(ਸਮਾਜ ਵੀਕਲੀ)- ਤਿੰਨ-ਚਾਰ ਮਹੀਨਿਆਂ ਤੋਂ ਸਿਵਲ ਹਸਪਤਾਲ ਲੁਧਿਆਣਾ ਦੇ ਨਜ਼ਦੀਕ ਦਿਨ-ਰਾਤ ਚੱਲਦੀਆ ਸੜਕਾਂ ਕਿਨਾਰੇ ਇੱਕ ਮਜ਼ਬੂਰ, ਲਵਾਰਸ, ਮੰਦ-ਬੁੱਧੀ ਹਾਲਤ ਵਿੱਚ ਇੱਕ ਬੇਨਾਮ ਵਿਅਕਤੀ ਰੁਲ਼ ਰਿਹਾ ਸੀ। ਇਸ ਦੀ ਹਾਲਤ ਇੰਨੀ ਖਰਾਬ ਸੀ ਕਿ ਵਾਲ ਖਿਲਰੇ, ਮੈਲੇ-ਕੁਚੈਲੇ ਪਾਟੇ ਕੱਪੜੇੇ ਅਤੇ ਹੱਥਾਂ ਪੈਰਾਂ ਦੇ ਨਹੁੰ ਬਹੁਤ ਵਧੇ ਹੋਏ ਸਨ। ਉੱਠਣ-ਬੈਠਣ ਤੋਂ ਅਸਮਰੱਥ ਇਹ ਵਿਅਕਤੀ ਮਲ-ਮੂਤਰ ਵੀ ਪਿਆ ਹੀ ਕੱਪੜਿਆਂ ਵਿੱਚ ਕਰਦਾ ਸੀ ਜਿਸ ਕਰਕੇ ਇਸ ਤੋਂ ਬਹੁਤ ਬਦਬੂ ਆ ਰਹੀ ਸੀ। ਬੋਲਣ ਤੋਂ ਵੀ ਅਸਮਰੱਥ ਹੋਣ ਕਰਕੇ ਰੋਟੀ ਆਦਿ ਵੀ ਨਹੀਂ ਮੰਗ ਸਕਦਾ ਸੀ । ਜੇ ਕਰ ਕਿਸੇ ਦੇ ਮਨ ’ਚ ਰਹਿਮ ਆ ਜਾਂਦਾ ਤਾਂ ਖਾਣ ਲਈ ਕੁੱਝ ਦੇ ਜਾਂਦਾ ਨਹੀਂ ਤਾਂ ਭੁੱਖਾ-ਭਾਣਾ ਹੀ ਪਿਆ ਰਹਿੰਦਾ। ਆਸ-ਪਾਸ ਦੇ ਦੁਕਾਨਦਾਰ ਇਸ ਦਾ ਨਾਮ ਬੰਟੀ ਲੈਂਦੇ ਸਨ।
11 ਫਰਵਰੀ ਵਾਲੇ ਦਿਨ ਉਸ ਇਲਾਕੇ ‘ਚ ਰਹਿਣ ਵਾਲੀ ਸੀਮਾ ਰਾਣੀ ਨਾਮ ਦੀ ਲੜਕੀ ਦੀ ਨਜ਼ਰ ਇਸ ਉੱਤੇ ਪਈ। ਉਸ ਦੇ ਮਨ ‘ਚ ਤਰਸ ਆਇਆ । ਉਸ ਨੇ ਹਿੰਮਤ ਕਰਕੇ ਕੁੱਝ ਹੋਰ ਦੁਕਾਨਦਾਰਾਂ, ਰਿਕਸ਼ਾ ਚਾਲਕਾਂ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਇਸ ਦੇ ਵਾਲ ਕੱਟੇ । ਕੁੱਝ ਵਿਅਕਤੀਆਂ ਨੇ ਇਸ ਨੂੰ ਸਿਵਲ ਹਸਪਤਾਲ ਦੇ ਨਜ਼ਦੀਕ ਬਣੇ ਬਾਥਰੂਮ ‘ਚ ਲਿਜਾ ਕੇ ਇਸ਼ਾਨਨ ਆਦਿ ਕਰਵਾਇਆ। ਉਸ ਉਪਰੰਤ ਸੀਮਾ ਰਾਣੀ ਨੇ ਦੋ ਹੋਰ ਵਿਅਕਤੀਆਂ ਲਖਵਿੰਦਰ ਸਿੰਘ ਤੇ ਕੇਸਰ ਸਿੰਘ ਦੀ ਸਹਾਇਤਾ ਨਾਲ ਇਸ ਨੂੰ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ‘ਚ ਪੁਚਾਇਆ ਤਾਂ ਜੋ ਇਸਦੀ ਚੰਗੀ ਦੇਖਭਾਲ ਹੋ ਸਕੇ।
ਆਸ਼ਰਮ ਵਿੱਚ ਆਉਣ ਤੋਂ ਬਾਅਦ ਸੇਵਾਦਾਰਾਂ ਵੱਲੋਂ ਇਸ ਦੀ ਦੇਖ-ਭਾਲ ਕੀਤੀ ਗਈ, ਭੋਜਨ ਛਕਾਇਆ ਗਿਆ ਅਤੇ ਸੌਣ ਲਈ ਬਿਸਤਰਾ ਦਿੱਤਾ ਗਿਆ। ਇਹ ਵਿਅਕਤੀ ਉੱਠ-ਬੈਠ ਨਹੀਂ ਸਕਦਾ। ਇਸ ਦੀ ਪਿੱਠ ਉੱਤੇ ਜ਼ਖਮ ਵੀ ਹਨ। ਆਸ਼ਰਮ ਦੇ ਡਾਕਟਰ ਵੱਲੋਂ ਲੋੜ ਮੁਤਾਬਿਕ ਇਸ ਦੀ ਦਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਆਸ਼ਰਮ ਵਿੱਚ ਹੋ ਰਹੀ ਚੰਗੀ ਦੇਖਭਾਲ ਸਦਕਾ ਇਸ ਦੀ ਹਾਲਤ ‘ਚ ਜਲਦੀ ਹੀ ਸੁਧਾਰ ਹੋ ਜਾਵੇਗਾ।
ਇਸ ਸੰਸਥਾ ਦੇ ਬਾਨੀ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਦੋ ਸੌ (200) ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ ਜਿੰਨ੍ਹਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂੁ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ।