ਕੇਂਦਰ ਨੂੰ ਝੋਨੇ ਦੀ ਖਰੀਦ ਲਈ ਅਲਟੀਮੇਟਮ

ਨਵੀਂ ਦਿੱਲੀ (ਸਮਾੲਜ ਵੀਕਲੀ):  ਕੇਂਦਰ ਸਰਕਾਰ ਦੀ ਝੋਨਾ ਖ਼ਰੀਦ ਨੀਤੀ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਕਰਦਿਆਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸੂਬੇ ’ਚੋਂ ਝੋਨਾ ਖ਼ਰੀਦਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੂੰ ਜਵਾਬ ਦੇਣ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਰਾਓ ਨੇ ਧਮਕੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਜਵਾਬ ਨਾ ਦਿੱਤਾ ਤਾਂ ਉਹ ਦੇਸ਼ ਭਰ ’ਚ ਪ੍ਰਦਰਸ਼ਨ ਕਰਨਗੇ। ਸੂਬੇ ਦੀ ਸੱਤਾ ’ਤੇ 2014 ’ਚ ਕਾਬਜ਼ ਹੋਣ ਮਗਰੋਂ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦਾ ਦਿੱਲੀ ’ਚ ਇਹ ਪਹਿਲਾ ਧਰਨਾ ਹੈ। ਇਥੇ ਤਿਲੰਗਾਨਾ ਭਵਨ ’ਚ ਦਿੱਤੇ ਗਏ ਧਰਨੇ ’ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਪੁੱਤਰ ਕੇ ਟੀ ਰਾਮਾ ਰਾਓ, ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਕੈਬਨਿਟ ਮੰਤਰੀ ਵੀ ਹਾਜ਼ਰ ਸਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀ ਤਿਲੰਗਾਨਾ ਦੇ ਮੁੱਖ ਮੰਤਰੀ ਨਾਲ ਇਕਜੁੱਟਤਾ ਦਿਖਾਉਂਦਿਆਂ ਉਨ੍ਹਾਂ ਨਾਲ ਧਰਨਾ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਿਆਂ ਰਾਓ ਨੇ ਕਿਹਾ,‘‘ਕਿਸਾਨਾਂ ਦੀਆਂ ਭਾਵਨਾਵਾਂ ਨਾ ਖੇਡੋ, ਉਨ੍ਹਾਂ ਕੋਲ ਸਰਕਾਰ ਡੇਗਣ ਦੀ ਤਾਕਤ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸਾਨ ਮੁਸ਼ਕਲ ’ਚ ਪਏ ਹਨ ਤਾਂ ਸਾਰੀਆਂ ਸਰਕਾਰਾਂ ਡਿੱਗੀਆਂ ਹਨ। ਮੈਂ ਹੱਥ ਜੋੜ ਕੇ ਮੋਦੀ ਜੀ ਅਤੇ (ਪਿਯੂਸ਼) ਗੋਇਲ ਜੀ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੋਰ ਸੂਬਿਆਂ ਵਾਂਗ ਤਿਲੰਗਾਨਾ ਤੋਂ ਵੀ ਝੋਨਾ ਖ਼ਰੀਦਣਾ ਸ਼ੁਰੂ ਕਰੋ। ਅਸੀਂ 24 ਘੰਟੇ ਤੱਕ ਤੁਹਾਡੇ ਜਵਾਬ ਦੀ ਉਡੀਕ ਕਰਾਂਗੇ। ਇਸ ਮਗਰੋਂ ਅਸੀਂ ਫ਼ੈਸਲਾ ਲਵਾਂਗੇ।’’ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਜਵਾਬ ਨਹੀਂ ਦਿੰਦਾ ਹੈ ਤਾਂ ਦੇਸ਼ ਭਰ ’ਚ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ।

ਰਾਓ ਨੇ ਕਿਹਾ,‘‘ਦੇਸ਼ ਦੇ ਕਿਸਾਨ ਭਿਖਾਰੀ ਨਹੀਂ ਹਨ ਅਤੇ ਉਹ ਆਪਣੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਮੰਗ ਰਹੇ ਹਨ। ਤਿਲੰਗਾਨਾ ਦੇ ਕਿਸਾਨਾਂ ਦਾ ਝੋਨਾ ਮੌਜੂਦਾ ਹਾੜੀ ਦੇ ਸੀਜ਼ਨ ’ਚ ਨਾ ਖ਼ਰੀਦ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਜਾ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਹਾੜੀ ਦੇ ਸੀਜ਼ਨ ’ਚ ਕਰੀਬ 15 ਲੱਖ ਟਨ ਸੇਲਾ ਚੌਲ ਸੂਬੇ ’ਚੋਂ ਨਹੀਂ ਖ਼ਰੀਦਿਆ ਗਿਆ ਹੈ। ਰਾਓ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਸਹੀ ਵਤੀਰਾ ਨਹੀਂ ਅਪਣਾਇਆ ਗਿਆ ਅਤੇ ਜਦੋਂ ਉਨ੍ਹਾਂ ਕੇਂਦਰੀ ਖੁਰਾਕ ਮੰਤਰੀ ਪਿਯੂਸ਼ ਗੋਇਲ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਨੂੰ ਘੰਟਿਆਂ ਤੱਕ ਉਡੀਕ ਕਰਨ ਲਈ ਕਿਹਾ ਗਿਆ।

ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਦੀ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਹਵਾਲੇ ਕਰਨ ਦੀ ਨੀਤੀ ਹੈ ਅਤੇ ਮੰਗ ਕੀਤੀ ਕਿ ਕੇਂਦਰ ਨਵੀਂ ਸੰਗਠਤ ਖੇਤੀਬਾੜੀ ਨੀਤੀ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਕੇਂਦਰ ਸਰਕਾਰ ‘ਸਾਜ਼ਿਸ਼’ ਦੀ ਸਰਕਾਰ ਚਲਾ ਰਹੀ ਹੈ ਨਾ ਕਿ ਇਹ ਲੋਕਾਂ ਦੀ ਸਰਕਾਰ ਹੈ। ‘ਜਿਹੜੇ ਉਸ ਖ਼ਿਲਾਫ਼ ਬੋਲਦੇ ਹਨ, ਉਨ੍ਹਾਂ ਨੂੰ ਸੀਬੀਆਈ ਵਰਗੀਆਂ ਏਜੰਸੀਆਂ ਦੇ ਨੋਟਿਸ ਭੇਜੇ ਜਾਂਦੇ ਹਨ।’ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ 13 ਮਹੀਨਿਆਂ ਤੱਕ ਅੰਦੋਲਨ ਦੀ ਸਫ਼ਲਤਾ ਲਈ ਟਿਕੈਤ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਭਰ ’ਚ ਚਲਾਏ ਜਾਣ ਵਾਲੇ ‘ਮਹਾਸੰਗਰਾਮ’ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੂੰ ਆਪਣੀ ਹਮਾਇਤ ਵੀ ਦਿੱਤੀ।

ਉਨ੍ਹਾਂ ਕਿਹਾ,‘‘ਸਾਡਾ ਪ੍ਰਧਾਨ ਮੰਤਰੀ ਮੁਆਫ਼ੀ ਮੰਗਣ ’ਚ ਮਾਸਟਰ ਹੈ। ਜਦੋਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਮੁਆਫ਼ੀ ਮੰਗ ਲੈਂਦਾ ਹੈ। ਹੁਣੇ ਜਿਹੇ ਉਸ ਨੇ ਮੁਆਫ਼ੀ ਮੰਗੀ ਸੀ ਅਤੇ ਹੁਣ ਉਹ ਮੁੜ ਮੁਆਫ਼ੀ ਮੰਗ ਸਕਦਾ ਹੈ।’’ ਰਾਓ ਨੇ ਕਿਹਾ ਕਿ ਇਸ ਵਾਰ ਉਹ ਝੋਨੇ ਦੇ ਮੁੱਦੇ ’ਤੇ ਦਿੱਲੀ ਆਏ ਹਨ ਪਰ ਅਗਲਾ ਦੌਰਾ ਸਿਆਸੀ ਹੋਵੇਗਾ ਜਿਸ ਦੌਰਾਨ ਉਹ ਰਾਸ਼ਟਰਪਤੀ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਕੇਂਦਰੀ ਨੀਤੀਆਂ ਦਾ ਪਰਦਾਫਾਸ਼ ਕਰਨਗੇ। ਧਰਨੇ ਦੌਰਾਨ ਰਾਓ ਨੂੰ ਹਮਾਇਤ ਦਿੰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦਾ ਢੁੱਕਵਾਂ ਮੁੱਲ ਮਿਲਣਾ ਚਾਹੀਦਾ ਹੈ ਅਤੇ ਭਾਰਤੀ ਕਿਸਾਨ ਯੂਨੀਅਨ ਉਸ ਦੀ ਹਮਾਇਤ ਕਰੇਗੀ ਜੋ ਕਿਸਾਨਾਂ ਦੇ ਹੱਕਾਂ ਲਈ ਲੜੇਗਾ। ਉਨ੍ਹਾਂ ਰਾਓ ਨੂੰ ਕਿਹਾ ਕਿ ਉਹ ਵਿਰੋਧੀ ਧਿਰਾਂ ਦਾ ਮਹਾਗੱਠਜੋੜ ਬਣਾਉਣ ਤਾਂ ਜੋ ਕਿਸਾਨਾਂ ਦੇ ਮੁੱਦੇ ’ਤੇ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਸਕੇ। ਟਿਕੈਤ ਨੇ ਕਿਹਾ ਕਿ ਕੇਂਦਰ ਨੇ ਅਜੇ ਤੱਕ ਐੱਮਐੱਸਪੀ ਬਾਰੇ ਕਮੇਟੀ ਨਹੀਂ ਬਣਾਈ ਹੈ ਜਦਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਨਵੰਬਰ ’ਚ ਖੇਤੀ ਕਾਨੂੰਨ ਵਾਪਸ ਲੈਣ ਸਮੇਂ ਇਸ ਦਾ ਵਾਅਦਾ ਕੀਤਾ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIPL 2022: Williamson’s measured fifty seals 8-wicket win for Hyderabad over Gujarat
Next articleMonte Carlo Masters: Bublik spoils Wawrinka’s return to the circuit