ਲਵੀਵ (ਸਮਾਜ ਵੀਕਲੀ): ਯੂਰੋਪ ਦੇ ਲੋਕ ਅੱਜ ਉਸ ਸਮੇਂ ਵਾਲ ਵਾਲ ਬਚ ਗੲੇ ਜਦੋਂ ਯੂਕਰੇਨ ’ਚ ਯੂਰੋਪ ਦੇ ਸਭ ਤੋਂ ਵੱਡੇ ਜ਼ਾਪੋਰੀਜ਼ਾਜ਼ੀਆ ਪਰਮਾਣੂ ਪਲਾਂਟ ’ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ। ਹਮਲੇ ਦੌਰਾਨ ਤਿੰਨ ਯੂਕਰੇਨੀ ਸੈਨਿਕ ਹਲਾਕ ਹੋ ਗਏ। ਹਮਲੇ ਮਗਰੋਂ ਪਰਮਾਣੂ ਪਲਾਂਟ ’ਚ ਅੱਗ ਲੱਗ ਗਈ ਅਤੇ ਉਥੋਂ ਰੇਡੀੲੇਸ਼ਨ ਦੇ ਰਿਸਾਅ ਦਾ ਖ਼ਤਰਾ ਬਣ ਗਿਆ ਸੀ ਪਰ ਬਾਅਦ ’ਚ ਯੂਕਰੇਨੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅੱਗ ਪਲਾਂਟ ਦੇ ਟਰੇਨਿੰਗ ਸੈਂਟਰ ’ਚ ਲੱਗੀ ਸੀ। ਉਧਰ ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਹੈ ਕਿ ਪਲਾਂਟ ਆਮ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭੰਨ-ਤੋੜ ਕਰਨ ਵਾਲੇ ਯੂਕਰੇਨੀ ਲੋਕਾਂ ਨੇ ਪਲਾਂਟ ’ਤੇ ਭਿਆਨਕ ਹਮਲਾ ਕੀਤਾ ਸੀ ਪਰ ਰੂਸੀ ਫ਼ੌਜਾਂ ਨੇ ਇਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜੇਕਰ ਪਰਮਾਣੂ ਰੇਡੀੲੇਸ਼ਨ ਦਾ ਰਿਸਾਅ ਹੋ ਜਾਂਦਾ ਤਾਂ ਪੂਰੇ ਯੂਰੋਪ ’ਤੇ ਇਸ ਦਾ ਖ਼ਤਰਨਾਕ ਅਸਰ ਹੋਣਾ ਸੀ।
ਇਸ ਦੌਰਾਨ ਕੌਮਾਂਤਰੀ ਐਟਮ ਐਨਰਜੀ ਏਜੰਸੀ ਦੇ ਮੁਖੀ ਰਾਫੇਲ ਗਰੋਸੀ ਨੇ ਕਿਹਾ ਕਿ ਪਲਾਂਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਸਿਰਫ਼ ਇਕ ਰਿਐਕਟਰ ਕਰੀਬ 60 ਫ਼ੀਸਦ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਉਂਜ ਉਨ੍ਹਾਂ ਹਾਲਾਤ ਤਣਾਅ ਵਾਲੇ ਬਣੇ ਹੋਣ ਦਾ ਦਾਅਵਾ ਕੀਤਾ ਹੈ। ਪਰਮਾਣੂ ਪਲਾਂਟ ਦੇ ਨਸ਼ਰ ਹੋ ਰਹੇ ਵੀਡੀਓ ’ਚ ਇਕ ਇਮਾਰਤ ’ਚ ਅੱਗ ਅਤੇ ਗੋਲੇ ਆਉਂਦੇ ਦੇਖੇ ਜਾ ਸਕਦੇ ਹਨ। ਮਗਰੋਂ ਧਮਾਕਿਆਂ ਦੀ ਆਵਾਜ਼ ਨਾਲ ਅਸਮਾਨ ’ਚ ਵੱਡਾ ਅੱਗ ਦਾ ਗੁਬਾਰ ਦਿਖਾਈ ਦਿੰਦਾ ਹੈ। ਇਸ ਪਲਾਂਟ ਤੋਂ ਯੂਕਰੇਨ ਨਾਲੋਂ ਪੰਜ ਗੁਣਾ ਤੋਂ ਜ਼ਿਆਦਾ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜੰਗ ਦੇ ਅੱਠ ਦਿਨਾਂ ਮਗਰੋਂ ਇਹ ਸਭ ਤੋਂ ਵੱਡਾ ਘਟਨਾਕ੍ਰਮ ਹੈ ਕਿਉਂਕਿ ਰੂਸੀ ਫ਼ੌਜ ਨੂੰ ਵੱਡੇ ਸ਼ਹਿਰਾਂ ’ਚ ਯੂਕਰੇਨ ਦੇ ਨਾਗਰਿਕ ਅਤੇ ਫ਼ੌਜ ਟੱਕਰ ਦੇ ਰਹੇ ਹਨ। ਅਮਰੀਕੀ ਊਰਜਾ ਸਕੱਤਰ ਜੈਨੀਫਰ ਗਰੈਨਹੋਲਮ ਅਤੇ ਹੋਰ ਪੱਛਮੀ ਅਧਿਕਾਰੀਆਂ ਨੇ ਕਿਹਾ ਕਿ ਰੇਡੀਏਸ਼ਨ ਦੇ ਰਿਸਾਅ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਆਪਣੇ ਵੀਡੀਓ ਸੁਨੇਹੇ ’ਚ ਕਿਹਾ,‘‘ਯੂਰੋਪੀਅਨਜ਼, ਕ੍ਰਿਪਾ ਕਰਕੇ ਜਾਗੋ। ਆਪਣੇ ਸਿਆਸਤਦਾਨਾਂ ਨੂੰ ਦੱਸੋ ਕਿ ਰੂਸੀ ਫ਼ੌਜ ਯੂਕਰੇਨ ’ਚ ਪਰਮਾਣੂ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾ ਰਹੀ ਹੈ।’’ ਉਨ੍ਹਾਂ ਬਾਅਦ ’ਚ ਰੂਸੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਵਿਰੋਧ ਕਰਨ। ਇਸ ਤੋਂ ਪਹਿਲਾਂ ਰੂਸ ਵੱਲੋਂ ਕੀਵ ਦੇ ਉੱਤਰ ’ਚ ਪੈਂਦੇ ਚਰਨੋਬਲ ਪਲਾਂਟ ’ਤੇ ਕਬਜ਼ਾ ਕਰ ਲਿਆ ਸੀ। ਉਧਰ ਓਖਤਿਰਕਾ ’ਚ ਹਵਾਈ ਹਮਲੇ ਦੌਰਾਨ ਬਿਜਲੀ ਘਰ ਤਬਾਹ ਹੋ ਗਿਆ ਜਿਸ ਕਾਰਨ ਪੂਰੇ ਸ਼ਹਿਰ ’ਚ ਬਿਜਲੀ ਠੱਪ ਹੋ ਗਈ। ਇਸ ਦੌਰਾਨ ਮਾਈਕੋਲਾਈਵ ਸ਼ਹਿਰ ਦੇ ਮੇਅਰ ਵਿਤਾਲੀ ਕਿਮ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਰੂਸੀ ਫ਼ੌਜ ਨੂੰ ਸ਼ਹਿਰ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਗਿਆ ਹੈ। ਖਾਰਕੀਵ ’ਚ ਰੂਸੀ ਫ਼ੌਜ ਵੱਲੋਂ ਜ਼ੋਰਦਾਰ ਬੰਬਾਰੀ ਕੀਤੀ ਜਾ ਰਹੀ ਹੈ। ਮਾਰੀਓਪੋਲ ਨੂੰ ਰੂਸੀ ਫ਼ੌਜ ਨੇ ਘੇਰਾ ਪਾਇਆ ਹੋਇਆ ਹੈ। ਰੂਸ ਵੱਲੋਂ ਚਰਨੀਹੀਵ ਸ਼ਹਿਰ ਦੇ ਰਿਹਾਇਸ਼ੀ ਇਲਾਕੇ ’ਤੇ ਕੀਤੇ ਗਏ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 47 ਹੋ ਗਈ ਹੈ। ਇਸ ਤੋਂ ਪਹਿਲਾਂ 33 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸੀ। ਭਾਰੀ ਗੋਲਾਬਾਰੀ ਕਾਰਨ ਬਚਾਅ ਕਾਰਜ ਵੀ ਮੁਲਤਵੀ ਕਰ ਦਿੱਤੇ ਗਏ ਹਨ।
ਸ਼ੁੱਕਰਵਾਰ ਨੂੰ ਰੂਸੀ ਅਧਿਕਾਰੀਆਂ ਨੇ ਬੀਬੀਸੀ, ਵੁਆਇਸ ਆਫ਼ ਅਮਰੀਕਾ ਅਤੇ ਡਿਊਸ਼ ਵੈਲੇ ਸਮੇਤ ਹੋਰ ਵਿਦੇਸ਼ੀ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਨੇ ਅੱਜ ਬਿੱਲ ਲਿਆਂਦਾ ਜਿਸ ’ਚ ਫ਼ੌਜ ਬਾਰੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਲੋਕਾਂ ਲਈ ਜੇਲ੍ਹ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਗੌਰਡਨ ਬ੍ਰਾਊਨ ਨੇ ਪੂਤਿਨ ਅਤੇ ਉਸ ਦੇ ਭਾਈਵਾਲਾਂ ’ਤੇ ਮੁਕੱਦਮਾ ਚਲਾਉਣ ਲਈ ਵਿਸ਼ੇਸ਼ ਫ਼ੌਜਦਾਰੀ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਇਸ ਮੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਅਜਿਹੇ ਦੁਸ਼ਮਣ ਨਾਲ ਲੜ ਰਹੇ ਹਨ ਜੋ ਬਹੁਤ ਤਾਕਤਵਰ ਹੈ ਪਰ ਕੌਮਾਂਤਰੀ ਕਾਨੂੰਨ ਯੂਕਰੇਨ ਦੇ ਨਾਲ ਹਨ। ਜਾਪਾਨ ਨੇ ਯੂਕਰੇਨ ਦੀ ਹਮਾਇਤ ’ਚ ਆਉਂਦਿਆਂ ਉਸ ਨੂੰ ਬੁਲੇਟ ਪਰੂਫ ਜੈਕੇਟਾਂ, ਹੈਲਮਟ, ਰੱਖਿਆ ਵਾਲਾ ਹੋਰ ਸਾਜ਼ੋ-ਸਾਮਾਨ, ਭੋਜਨ, ਕੱਪੜੇ ਅਤੇ ਦਵਾਈਆਂ ਸਮੇਤ ਹੋਰ ਸਾਮਾਨ ਭੇਜਿਆ ਜਾ ਰਿਹਾ ਹੈ। ਯੂਨੀਸੈਫ ਮੁਤਾਬਕ ਰੂਸੀ ਹਮਲੇ ਮਗਰੋਂ ਰੂਸ ਤੋਂ 5 ਲੱਖ ਬੱਚਿਆਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਹੈ। ਯੂਨੀਸੈਫ ਦੇ ਤਰਜਮਾਨ ਜੇਮਸ ਐਲਡਰ ਨੇ ਕਿਹਾ ਕਿ ਜੇਕਰ ਜੰਗ ਨਾ ਰੁਕੀ ਤਾਂ ਵੱਡੀ ਗਿਣਤੀ ’ਚ ਹੋਰ ਬੱਚਿਆਂ ਨੂੰ ਆਪਣਾ ਮੁਲਕ ਛੱਡ ਕੇ ਜਾਣਾ ਪਵੇਗਾ। ਉਧਰ ਕੌਮਾਂਤਰੀ ਮਾਈਗਰੇਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਹੁਣ ਤੱਕ 12 ਲੱਖ ਲੋਕ ਯੂਕਰੇਨ ’ਚੋਂ ਹਿਜਰਤ ਕਰ ਚੁੱਕੇ ਹਨ। -ਏਪੀ
ਬੇਲਾਰੂਸ ਵੱਲੋਂ ਯੂਕਰੇਨ ’ਤੇ ਹਮਲੇ ਤੋਂ ਇਨਕਾਰ
ਬੇਲਾਰੂਸ ਦੇ ਆਗੂ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਫ਼ੌਜ ਯੂਕਰੇਨ ’ਤੇ ਹਮਲੇ ’ਚ ਕੋਈ ਹਿੱਸਾ ਨਹੀਂ ਲੈ ਰਹੀ ਹੈ ਅਤੇ ਨਾ ਹੀ ਉਹ ਹਮਲੇ ’ਚ ਰੂਸ ਦਾ ਸਾਥ ਦੇਣਗੇ। ਇਸ ਦੌਰਾਨ ਲੁਕਾਸ਼ੈਂਕੋ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਬੇਲਾਰੂਸ ’ਤੇ ਦੋਸ਼ ਲੱਗ ਰਿਹਾ ਹੈ ਕਿ ਉਸ ਨੇ ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਆਪਣੇ ਧਰਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਬੇਲਾਰੂਸ ਨੇ ਆਪਣੀ ਹਵਾਈ ਸੈਨਾ ਦੀ ਤਾਕਤ ਵਧਾ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly