ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਯੂਕਰੇਨ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੇ ਵਿਰੁੱਧ ਸੰਯੁਕਤ ਰਾਸ਼ਟਰ ਆਮ ਸਭਾ ਦਾ ਹੰਗਾਮੀ ਵਿਸ਼ੇਸ਼ ਇਜਲਾਸ ਸੱਦੇ ਜਾਣ ਦੇ ਸੁਰੱਖਿਆ ਕੌਂਸਲ ਵੱਲੋਂ ਰੱਖੇ ਗਏ ਮਤੇ ’ਤੇ ਭਾਰਤ ਨੇ ਕਿਸੇ ਵੀ ਧਿਰ ਦਾ ਪੱਖ ਨਹੀਂ ਲਿਆ ਅਤੇ ਉਸ ਨੇ ਆਪਣੀ ਗ਼ੈਰਹਾਜ਼ਰੀ ਦਰਜ ਕਰਵਾਈ। ਬੀਤੇ ਦੋ ਦਿਨਾਂ ’ਚ ਦੂਜੀ ਵਾਰ ਹੈ ਜਦੋਂ ਭਾਰਤ ਵੋਟਿੰਗ ’ਚੋਂ ਗ਼ੈਹਾਜ਼ਰ ਰਿਹਾ। ਉਂਜ ਭਾਰਤ ਨੇ ਕਿਹਾ ਕਿ ਯੂਕਰੇਨ ਸੰਕਟ ਨਾਲ ਸਿੱਝਣ ਲਈ ਕੂਟਨੀਤੀ ਅਤੇ ਗੱਲਬਾਤ ਦਾ ਰਾਹ ਅਪਣਾਇਆ ਜਾਣਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮਤੇ ’ਚੋਂ ਭਾਰਤ, ਚੀਨ ਅਤੇ ਯੂਏਈ ਗ਼ੈਰਹਾਜ਼ਰ ਰਹੇ ਜਦਕਿ ਰੂਸ ਨੇ ਮਤੇ ਦੇ ਵਿਰੋਧ ’ਚ ਵੋਟ ਪਾਈ।ਸੁਰੱਖਿਆ ਕੌਂਸਲ ਦੇ 11 ਹੋਰ ਮੈਂਬਰਾਂ ਨੇ ਮਤੇ ਦੇ ਪੱਖ ’ਚ ਵੋਟ ਦਿੱਤਾ।
ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਕੌਂਸਲ ਦੇ ਪੰਜ ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਆਪਣੀ ਵੀਟੋ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ ਸਨ। ਇਸ ਤਰ੍ਹਾਂ ਮਤਾ ਪ੍ਰਵਾਨ ਹੋ ਗਿਆ ਜਿਸ ਨਾਲ ਸੰਯੁਕਤ ਰਾਸ਼ਟਰ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਰਾਹ ਪੱਧਰਾ ਹੋ ਗਿਆ ਹੈ। ਮਤੇ ’ਚ ਕਿਹਾ ਗਿਆ ਹੈ ਕਿ ਕੌਂਸਲ ਨੇ ਸ਼ੁੱਕਰਵਾਰ ਨੂੰ ਪਾਏ ਗਏ ਮਤੇ ’ਤੇ ਪੱਕੇ ਮੈਂਬਰਾਂ ’ਚ ਸਰਬਸੰਮਤੀ ਦੀ ਘਾਟ ਨੂੰ ਦੇਖਦਿਆਂ ਯੂਕਰੇਨ ਸੰਕਟ ਦੀ ਪੜਤਾਲ ਲਈ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਪੱਕੇ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਵੋਟਿੰਗ ’ਚੋਂ ਗ਼ੈਰਹਾਜ਼ਰ ਰਹਿਣ ਦਾ ਸਪੱਸ਼ਟੀਕਰਨ ਦਿੰਦਿਆਂ ਕਿਹਾ,‘‘ਇਹ ਅਫ਼ਸੋਸ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਸੁਰੱਖਿਆ ਕੌਂਸਲ ਦੀ ਮੀਟਿੰਗ ਸੱਦੇ ਜਾਣ ਤੋਂ ਬਾਅਦ ਯੂਕਰੇਨ ’ਚ ਹਾਲਾਤ ਹੋਰ ਖ਼ਰਾਬ ਹੋਏ ਹਨ।’’
ਉਨ੍ਹਾਂ ਕਿਹਾ ਕਿ ਕੂਟਨੀਤੀ ਅਤੇ ਗੱਲਬਾਤ ਦਾ ਰਾਹ ਅਪਣਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸੀ ਅਤੇ ਯੂਕਰੇਨੀ ਆਗੂਆਂ ਨਾਲ ਆਪਣੀ ਗੱਲਬਾਤ ’ਚ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਉਨ੍ਹਾਂ ਬੇਲਾਰੂਸ ਸਰਹੱਦ ’ਤੇ ਦੋਵੇਂ ਮੁਲਕਾਂ ਵੱਲੋਂ ਗੱਲਬਾਤ ਦੇ ਐਲਾਨ ਦਾ ਵੀ ਸਵਾਗਤ ਕੀਤਾ। ਤ੍ਰਿਮੂਰਤੀ ਨੇ ਕਿਹਾ ਕਿ ਭਾਰਤ, ਯੂਕਰੇਨ ’ਚ ਫਸੇ ਭਾਰਤੀਆਂ ਦੀ ਸੁਰੱਖਿਆ ਬਾਰੇ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਗੁੰਝਲਦਾਰ ਅਤੇ ਬੇਯਕੀਨੀ ਵਾਲੇ ਮਾਹੌਲ ਕਾਰਨ ਬਚਾਅ ਦੀਆਂ ਸਾਡੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ‘ਅਜਿਹੇ ਹਾਲਾਤ ਨੂੰ ਦੇਖਦਿਆਂ ਅਸੀਂ ਵੋਟਿੰਗ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ।’ ਪਿਛਲੇ 40 ਸਾਲਾਂ ’ਚ ਇਹ ਪਹਿਲੀ ਵਾਰ ਹੈ ਕਿ ਸੰਯੁਕਤ ਰਾਸ਼ਟਰ ਆਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾ ਰਿਹਾ ਹੈ। ਇਹ 1950 ਤੋਂ ਬਾਅਦ 11ਵਾਂ ਅਜਿਹਾ ਹੰਗਾਮੀ ਇਜਲਾਸ ਹੋਵੇਗਾ। ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫ਼ੀਰ ਲਿੰਡਾ ਥੌਮਸ ਗ੍ਰੀਨਫੀਲਡ ਨੇ ਕਿਹਾ ਕਿ ਸੁਰੱਖਿਆ ਕੌਂਸਲ ਨੇ ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਅਹਿਮ ਕਦਮ ਉਠਾਇਆ ਹੈ।
ਯੂਕਰੇਨ ਦੇ ਸਫ਼ੀਰ ਸਰਗੇਈ ਕਿਸਲਿਤਸੀਆ ਨੇ ਕਿਹਾ ਕਿ ਜਿਹੜੇ ਮੈਂਬਰ ਮਤੇ ਦੀ ਹਮਾਇਤ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਕਰੇਨ ਦੇ ਜ਼ਿਆਦਾਤਰ ਸ਼ਹਿਰਾਂ ’ਚ ਹਵਾਈ ਹਮਲਿਆਂ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਜੰਗ ਦੀਆਂ ਤਸਵੀਰਾਂ ਅਤੇ ਫੁਟੇਜ ਦੇਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਪਰਮਾਣੂ ਹਮਲੇ ਦੀ ਧਮਕੀ ਨਾਲ ਬਲੈਕਮੇਲ ਕੀਤਾ ਜਾ ਰਿਹਾ ਹੈ ਅਤੇ ਇਸ ਧਮਕੀ ਨੂੰ ਪੂਰੀ ਦੁਨੀਆ ਗੰਭੀਰਤਾ ਨਾਲ ਲਵੇ। ਰੂਸੀ ਸਫ਼ੀਰ ਵੈਸਿਲੀ ਨੇਬੇਂਜ਼ੀਆ ਨੇ ਸੁਰੱਖਿਆ ਕੌਂਸਲ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਸਹਾਇਤਾ ਦੇਣੀ ਬੰਦ ਕਰਨ ਅਤੇ ਰੂਸੀ ਫੈਡਰੇਸ਼ਨ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰਿਆ ਜਾ ਰਿਹਾ ਕੂੜ ਪ੍ਰਚਾਰ ਬੰਦ ਕਰਨ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਸ਼ਹਿਰਾਂ, ਹਸਪਤਾਲਾਂ ਅਤੇ ਸਕੂਲਾਂ ’ਚ ਅੰਨ੍ਹੇਵਾਹ ਗੋਲਾਬਾਰੀ ਬਾਰੇ ਝੂਠ ਫੈਲਾਇਆ ਜਾ ਰਿਹਾ ਹੈ ਅਤੇ ਰੂਸੀ ਫ਼ੌਜ ਕਿਸੇ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly