ਯੂਕਰੇਨ ਸੰਕਟ: 31 ਉਡਾਣਾਂ ਰਾਹੀਂ ਵਾਪਸ ਲਿਆਂਦੇ ਜਾਣਗੇ 6300 ਤੋਂ ਵੱਧ ਭਾਰਤੀ

ਨਵੀਂ ਦਿੱਲੀ (ਸਮਾਜ ਵੀਕਲੀ):  ਪੂਰਬੀ ਯੂਰੋਪੀ ਮੁਲਕ ਵਿੱਚ ਫਸੇ 6300 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਉਂਦੇ ਦਿਨਾਂ ਵਿੱਚ ਯੂਕਰੇਨ ਨਾਲ ਲੱਗਦੇ ਗੁਆਂਢੀ ਮੁਲਕਾਂ ਵਿੱਚ 31 ਉਡਾਣਾਂ ਭੇਜੀਆਂ ਜਾਣਗੀਆਂ। ਸਰਕਾਰ ਵਿਚਲੇ ਸੂਤਰਾਂ ਨੇ ਕਿਹਾ ਕਿ ‘ਅਪਰੇਸ਼ਨ ਗੰਗਾ’ ਤਹਿਤ ਇਹ ਉਡਾਣਾਂ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਇੰਡੀਗੋ, ਸਪਾਈਸਜੈੱਟ ਤੇ ਭਾਰਤੀ ਹਵਾਈ ਸੈਨਾ ਵੱਲੋਂ ਚਲਾਈਆਂ ਜਾਣਗੀਆਂ। ਸੂਤਰਾਂ ਨੇ ਕਿਹਾ ਕਿ ਅੱਜ 2 ਮਾਰਚ ਤੋਂ ਰੋਮਾਨੀਆ ਦੀ ਰਾਜਧਨੀ ਬੁਖਾਰੈਸਟ ਤੋਂ 21 ਜਦੋਂਕਿ ਹੰਗਰੀ ਵਿੱਚ ਬੁਡਾਪੈਸਟ ਤੋਂ 4 ਉਡਾਣਾਂ ਚੱਲਣਗੀਆਂ। ਇਸੇ ਤਰ੍ਹਾਂ ਪੋਲੈਂਡ ਦੇ ਰੇਜ਼ਜ਼ੋ ਤੋਂ 4 ਅਤੇ ਇਕ ਉਡਾਣ ਸਲੋਵਾਕੀਆ ਦੇ ਕੋਸਾਈਸ ਸ਼ਹਿਰ ਤੋਂ ਚੱਲੇਗੀ। ਭਾਰਤੀ ਹਵਾਈ ਸੈਨਾ ਬੁਖਾਰੈਸਟ ਤੋਂ ਭਾਰਤੀਆਂ ਨੂੰ ਲਿਆਵੇਗੀ। ਕੁੱਲ ਮਿਲਾ ਕੇ ਸਰਕਾਰ ਨੇ 2 ਮਾਰਚ ਤੋਂ 8 ਮਾਰਚ ਤੱਕ 31 ਉਡਾਣਾਂ ਲਈ ਯੋਜਨਾਬੰਦੀ ਕੀਤੀ ਹੈ, ਜਿਸ ਰਾਹੀਂ 6300 ਤੋਂ ਵੱਧ ਭਾਰਤੀਆਂ ਦੀ ਵਾਪਸੀ ਹੋਵੇਗੀ।

ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਤੇ ਸਪਾਈਸਜੈੱਟ ਜਹਾਜ਼ਾਂ ਦੀ ਸੀਟਿੰਗ ਸਮਰੱਥਾ 180 ਵਿਅਕਤੀਆਂ ਦੀ ਹੈ ਜਦੋਂਕਿ ਏਅਰ ਇੰਡੀਆ ਤੇ ਇੰਡੀਗੋ ਕ੍ਰਮਵਾਰ 250 ਤੇ 216 ਮੁੁਸਾਫ਼ਰਾਂ ਨਾਲ ਉਡਾਣ ਭਰ ਸਕਦੇ ਹਨ। ਸੂਤਰਾਂ ਮੁਤਾਬਕ 26 ਫਰਵਰੀ ਤੋਂ ਹੁਣ ਤੱਕ 9 ਉਡਾਣਾਂ ਰਾਹੀਂ ਯੂਕਰੇਨ ’ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ ਜਦੋਂਕਿ 5 ਤੋਂ 6 ਉਡਾਣਾਂ ਅਮਲ ਵਿੱਚ ਹਨ। ਉਧਰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ‘ਅਪਰੇਸ਼ਨ ਗੰਗਾ’ ਤਹਿਤ ਛੇ ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ। ਉਨ੍ਹਾਂ ਇਕ ਟਵੀਟ ਵਿੱਚ ਕਿਹਾ ਕਿ ਪੋਲੈਂਡ ਤੋਂ ਪਹਿਲੀ ਉਡਾਣ 1377 ਭਾਰਤੀਆਂ ਨੂੰ ਲੈ ਕੇ ਰਵਾਨਾ ਹੋਈ ਹੈ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਲੰਘੇ ਦਿਨ ਕਿਹਾ ਸੀ ਕਿ 2000 ਦੇ ਕਰੀਬ ਭਾਰਤੀ ਆਪਣੇ ਦੇਸ਼ ਪਰਤ ਆਏ ਹਨ ਜਦੋਂਕਿ 4000-5000 ਨੂੰ ਉਡਾਣਾਂ ਰਾਹੀਂ ਲਿਆਉਣ ਦੀ ਤਿਆਰੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਵਿਦਿਆਰਥੀਆਂ ਉਤੇ ਕੀਤੀ ਟਿੱਪਣੀ ਲਈ ਕੇਂਦਰੀ ਮੰਤਰੀ ਦੀ ਨਿਖੇਧੀ
Next articleਯੂਪੀ ’ਚ ਕਿਸਾਨ ਨਾਰਾਜ਼, ਭਾਜਪਾ ਦਾ ਜਿੱਤਣਾ ਮੁਸ਼ਕਲ ਹੋਵੇਗਾ: ਤੋਗੜੀਆ