, ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਬਹੁਤ ਮਾੜੀ ਗੱਲ ਹੈ ਕਿ ਸਾਡੇ ਦੇਸ ਨੂੰ ਆਜ਼ਾਦ ਹੋਇਆਂ ਨੂੰ ਅੱਧੀ ਸਦੀ ਬੀਤਣ ਵਾਲੀ ਹੈ ਪਰ ਸਿਆਸੀ ਮੁੱਦੇ ਗਲੀਆਂ ਨਾਲੀਆਂ ਪੱਕੀਆਂ ਕਰਵਾਉਣ ਤੱਕ ਸੀਮਤ ਹਨ। ਸਾਡੇ ਪਿੰਡਾਂ, ਕਸਬਿਆਂ ਵਿਚ ਊਚ ਨੀਚ ਅਧਾਰਤ ਵੋਟ ਬੈਂਕ ਉੱਸਰੇ ਹਨ, ਸ਼ਹਿਰ, ਬੇਤਰਤੀਬ ਹਨ। ਮੁੱਦੇ ਦੀ ਗੱਲ ਕਰਨ ਦੀ ਬਜਾਏ ਫਜ਼ੂਲ ਗੱਲਾਂ ਕੀਤੀਆਂ ਜਾਂਦੀਆਂ ਹਨ। ਸਰਕਾਰੀ ਅਫਸਰਸ਼ਾਹੀ ਇਹੋ ਜਿਹੀ ਹੈ ਕਿ ਉਹ ਅਸਲੀ ਸਮਾਜ ਸੇਵਕਾਂ ਤੇ ਸਿਆਸੀ ਅੰਦੋਲਨਕਾਰੀਆਂ ਨੂੰ ਸਹਿਜੋਗ ਨਹੀਂ ਕਰਦੀ। ਭ੍ਰਿਸ਼ਟਾਚਾਰੀ ਅਫਸਰਾਂ, ਚਲਾਕ ਚੁਸਤ ਵਪਾਰੀਆਂ ਦੇ ਗਿਰੋਹ ਦੇਸ ਨੂੰ ਚਲਾ ਰਹੇ ਹਨ। ਇੰਝ ਜਾਪਦਾ ਹੈ ਕਿ ਜਿਵੇਂ ਸਿਆਸੀ ਪਾਰਟੀਆਂ ਦੇ ਪ੍ਰਧਾਨ ਅਤੇ ਹੋਰ ਵੱਡੇ ਅਹੁਦੇਦਾਰ ਵੀ ਏਸ ਨਿਜ਼ਾਮ ਦੇ “ਮੈਨੇਜਰ” ਬਣ ਗਏ ਹੋਣ। ਕੋਈ ਜਣਾ ਕੁਝ ਨਹੀਂ ਬੋਲਦਾ!! ਪੈਸੇ ਦੀ ਚਮਕ ਦਮਕ ਨੇ ਸਭ ਦੀ ਜ਼ੁਬਾਨ ਠਾਕ ਦਿੱਤੀ ਹੋਈ ਹੈ।
ਸਾਧਨਹੀਣ, ਗਰੀਬ ਵਿਅਕਤੀ 12 ਤੋਂ 14 ਘੰਟੇ ਤੱਕ ਮਿਹਨਤ ਮੁਸ਼ੱਕਤ ਕਰ ਕੇ (ਵੀ) ਆਪਣਾ ਘਰ ਨਹੀਂ ਖ਼ਰੀਦ ਸਕਦਾ। ਕਿਸੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਬਣਾਉਣ ਵੱਲ ਓਹ ਏਸ ਕਰ ਕੇ ਨਹੀਂ ਸੋਚਦਾ, ਕਿਉਂਕਿ ਚੜ੍ਹੇ ਮਹੀਨੇ ਕਿਸ਼ਤ ਅਦਾ ਕਰਨ ਦੇ ਲਿਹਾਜ਼ ਨਾਲ ਉਸ ਨੂੰ ਖ਼ੁਦ ਉੱਤੇ ਭਰੋਸਾ ਨਹੀਂ ਹੁੰਦਾ।
ਆਮ ਆਦਮੀ ਉੱਤੇ ਜਦੋਂ ਵੀ ਸੰਕਟ ਆਉਂਦਾ ਹੈ ਤਾਂ 100 ਵਿਚੋਂ 97 ਵਾਰ ਏਸ ਦੀ ਵਜ੍ਹਾ ਆਰਥਕ ਭਾਵ ਕਿ ਪੈਸੇ ਦੀ ਕਮੀ ਦੀ ਹੁੰਦੀ ਹੈ। ਲੋੜਾਂ ਤੇ ਥੁੜ੍ਹਾਂ ਦੇ ਮਾਰੇ ਲੋਕ, ਆਖ਼ਰੀ ਉਮੀਦ ਦੇ ਤੌਰ ਉੱਤੇ ਸਾਹੂਕਾਰ ਉਰਫ ਪ੍ਰਾਈਵੇਟ ਫਾਈਨੈਂਸਰ ਦੀ ਹੱਟੀ ਦਾ ਥੜ੍ਹਾ ਚੜਦਾ ਹੈ। ਸਾਡਾ (ਇਕ) ਮਿੱਤਰ ਹੈ, ਓਹਦੇ ਮਾਪੇ ਅਕਸਰ ਬੀਮਾਰ ਰਹਿੰਦੇ ਹੋਣ ਕਾਰਨ ਵਾਰ ਵਾਰ ਹਸਪਤਾਲਾਂ ਵਿਚ ਜਾਂਦੇ ਰਹਿੰਦੇ ਹਨ। ਓਹ ਦੋਸਤ ਪੇਂਡੂ ਧਨਾਢ ਜਗੀਰਦਾਰ ਕੋਲ ਪ੍ਰਾਈਵੇਟ ਨੌਕਰੀ ਕਰਦਾ ਹੈ। ਜਗੀਰਦਾਰ 13 ਕੁ ਹਜ਼ਾਰ ਰੁਪਏ ਮਹੀਨਾਵਾਰ ਦਿੰਦਾ ਹੈ। ਵਿਹਲ ਮਿਲੇ ਤਾਂ ਇਹ ਮਿੱਤਰ, ਅਖਬਾਰਾਂ/ਰਸਾਲਿਆਂ ਨੂੰ ਲੇਖ ਕੇ ਘੱਲਦਾ ਹੈ, ਬਹੁਤੀ ਥਾਈਂ ਛੱਪ ਜਾਂਦੇ ਹਨ। ਅਕਲ, ਇਲਮ ਦੀ ਭਾਵੇਂ ਅਮੀਰੀ ਹੈ ਪਰ ਇਹ ਅਮੀਰੀ ਧਨ ਦੀ ਗ਼ਰੀਬੀ ਨੂੰ ਦੂਰ ਨਹੀਂ ਕਰ ਸਕੀ।
ਓਹ ਜਦੋਂ ਵੀ ਆਪਣੇ ਮਾਪਿਆਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਹਸਪਤਾਲਾਂ ਦੇ ਮਾਲਕ ਜਾਨ ਚੂੰਢ ਲੈਂਦੇ ਹਨ। ਬੁਰਕੀ ਵਿੱਚੋਂ ਬੁਰਕੀ ਬਚਾਅ ਕੇ ਜਿਹੜੀ ਬੱਚਤ ਕੀਤੀ ਹੁੰਦੀ ਹੈ, ਓਹ, ਹਸਪਤਾਲ ਦੇ ਮਾਲਕ ਤੇ ਚਵਲ ਨੌਕਰ ਲੁੱਟ ਲੈਂਦੇ ਹਨ। ਇਲਾਜ ਦਾ ਪੂਰਾ ਬਿੱਲ ਭਰਨ ਦੇ ਬਾਵਜੂਦ ਨਰਸਾਂ ਦੇ ਨਖਰੇ ਝੱਲਦੇ ਹਨ। ਆਮ ਤੌਰ ਉੱਤੇ ਡਾਕਟਰ, ਇਕ ਚਾਰਟ ਬਣਾ ਕੇ ਚਲਾ ਜਾਂਦਾ ਹੈ ਅਤੇ ਨਰਸਾਂ ਤੇ ਹੋਰ ਇਲਾਜ ਕਾਮੇ, ਓਸ, ਚਾਰਟ ਉੱਤੇ ਦਵਾਈਆਂ ਦੀ ਡੋਜ਼ ਦੇਣ ਬਾਰੇ ਲਿਖ ਦਿੰਦੇ ਹਨ, ਮੈਡੀਕਲ ਖੇਤਰ ਦੇ ਸਾਰੇ ਖੇਖਣ ਕਰਨ ਦੇ ਬਾਵਜੂਦ ਨਾ ਤਾਂ ਬੁੱਢੇ ਮਾਪੇ ਤੰਦਰੁਸਤ ਹੋਏ, ਨਾ ਕੋਈ ਡਾਕਟਰ ਆਪਣੀ ਘੱਟ ਸੋਝੀ ਮੰਨਣ ਲਈ ਰਾਜ਼ੀ ਹੈ।
ਪਰਿਵਾਰ ਦੀ ਪੁਸ਼ਤਾਂ ਦੀ ਬੱਚਤ ਨੂੰ ਮੈਡੀਕਲ ਨੈਕਸਸ ਚੱਟ ਚੁੱਕਿਆ ਹੈ। ਇਹ ਦੋਸਤ ਜਦੋਂ, ਹਸਪਤਾਲ ਦਾ ਬਿੱਲ ਭਰਨ ਲਈ ਕਿਸੇ ਪ੍ਰਾਈਵੇਟ ਫਾਈਨੈਂਸਰ ਕੋਲੋਂ ਪੈਸੇ ਵਿਆਜ ਉੱਤੇ ਲੈਂਦਾ ਹੈ ਤਾਂ ਫਾਈਨੈਂਸਰ ਮਾਫੀਆ ਲਹੂ ਪੀ ਲੈਂਦਾ ਹੈ। ਏਸ ਤਰ੍ਹਾਂ ਇਕ ਅਖ਼ਬਾਰੀ ਚੇਤਨਾ ਵਾਲਾ ਮਨੁੱਖ ਧਨਾਢ ਮਾਫੀਆ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਬਣ ਜਾਂਦਾ ਹੈ।
*ਲੁਟੇਰੇ ਵਿਆਜੜੀਏ ਬੁਰੇ ਮਨੁੱਖ ਹੋਣ ਦੇ ਬਾਵਜੂਦ ਬਣ ਜਾਂਦੇ ਹਨ ਅਹਿਮ ਸ਼ਖ਼ਸੀਅਤ*
ਕਮਾਲ ਦੀ ਗੱਲ ਹੈ ਕਿ ਇਸ “ਇਨਸਾਨ ਦੁਸ਼ਮਣ ਨਿਜ਼ਾਮ” ਵਿਚ ਲੁੱਟਣ ਦਾ ਜਿਹੜਾ ਖਿਆਲ ਕਿਸੇ ਲੁਟੇਰੇ ਨੂੰ ਸੁੱਝ ਜਾਂਦਾ ਹੈ, ਓਹ, ਆਪਣੇ ਖਿਆਲ ਨੂੰ ਲਾਗੂ ਕਰ (ਹੀ) ਲੈਂਦਾ ਹੈ।
ਮਸਲਨ, ਨਿੱਜੀ ਸ਼ਾਹੂਕਾਰੀ ਕਰਨ ਲਈ ਕੁਝ ਅਸੂਲ ਹੋਣੇ ਚਾਹੀਦੇ ਹਨ। ਫਾਈਨੈਂਸਰਾਂ ਦਾ ਇਹ ਧੰਧਾ ਬਹੁਤ ਪੁਰਾਣਾ ਹੈ, ਫ਼ਰਕ ਇੰਨਾ ਹੈ ਕਿ ਪੁਰਾਤਨ ਪੰਜਾਬ ਵਿਚ ਵਿਆਜ ਉੱਤੇ ਪੈਸੇ ਦੇਣ ਵਾਲੇ ਨੂੰ ਸਾਡੇ ਸਾਊ ਬਜ਼ੁਰਗ “ਵਿਆਜੜੀਆ” ਆਖ ਕੇ ਚੇਤੇ ਕਰਦੇ ਸਨ। ਜਿਵੇਂ ਪਹਿਲਾਂ, ਦੁੱਧ/ ਪੁੱਤ ਵੇਚਣਾ ਮਾੜਾ ਸਮਝਦੇ ਸਨ, ਉਵੇਂ ਹੀ ਵਿਆਜ ਉੱਤੇ ਪੈਸੇ ਚੜ੍ਹਾ ਕੇ ਅਯਾਸ਼ੀ ਕਰਨ ਵਾਲੇ ਬੰਦਿਆਂ ਨੂੰ ਮਾੜਾ ਖਿਆਲ ਕੀਤਾ ਜਾਂਦਾ ਰਿਹਾ ਹੈ। ਹੁਣ, “ਮੌਡਰਨ ਦੌਰ” ਹੋਣ ਕਾਰਨ ਦਸਵੀਂ ਫੇਲ੍ਹ ਵਿਆਜੜੀਆ ਵੀ ਖ਼ੁਦ ਨੂੰ “ਫਨਾਂਸਰ” ਅਖਵਾ ਕੇ ਖੁਸ਼ ਹੁੰਦਾ ਹੈ! ਸਾਡੇ ਪੰਜਆਬ ਦੇ ਫਾਈਨੈਂਸਰਾਂ ਨੂੰ ਇਹ “ਸ਼ਰਫ਼” ਹਾਸਲ ਹੋ ਰਿਹਾ ਹੈ ਕਿ ਭਾਵੇਂ ਅੱਠਵੀਂ ਜਾਂ ਦੱਸਵੀਂ ਵਿੱਚੋਂ ਫੇਲ੍ਹ ਹੀ ਹੋਏ ਹੋਣ, ਪਰ ਉਨ੍ਹਾਂ ਨੇ ਅੰਗਰੇਜ਼ੀ ਦੇ word Financer ਨੂੰ ਪੰਜਾਬੀ ਉਚਾਰਣ ਮੁਤਾਬਕ “ਫਨਾਂਸਰ” ਦੇ ਰੂਪ ਵਿਚ ਢਾਲ ਲਿਆ ਹੈ। ਖ਼ੈਰ, ਇਹ ਤਾਂ ਗੱਲ ਦਾ ਮਖੌਲੀਆ ਪਹਿਲੂ ਸੀ ਪਰ ਅਸੀਂ ਫਾਈਨੈਂਸ ਮਾਫੀਆ ਦੀ ਅਨਪੜ੍ਹਤਾ ਦਾ ਪਾਜ ਉਧੇੜਨ ਖ਼ਾਤਰ ਇਹ ਮਜ਼ਮੂਨ ਨਹੀਂ ਲਿਖਿਆ ਹੈ, ਸਗੋਂ ਉਨ੍ਹਾਂ ਸਿਆਸੀ ਅਹੁਦੇਦਾਰਾਂ ਨੂੰ ਹਲੂਣਾ ਦੇਣ ਲਈ ਲਿਖਦੇ ਹਾਂ, ਜਿਹੜੇ ਫਾਈਨੈਂਸਰਾਂ ਦੀ ਅੰਨ੍ਹੀ ਲੁੱਟ ਖਸੁੱਟ ਨੂੰ ਜਸਟੀਫਾਈ ਕਰਦੇ ਹਨ ਕਿ, “ਚੱਲ ਕੋਈ ਨਾ, ਉਹ ਕਿਹੜਾ ਕਿਸੇ ਕੋਲ ਚੱਲ ਕੇ ਜਾਂਦੇ ਨੇ! ਲੋਕ ਈ ਉਨ੍ਹਾਂ ਦੇ ਦਫ਼ਤਰਾਂ ਵਿਚ ਜਾਂਦੇ ਨੇ। ਚੱਲ ਫੇਰ ਕੀ ਆ, ਜੇ ਵਿਆਜ ਲਾਉਂਦੇ ਨੇ, ਕਿਸੇ ਦਾ ਔਖਾ ਵੇਲਾ ਵੀ ਸਰਦੇ ਈ ਨੇ..!!”
ਕੁਝ, ਕਾਨੂੰਨੀ ਮਾਹਿਰਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਹੈ ਕਿ ਭਾਰਤ ਖ਼ਾਸਕਰ ਪੰਜਾਬ ਵਿਚ ਫਾਈਨੈਂਸਰਾਂ ਦੀ ਲੁੱਟ ਖਸੁੱਟ ਹੁਣ ਤੱਕ ਦੇ ਦਰਜ ਇਤਿਹਾਸ ਮੁਤਾਬਕ ਸਿਖਰਾਂ ਉੱਤੇ ਪੁੱਜੀ ਹੋਈ ਹੈ। ਜ਼ਿਆਦਾਤਰ ਫਾਈਨੈਂਸਰ ਅੰਡਰ ਮੈਟ੍ਰਿਕ ਹਨ, ਕੋਈ ਕੋਈ ਜਣਾ ਜਾਂ ਜਣੀ ਗ੍ਰੈਜੂਏਟ ਹੋਵੇਗਾ ਜਾਂ ਹੋਵੇਗੀ। ਜਾਂ ਬਹੁਤੇ ਅਨਸਰਾਂ ਨੇ ਪਲੱਸ ਟੂ ਪਿੱਛੋਂ ਕਿਸੇ ਤਕਨੀਕੀ ਕੋਰਸ ਜਾਂ ਡਿਪਲੋਮਾ ਦੀ ਡਿਗਰੀ ਲਈ ਹੁੰਦੀ ਹੈ। ਪਰਵਾਰਕ ਪਰਵਰਿਸ਼, ਪਰਵਾਰਕ/ਸਮਾਜੀ ਮਾਹੌਲ ਲਗਾਤਾਰ ਇਕੋ ਜਿਹਾ ਮਿਲਣ ਕਾਰਨ ਰਿਸ਼ਤੇਦਾਰੀ ਤੇ ਦੋਸਤੀ ਉਨ੍ਹਾਂ ਗਰੁੱਪਾਂ ਵਿਚ ਹੁੰਦੀ ਹੈ, ਜਿੰਨ੍ਹਾਂ ਲੋਕਾਂ ਲਈ ਨੈਤਿਕਤਾ, ਇਖ਼ਲਾਕ਼, ਤਰਸ, ਮਿਹਰਬਾਨੀ, ਅਧਿਐਨ ਤੇ ਮਾਨਵੀ ਗੁਣਾਂ ਦੀ ਕੋਈ ਕੀਮਤ ਨਹੀਂ ਹੁੰਦੀ। ਮਨੁੱਖਤਾ ਤੇ ਮਨੁੱਖੀ ਹਮਦਰਦੀ ਦਾ ਜ਼ਿਕਰ ਵੀ ਕਦੇ ਕਿਸੇ ਕੋਲੋਂ ਸੁਣਿਆ ਨਾ ਹੋਣ ਕਾਰਨ ਇਹ ਮਾਇਆਧਾਰੀ ਲੋਕ, ਮਨੁੱਖੀ ਜਾਮੇ ਵਿਚ ਹੋਣ ਦੇ ਬਾਵਜੂਦ ਸੂਰਾਂ ਤੇ ਜਾਨਵਰਾਂ ਵਾਲੀ ਮਾਨਸਿਕਤਾ ਹੰਢਾਉਂਦੇ ਹਨ। ਖਾਣਾ, ਪੀਣਾ ਤੇ ਹੱਗਣਾ ਇਨ੍ਹਾਂ ਦਾ ਇਕ-ਨੁਕਾਤੀ ਪ੍ਰੋਗਰਾਮ ਹੁੰਦਾ ਹੈ।
ਇੱਕੋ ਦੇਸ, ਇੱਕੋ ਧਰਮ, ਇੱਕੋ ਮਨੌਤਾਂ ਵਗੈਰਾ ਹੋਣ ਦੇ ਬਾਵਜੂਦ ਲੁਟੇਰੇ ਅਨਸਰ ਆਪਣੇ ਹੀ ਦੇਸ ਦੇ ਲੋਕਾਂ ਦੀ ਬੇਕਿਰਕ ਲੁੱਟ ਕਰਦੇ ਹਨ। ਸਥਿਤੀ ਦਾ ਦੂਜਾ ਪਾਸਾ ਇਹ ਹੈ ਕਿ ਕਮਜ਼ੋਰਾਂ ਨੂੰ ਲੁੱਟ ਕੇ ਇੱਕਤਰ ਕੀਤੇ ਅਥਾਹ ਧਨ ਤੇ ਅਣਗਿਣਤ ਮਾਇਆ ਦੇ ਅੰਬਾਰ ਵੀ ਇਨ੍ਹਾਂ ਲੁਟੇਰੇ ਅਨਸਰਾਂ ਨੂੰ ਇਕ ਪਲ ਦਾ ਮਾਨਸਕ ਸਕੂਨ ਨਹੀਂ ਦੇ ਸਕਦੇ ਹੁੰਦੇ। ਇਹੀ, ਅੰਧ ਵਿਸ਼ਵਾਸੀ ਲੁਟੇਰੇ ਫਨਾਂਸਰ, ਆਪਣੇ ਵਰਗੇ ਸਾਧਾਂ ਦੀ ਚੌਂਕੀ ਭਰ ਕੇ, ਉਨ੍ਹਾਂ ਡੇਰੇਦਾਰਾਂ ਨੂੰ ਸਧਾਰਨ ਬੰਦੇ ਹੋਣ ਦੇ ਬਾਵਜੂਦ ਮਹੱਤਵਪੂਰਨ ਬੰਦੇ ਬਣਾ ਦਿੰਦੇ ਹਨ।
ਵਿਅਜੜੀਏ ਬੰਦੇ ਦੀ ਭਾਰਤ ਹੀ ਨਹੀਂ ਕਦੇ ਵੀ, ਕਿਸੇ ਵੀ, ਦੌਰ ਵਿਚ, ਕਿਸੇ ਵੀ ਸਮਾਜ ਵਿਚ ਇੱਜਤ ਨਹੀਂ ਕੀਤੀ ਜਾਂਦੀ ਸੀ। ਅਜੋਕੇ ਮੌਡਰਨ ਦੌਰ ਨੇ ਸਾਡੀਆਂ ਵਿਸਮਾਦੀ ਸੋਚਾਂ ਨੂੰ ਵੀ ਸਾਮਰਾਜੀ ਲੁਟੇਰਿਆਂ ਦੀਆਂ ਧਾਰਨਾਵਾਂ ਨੇ ਤਬਦੀਲ ਕਰ ਦਿੱਤਾ ਏ। ਹੁਣ ਨਾ ਸਿਰਫ਼ ਇਹ ਵਿਆਜੜੀਏ ਸਮਾਜੀ ਜੀਵਨ, ਸਿਆਸਤ, ਕਲਾ ਅਕੈਡਮੀਆਂ ਉੱਤੇ ਕਾਬਜ਼ ਹੋ ਚੁੱਕੇ ਹਨ ਸਗੋਂ ਥੈਲੀਆਂ ਦੇ ਮੂੰਹ ਖੋਲ੍ਹ ਕੇ ਰਾਜਨੀਤਕ ਪਾਰਟੀਆਂ ਦੇ ਅਹੁਦੇਦਾਰਾਂ ਨੂੰ ਵੀ ਆਪਣੇ ਕਾਲੇ ਧੰਧੇ ਦੇ ਸਰਪ੍ਰਸਤ ਤੇ ਮੈਨੇਜਰ ਬਣਾ ਲਿਆ ਹੋਇਆ ਐ।
*ਹਾਇਰ ਪਰਚੇਜ਼ ਦੇ ਕ਼ਾਨੂੰਨ ਦੀ ਹੁਕਮ ਅਦੂਲੀ ਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ*
ਕਾਨੂੰਨ ਮੁਤਾਬਕ ਨਿਯਮ ਇਹ ਹੈ ਕਿ ਕਿਸੇ ਵੀ ਵਿਆਜੜੀਏ ਨੇ ਜੇ ਵਿੱਤੀ ਅਦਾਰਾ ਕਾਇਮ ਕਰਨਾ ਹੋਵੇ ਤਾਂ ਉਹਨੂੰ ਵਿਆਜ ਦਰਾਂ ਵਸੂਲਣ ਲਈ ਸਰਕਾਰੀ ਦਰਾਂ ਮੁਤਾਬਕ ਕੰਮ ਕਰਨਾ ਪੈਂਦਾ ਹੈ। ਪਰ, ਪੰਜਾਬ ਵਿਚ ਇਹ ਕਾਨੂੰਨ ਨਿਭਾਏ ਨਹੀਂ ਜਾ ਰਹੇ ਹਨ, ਕਿਉਂਕਿ ਲਾਗੂ ਕਰਨ ਵਾਲੇ ਸੰਵਿਧਾਨ ਦੀ ਇੱਜਤ ਨਹੀਂ ਕਰ ਰਹੇ ਹਨ। ਹੁੰਦਾ ਇਹ ਹੈ ਕਿ ਪੰਜਾਬ ਦਾ ਵਿਆਜੜੀਆ, ਜਾ ਕੇ ਜੰਮੂ ਕਸ਼ਮੀਰ ਵਿਚ ਆਪਣੀ ਕੰਪਨੀ ਰਜਿਸਟਰਡ ਕਰਵਾਉਂਦਾ ਹੈ। ਹਰਿਆਣੇ ਦਾ ਫਾਈਨੈਂਸਰ ਕਿਸੇ ਹੋਰ ਸੂਬੇ ਵਿਚ ਕੰਪਨੀ ਰਜਿਸਟਰਡ ਕਰਵਾ ਕੇ “ਕੰਮ” ਕਰਦਾ ਹੈ। ਇਕ ਸੀਨੀਅਰ ਵਕੀਲ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਆਖਦਾ ਹੈ ਕਿ ਪੰਜਾਬ ਦੇ ਵੱਡੇ ਤੋਂ ਵੱਡੇ ਤੇ ਨਿੱਕੇ ਤੋਂ ਨਿੱਕੇ ਠੱਗ ਫਾਈਨੈਂਸਰ ਨੇ “ਭੇਤ” ਬਣਾ ਕੇ ਕਾਲੀ ਕਮਾਈ ਵਾਲਾ ਧੰਧਾ ਚਲਾਇਆ ਹੁੰਦਾ ਹੈ। ਕੰਪਨੀ, ਪੰਜਾਬ ਵਿਚ ਰਹਿ ਕੇ ਚਲਾਉਣਗੇ ਤੇ ਰਜਿਸਟ੍ਰੇਸ਼ਨ ਕਿਸੇ ਹੋਰ ਸੂਬੇ ਵਿਚ ਕਰਵਾਈ ਹੋਣ ਕਾਰਨ ਛਾਪੇਮਾਰੀ ਤੋਂ ਬਹੁਤੀ ਵਾਰ ਬੱਚ ਜਾਂਦੇ ਹਨ।
ਵੋਟਾਂ ਉੱਤੇ ਅਧਾਰਤ ਰਾਜਨੀਤੀ ਦੇ ਪੁਰਜੇ ਭਾਵ ਕਿ ਆਗੂ, ਬਹੁਤੀ ਵਾਰ ਹਕੀਕਤ ਨੂੰ ਸਮਝ ਲੈਂਦੇ ਹਨ ਪਰ ਵੋਟ ਬੈਂਕ ਖੁੱਸਣ ਦੇ ਡਰੋਂ ਓਹ ਮੂੰਹ ਵਿੱਚੋਂ ਇਕ ਲਫ਼ਜ਼ ਕੱਢ ਕੇ ਰਾਜ਼ੀ ਨਹੀਂ ਹੁੰਦੇ। “ਸਭਨਾਂ ਦਾ ਸਾਥ, ਸਭਨਾਂ ਦਾ ਵਿਗਾਸ” ਓਹ ਭਰਮਾਊ ਜੁਮਲਾ ਹੈ, ਜਿਹਦੇ ਤਹਿਤ, ਹਰ ਭਾਂਤ ਦੇ ਲੁਟੇਰਿਆਂ, ਠੱਗਾਂ ਦਾ ਵਿਗਾਸ ਵੀ ਹੁੰਦਾ ਰਹਿੰਦਾ ਐ ਤੇ ਗਰੀਬਾਂ ਦੀ ਗਰੀਬੀ ਦਾ ਵਿਗਾਸ ਵੀ ਹੋ ਜਾਂਦਾ ਹੈ।
ਕੌੜਾ ਸੱਚ ਤਾਂ ਇਹ ਹੈ ਕਿ Hire and Purchase ਦੇ ਨਿਯਮਾਂ ਮੁਤਾਬਕ ਵਸਤਾਂ ਖਰੀਦਣ ਤੇ ਵੇਚਣ ਲਈ ਜਿਹੜੀ ਰਕ਼ਮ ਵਿਆਜ ਉੱਤੇ ਦਿੱਤੀ ਜਾਣੀ ਹੁੰਦੀ ਹੈ, ਓਹਦੇ ਲਈ ਨਿਰਧਾਰਤ ਪ੍ਰੋਫਾਰਮਾ ਹੁੰਦਾ ਹੈ। ਪਰ, ਲੁਟੇਰੇ ਅਨਸਰ ਚਤਰਾਈ ਨਾਲ ਕੰਮ ਕਰ ਜਾਂਦੇ ਹਨ, ਇਹ ਲੋਕ, ਖਰੀਦਦਾਰ ਨੂੰ ਰਕ਼ਮ (ਅਜੋਕੀ ਭਾਸ਼ਾ ਮੁਤਾਬਕ ਰਾਸ਼ੀ) ਨਹੀਂ ਦਿੰਦੇ, ਵੇਚਣ ਵਾਲੇ ਨੂੰ ਦਿੰਦੇ ਹਨ। ਏਸ ਤਰ੍ਹਾਂ ਵਸਤ ਦੇ ਖਰੀਦਦਾਰ ਨੂੰ ਸ਼ਿਕਾਰ ਬਣਾ ਕੇ ਅਨੇਕਾਂ ਖਾਲੀ ਕਾਗਜ਼ਾਂ ਤੇ ਕਈ ਵਾਰ ਅਸ਼ਟਾਮਾਂ, ਪਰਨੋਟ ਉੱਤੇ ਦਸਤਖ਼ਤ ਕਰਵਾ ਲਏ ਜਾਂਦੇ ਹਨ। ਏਸ ਤਰ੍ਹਾਂ ਲੁਟੇਰੇ ਵਿਆਜੜੀਏ, ਦੱਸੀ ਗਈ ਵਿਆਜ ਦਰ ਨਾਲ਼ੋਂ ਵੱਧ ਦਾ ਚੂਨਾ ਲਾ ਜਾਂਦੇ ਹਨ। ਇਹ ਅਨਪੜ੍ਹ ਲੁਟੇਰੇ ਬਹੁਤੀ ਵਾਰ ਚਾਰਟਡ ਅਕਾਊਂਟੈਂਟ ਦੀ ਜੇਬ ਗਰਮ ਕਰ ਕੇ ਸਰਕਾਰ ਨੂੰ ਵੀ ਚੂਨਾ ਲਾ ਜਾਂਦੇ ਹਨ। ਇਕ ਪਾਸੇ ਪੜ੍ਹੇ ਲਿਖੇ ਅਧਿਆਪਕ ਤੇ ਹੋਰ ਵਰਗ ਮੰਗਾਂ ਤੇ ਹੱਕਾਂ ਲਈ ਧਰਨੇ, ਰੋਸ ਮੁਜ਼ਾਹਰੇ ਕਰਦੇ ਰਹਿੰਦੇ ਹਨ, ਦੂਜੇ ਪਾਸੇ ਖਜ਼ਾਨਾ ਖਾਲੀ ਹੋਣ ਕਾਰਨ ਸਰਕਾਰਾਂ ਅੰਦੋਲਨਕਾਰੀ, ਮੁਜ਼ਾਹਰਕਾਰੀਆਂ ਉੱਤੇ ਤਸ਼ੱਦਦ ਕਰਦੀਆਂ ਹਨ। ਸਰਕਾਰੀ ਖ਼ਜ਼ਾਨਾ ਕਿਵੇਂ ਭਰੇਗਾ? ਜਦੋਂ ਤੱਕ ਭ੍ਰਿਸ਼ਟਾਚਾਰੀ ਵਿਆਜੜੀਏ ਤੇ ਹੋਰ ਕਿਸਮ ਦੇ ਠੱਗ ਠੂਏ ਬਣ ਕੇ ਜਨਤਾ ਤੇ ਸਰਕਾਰ ਨੂੰ ਰਗੜੇ ਲਾ ਰਹੇ ਹਨ।
ਅੱਜ ਦੇ ਦੌਰ ਦੀ ਸਿਆਸਤ ਇਹੋ ਜਿਹੇ ਨਪੁੰਸਕ ਕਿਰਦਾਰਾਂ ਦੇ ਹੱਥ ਆ ਚੁੱਕੀ ਹੈ, ਜਿਹੜੇ ਠੱਗਾਂ, ਚੁਸਤ ਵਪਾਰੀਆਂ, ਟੈਕਸ ਚੋਰ ਕਾਰਖਾਨਾ ਮਾਲਕਾਂ ਤੇ ਫਾਈਨੈਂਸ ਨੂੰ “ਫਨਾਂਸ” ਆਖਣ ਵਾਲੇ ਵਿਆਜੜੀਆਂ ਨੂੰ ਕਾਨੂੰਨ ਮੁਤਾਬਕ਼ ਸਬਕ਼ ਸਿਖਾਉਣ ਲਈ ਤਿਆਰ (ਹੀ) ਨਹੀਂ ਹਨ। ਹਰ ਰੰਗ ਢੰਗ ਦਾ ਲੁਟੇਰਾ ਖੁੱਲ੍ਹੀ ਖੇਡ, ਖੇਡ ਰਿਹਾ ਹੈ। ਜਦਕਿ ਹਰ ਦੱਬਿਆ ਮਧੋਲਿਆ ਬੰਦਾ ਖ਼ੂਨ ਦੇ ਹੰਝੂ ਵਹਾਅ ਰਿਹਾ ਹੈ।
*ਪੀੜਤ ਦੀ ਖ਼ੁਦਕੁਸ਼ੀ ਨੂੰ “ਖੁਦਖੁਸ਼ੀ” ਆਖਦੇ ਹਨ ਲੁਟੇਰੇ ਵਿਆਜੜੀਏ*
ਪੰਜਾਬ ਵਿਚ ਰਸਾਲੇ ਜਾਂ ਕਿਤਾਬਾਂ ਪੜ੍ਹਨ ਦਾ ਰੁਝਾਨ ਬਹੁਤ ਘੱਟ ਹੁੰਦਾ ਜਾ ਰਿਹਾ ਹੈ। ਏਸ ਲਈ ਸਹੀ ਲਫ਼ਜ਼ ਵੀ ਬਹੁਤ ਘੱਟ ਲੋਕ ਜਾਣਦੇ ਹੁੰਦੇ ਹਨ। ਆਤਮ ਹੱਤਿਆ ਨੂੰ ਖ਼ੁਦਕੁਸ਼ੀ ਕਿਹਾ ਜਾਂਦਾ ਹੈ ਪਰ ਕਈ ਲੋਕ, ਖ਼ਾਸਕਰ ਵਿਆਜੜੀਏ “ਖੁਦਖੁਸ਼ੀ” ਬੋਲ ਜਾਂਦੇ ਹਨ। ਕਈ ਦਫ਼ਾ ਇੰਝ ਵੀ ਹੁੰਦਾ ਹੈ ਕਿ ਫਾਈਨੈਂਸਰਾਂ ਦੇ ਪੈਸੇ ਅਤੇ ਮੂਲ ਰਕ਼ਮ ਉੱਤੇ ਚੜ੍ਹਿਆ ਵਿਆਜ ਨਾ ਲਾਹ ਸਕਣ ਕਾਰਨ ਪੀੜਤ ਦਹਿਸ਼ਤ ਕਾਰਨ ਦਹਿਲ ਜਾਂਦੇ ਹਨ। ਅਜਿਹੇ ਲੋਕ ਖ਼ੁਦਕੁਸ਼ੀ ਕਰ ਲੈਂਦੇ ਹਨ। ਪਰ “ਚਿੜੀਆਂ ਦੀ ਮੌਤ, ਗਵਾਰਾਂ ਦਾ ਹਾਸਾ” ਦੇ ਅਖਾਣ ਮੁਤਾਬਕ ਇਹ ਵਿਆਜੜੀਏ ਖ਼ੁਦਕੁਸ਼ੀ ਨੂੰ ਖੁਦ-ਖੁਸ਼ੀ ਆਖ ਦਿੰਦੇ ਹਨ। ਜਿਹੜੇ ਲੋਕ ਕਿਸੇ ਦੀ ਖੁਦਕੁਸ਼ੀ ਨੂੰ ਖੁਦ-ਖੁਸ਼ੀ ਆਖ ਦਿੰਦੇ ਹਨ, ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲਤਾ ਦੀ ਉਮੀਦ ਕੀਤੀ ਜਾ ਸਕਦੀ ਹੈ? ਇਹ ਆਸ ਰੱਖਣੀ ਹੀ ਬੇਕਾਰ ਹੈ।
