ਫੋੜੇ ਦਾ ਦਰਦ

ਰਮੇਸ਼ ਸੇਠੀ ਬਾਦਲ
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ)  “ਮੇਰੀ ਕਹਾਣੀ ਵੀ ਕੁਝ ਅਜੀਬ ਜਿਹੀ ਹੈ।” ਕੱਲ੍ਹ ਜਦੋਂ ਮੈਂ ਇੱਕ ਨਾਮੀ ਸਾਹਿਤਕਾਰ ਨਾਲ ਦਸੰਬਰ ਦੀ ਨਿੱਘੀ ਜਿਹੀ ਧੁੱਪ ਦਾ ਆਨੰਦ ਲੈਂਦਾ ਹੋਇਆ ਕਿਸੇ ਸਾਹਿਤਿਕ ਵਿਸ਼ੇ ਤੇ  ਚਰਚਾ ਕਰ ਰਿਹਾ ਸੀ ਤਾਂ ਸਾਡੀ ਚਰਚਾ ਸੁਣ ਰਹੇ ਕੋਈਂ ਪੰਤਾਲੀ ਕੁ ਸਾਲ ਦੇ ਵਰਦੀਧਾਰੀ ਰੰਗਰੂਟ ਨੇ ਸਾਨੂੰ ਕਿਹਾ। ਉਂਸ ਦੇ ਬੋਲਣ ਦੇ ਅੰਦਾਜ਼ ਤੋਂ ਸਾਨੂੰ ਲੱਗਿਆ ਕਿ ਉਹ ਜਵਾਨ ਆਪਣੇ ਅੰਦਰ ਕੋਈਂ ਦਰਦ ਸਮੇਟੇ ਬੈਠਾ ਹੈ। ਉਸ ਦਰਦ ਨੂੰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਅਸੀਂ ਆਪਣੀ ਸਾਹਿਤਿਕ ਚਰਚਾ ਬੰਦ ਕਰਕੇ  ਉਸ ਵੱਲ ਆਪਣਾ ਧਿਆਨ ਮੋੜ ਲਿਆ। ਉਸ ਵਰਦੀਧਾਰੀ ਰੰਗਰੂਟ ਨੇ ਦੱਸਿਆ ਕਿ ਉਸਦੀ ਕਦੇ ਵੀ ਆਪਣੇ ਬਾਪ ਨਾਲ ਕੋਈਂ ਗੱਲਬਾਤ ਨਹੀਂ ਹੋਈ। ਉਹ ਕਦੇ ਆਪਣੇ ਬਾਪ ਦੇ ਨੇੜੇ ਵੀ ਨਹੀਂ ਗਿਆ।  ਭਾਵੇਂ ਉਸਦਾ ਬਾਪ ਸਰਕਾਰੀ ਮੁਲਾਜਿਮ ਸੀ ਪਰ ਤਾਉਮਰ ਉਸਦੀ ਆਪਣੇ ਬਾਪ ਨਾਲ ਕਦੇ ਦੂਆ ਸਲਾਮ ਵੀ ਨਹੀਂ ਹੋਈ ਕੁਝ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਨੂੰ ਉਸ ਦੀ ਵਾਰਤਾ   ਦਿਲਚਸਪ ਲੱਗੀ ਅਤੇ ਸਾਡੀ  ਉਸ ਬਾਰੇ ਜਾਨਣ ਦੀ ਰੁਚੀ ਹੋਰ ਵਧ ਗਈ।
“ਮੇਰੇ ਬਾਪ ਨੇ ਮੇਰੀ ਮਾਂ ਦਾ ਕਤਲ ਕਰ ਦਿੱਤਾ ਸੀ ਮੇਰੇ ਜਨਮ ਤੋਂ ਮਹਿਜ਼ ਇੱਕ ਮਹੀਨੇ ਬਾਅਦ।” ਮੇਰੇ ਪੁੱਛਣ ਤੇ ਉਸਨੇ ਦੱਸਿਆ। ਹੁਣ ਅਸੀਂ ਇਸ ਤੋਂ ਅੱਗੇ ਜਾਨਣ ਦੇ ਉਕਸੁਕ ਸੀ।  ਹੋਰ ਜਾਨਣ ਦੀ ਜਗਿਆਸਾ ਕਰਕੇ ਮੈਂ ਉਸਨੂੰ ਆਪਣੇ ਨਾਲ ਹੀ ਪਾਰਕ ਦੇ ਬੈਂਚ ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਬੜੇ ਅਰਾਮ ਨਾਲ ਮੇਰੇ ਨਾਲ ਬੈਠ ਗਿਆ।
“ਕਤਲ ਤੋਂ ਬਾਅਦ ਉਹ ਮੇਰੀ ਮਾਸੀ ਨੂੰ ਭਜਾਕੇ ਲ਼ੈ ਗਿਆ ਤੇ ਉਸ ਨਾਲ ਹੀ ਉਸਨੇ ਵਿਆਹ ਕਰਵਾ ਲਿਆ। ਇਹ ਸਭ ਉਸਨੇ ਕਿਸੇ ਪਲਾਨਿੰਗ ਤਹਿਤ ਕੀਤਾ।” ਉਸਨੇ ਬਿਨਾਂ ਕਿਸੇ ਝਿਜਕ ਦੇ ਦੱਸਿਆ।  ਉਸਦੀ ਕਹਾਣੀ ਹੋਰ ਵੀ ਖਿੱਚ ਪੈਦਾ ਕਰ ਰਹੀ ਸੀ। ਇਹ ਸ਼ਾਇਦ ਉਸਦਾ ਦਰਦ ਸੀ ਜੋ ਹੋਲੀ ਹੋਲੀ ਬਾਹਰ ਆ ਰਿਹਾ ਸੀ।
“ਮੇਰਾ ਪਾਲਣ ਪੋਸ਼ਣ ਮੇਰੀ ਦਾਦੀ ਨੇ ਹੀ ਕੀਤਾ। ਉਸਨੇ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਪੜ੍ਹਾਇਆ ਲਿਖਾਇਆ।” ਹੋਲੀ ਹੋਲੀ ਬੋਲਦਾ ਉਹ ਆਪਣੇ ਬਾਰੇ ਦੱਸ ਰਿਹਾ ਸੀ।
“ਜਦੋਂ ਮੈਂ ਬਾਰਾਂ ਕੁ ਸਾਲ ਦਾ ਸੀ ਤਾਂ ਮੇਰੀ ਦਾਦੀ ਵੀ ਰੁਖਸਤ ਹੋ ਗਈ। ਅਸੀਂ ਦੋਨੇ ਭੈਣ ਭਰਾ ਇਕੱਲੇ ਰਹਿ ਗਏ। ਅਸੀਂ ਹਿੰਮਤ ਨਹੀਂ ਹਾਰੀ। ਮੈਂ ਦਿਹਾੜੀਆਂ ਕਰਦਾ ਹੋਇਆ ਵੀ ਪੜ੍ਹਦਾ ਰਿਹਾ। ਭੈਣ ਨੂੰ ਪੜ੍ਹਾਉਂਦਾ ਰਿਹਾ। ਰੱਬ ਨੇ ਸਾਡੀ ਬਾਂਹ ਫੜੀ। ਅੱਜ ਭੈਣ ਸਰਕਾਰੀ ਸਕੂਲ ਵਿੱਚ ਮੁੱਖ ਅਧਿਆਪਕ ਹੈ। ਹੋਲੀ ਹੋਲੀ ਮੈਂ ਵੀ ਭਰਤੀ ਹੋ ਗਿਆ। ਰੋਜ਼ੀ ਰੋਟੀ ਕਮਾਉਣ ਲੱਗ ਪਿਆ।” ਉਸਨੇ ਆਪਣੀ ਲੰਬੀ ਵਾਰਤਾ ਨੂੰ ਛੋਟਾ ਕਰਦੇ ਹੋਏ ਦੱਸਿਆ। ਅਸੀਂ ਉਸਦੇ ਚੇਹਰੇ ਦੀ ਗੰਭੀਰਤਾ ਅਤੇ ਅੰਦਰਲੇ ਸਕੂਨ ਨੂੰ ਸਪਸ਼ਟ ਦੇਖ ਰਹੇ ਸੀ।  ਅਜੇ ਵੀ ਉਸ ਅੰਦਰ ਕਹਿਣ ਨੂੰ ਬਹੁਤ ਕੁਝ ਸੀ। ਸ਼ਾਇਦ ਉਹ ਆਪਣੀ ਪੂਰੀ ਗੱਲ ਸੁਣਾਉਣੀ ਚਾਹੁੰਦਾ ਸੀ। ਪਤਾ ਨਹੀਂ ਉਹ ਕਿੰਨੀ ਦੇਰ ਤੋਂ ਇਹ ਗੁਬਾਰ ਲੈਕੇ ਘੁੰਮ ਰਿਹਾ ਸੀ। ਇਸੇ ਦੌਰਾਨ ਉਸਨੇ ਦੱਸਿਆ ਕਿ ਉਸਨੇ ਜਾਤਪਾਤ ਤੋਂ ਉਪਰ ਉੱਠਕੇ ਅੰਤਰਜਾਤੀ ਸ਼ਾਦੀ ਕਰਵਾਈ। ਹੁਣ ਉਸਦੇ ਇੱਕ ਮੁੰਡਾ ਤੇ ਇੱਕ ਕੁੜੀ ਹੈ। ਉਹ ਆਪਣੀ ਉਸ ਮਾਸੀ ਦੀ ਔਲਾਦ ਨਾਲ ਨਹੀਂ ਵਰਤਦਾ। ਇਮਾਨਦਾਰੀ ਨਾਲ ਨੌਕਰੀ ਕਰਦਾ ਹੋਇਆ ਵਧੀਆ ਜੀਵਨ ਬਤੀਤ ਕਰ ਰਿਹਾ ਹੈ।  ਇਸੇ ਦੌਰਾਨ ਹੀ ਉਸਨੂੰ ਆਪਣੇ ਹੱਕ ਦੀ ਇੱਕ ਲੜ੍ਹਾਈ ਹੋਰ ਲੜ੍ਹਨੀ ਪਈ।
“ਮੇਰੇ ਬਾਪ ਨੇ ਮੇਰੇ ਦਾਦੇ ਦੇ ਨਾਮ ਆਉਂਦੀ ਜਾਇਦਾਦ ਨੂੰ ਆਪਣੇ ਨਾਮ ਕਰਵਾਕੇ ਮੇਰੀ ਮਾਸੀ ਦੇ ਨਾਮ ਕਰਵਾ ਦਿੱਤੀ।” ਉਹ ਆਪਣੀ ਅਗਲੀ ਜੰਗ ਬਾਰੇ ਦੱਸ ਰਿਹਾ ਸੀ। ਹੁਣ ਦੇਸ਼ ਅਤੇ ਸਮਾਜ ਦੀ ਰੱਖਿਆ ਕਰਨ ਵਾਲਾ ਨੌਜਵਾਨ ਆਪਣੇ ਤੇ ਹੋਈ ਬੇਇਨਸਾਫ਼ੀ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ। ਨਿਆਂ ਪਾਲਿਕਾਂ ਦਾ ਸਹਾਰਾ ਲੈਂਦੇ ਹੋਏ ਉਸ ਨੇ ਆਪਣੇ ਦਾਦੇ ਦੀ ਵਿਰਾਸਤ ਨੂੰ ਸਭ ਵਿੱਚ ਬਰਾਬਰ ਵੰਡਣ ਦਾ ਫੈਸਲਾ ਕਰਵਾਇਆ।
ਦਾਦੇ ਦੀ ਜਾਇਦਾਦ ਤੋਂ ਮੇਰੀਆਂ ਭੂਆਂ ਅਤੇ ਬਾਕੀਆਂ ਨੂੰ ਵੀ ਹਿੱਸਾ ਮਿਲਿਆ।
ਆਪਣੇ ਜੀਵਨ ਦੀ ਗਾਥਾ ਸੁਣਾਕੇ ਉਹ ਰੰਗਰੂਟ ਆਪਣੇ ਆਪ ਨੂੰ ਫ਼ੁੱਲ ਵਰਗਾ ਹੋਲਾ ਮਹਿਸੂਸ ਕਰ ਰਿਹਾ ਸੀ।
ਮੈਨੂੰ ਲੱਗਿਆ ਕਿ ਇਹ ਜਵਾਨ ਮੁਆਦ ਨਾਲ ਭਰਿਆ ਇੱਕ ਫੋੜਾ ਚੁੱਕੀ ਫਿਰਦਾ ਸੀ ਜੋ ਇਸ ਨੂੰ ਹਰ ਪਲ ਦਰਦ ਦਿੰਦਾ ਸੀ। ਅੱਜ ਉਸ ਦਾ ਉਹ ਫੋੜਾ ਫਿੱਸ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਬਰੀਂ ਉੱਗੇ ਘਾਹ
Next articleਸ਼ੇਅਰੋ – ਸ਼ਾਇਰੀ