*ਸਰਕਾਰਾਂ, ਅਫ਼ਸਰਸ਼ਾਹੀ ਤੇ ਵੋਟ ਖਿਡਾਰੀਆਂ ਨੇ ਕਿਓੰ ਮੀਚੀਆਂ ਅੱਖਾਂ*
ਬਹੁਤ ਸਾਰੇ ਪੀੜਤ ਲੋਕ, ਫਾਈਨੈਂਸਰਾਂ ਦੇ ਡਰ ਕਾਰਨ ਆਤਮ ਹੱਤਿਆ ਕਰ ਲੈਂਦੇ ਹਨ। ਸੁਸਾਈਡ ਨੋਟ (ਖ਼ੁਦਕੁਸ਼ੀ ਰੁੱਕੇ) ਵਿਚ ਸਾਰੀ ਘਟਨਾ ਬਿਆਨ ਕੀਤੀ ਗਈ ਹੁੰਦੀ ਹੈ। ਖੁਦਕੁਸ਼ੀ ਕਰਨ ਵਾਲੇ ਬੰਦੇ ਮਰਨ ਤੋਂ ਪਹਿਲਾਂ, ਫਾਈਨੈਂਸਰ ਦਾ ਨਾਮ, ਪਤਾ ਤੇ ਕਰਤੂਤਾਂ ਬਾਰੇ ਲਿਖ ਜਾਂਦੇ ਹਨ। ਓਸ ਵੱਲੋੰ ਢਾਹੇ ਜ਼ੁਲਮ ਦੀ ਕਹਾਣੀ ਬਿਆਨ ਕਰ ਜਾਂਦੇ ਹਨ ਪਰ ਫੇਰ ਵੀ ਪੁਲਿਸ ਮੁਲਾਜ਼ਮ ਬਣਦੀ ਕਾਰਵਾਈ ਨਹੀਂ ਕਰਦੇ ਹਨ।
ਇੰਝ ਕਿਉਂ?
ਕਿਤੇ ਇਹ ਮਾਮਲਾ ਤਾਂ ਨਹੀਂ ਕਿ “ਸਭ ਕਾ ਸਾਥ, ਅਖੇ, ਸਭ ਕਾ ਵਿਕਾਸ” ਦੇ ਨਾਅਰੇ ਤਹਿਤ ਹਰ ਕਿਸਮ ਦੇ ਜ਼ਾਲਮ, ਠੱਗ, ਲੁਟੇਰੇ, ਵਿੱਤੀ ਅੱਤਵਾਦੀ (Financial Terrorist) ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ?
ਬਕਾਇਆ ਸਵਾਲ ਇਹ ਹੈ ਕਿ ਠੱਗ, ਲੁਟੇਰੇ ਵਿੱਤੀ ਦਹਿਸ਼ਤਗਰਦਾਂ ਉੱਤੇ ਮਿਸਾਲੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਜੇ ਠੱਗਾਂ ਤੇ ਵਿਆਜੜੀਆਂ ਫਾਈਨੈਂਸਰਾਂ ਉੱਤੇ ਸਖ਼ਤੀ ਨਹੀਂ ਕੀਤੀ ਜਾਣੀ ਤਾਂ ਇਹ ਲੁਟੇਰੇ ਡਰਣਗੇ ਕਿਵੇਂ?
ਕੀ, ਗਰੀਬ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ? ਸਭ ਕਾ ਸਾਥ ਸਭ ਕਾ ਵਿਕਾਸ ਦੇ ਜੁਮਲੇ ਵਿਚ ਗਰੀਬ ਜਨਤਾ ਸ਼ਾਮਲ ਏ ਜਾਂ ਨਹੀਂ?
ਯਾਦਵਿੰਦਰ
ਸੰਪਰਕ : ਸਰੂਪ ਨਗਰ, ਰਾਓਵਾਲੀ। ਦੋਆਬਾ।
+916284336773, 9465329617
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly