ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਈਸਟ ਯਾਰਕਸ਼ਾਇਰ ਖੇਤਰ ਦੇ ਪ੍ਰਸਿੱਧ ਸਮੁੰਦਰੀ ਤਟ ਵਿਥਰਨਸੀ ’ਤੇ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ, ਜਦੋਂ ਸਮੁੰਦਰ ਵਿੱਚ ਫਸੇ ਤਿੰਨ ਵਿਅਕਤੀਆਂ ਨੂੰ ਬਚਾਉਣ ਲਈ ਚਲਾਈ ਗਈ ਵੱਡੀ ਖੋਜ ਮੁਹਿੰਮ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਗਈ, ਜਦਕਿ ਤੀਜਾ ਵਿਅਕਤੀ ਅਜੇ ਤੱਕ ਲਾਪਤਾ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੁਤਾਬਕ ਸਮੁੰਦਰ ਵਿੱਚ ਕੁਝ ਲੋਕਾਂ ਦੇ ਮੁਸੀਬਤ ਵਿੱਚ ਫਸਣ ਦੀ ਸੂਚਨਾ ਮਿਲਣ ਉਪਰੰਤ ਤੁਰੰਤ ਹੀ ਕੋਸਟਗਾਰਡ, ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾਵਾਂ ਵੱਲੋਂ ਸਾਂਝੀ ਰੈਸਕਿਊ ਕਾਰਵਾਈ ਸ਼ੁਰੂ ਕੀਤੀ ਗਈ। ਭਾਰੀ ਠੰਢ, ਤੇਜ਼ ਹਵਾਵਾਂ ਅਤੇ ਉੱਚੀਆਂ ਲਹਿਰਾਂ ਦੇ ਬਾਵਜੂਦ ਬਚਾਵ ਟੀਮਾਂ ਵੱਲੋਂ ਕਈ ਘੰਟਿਆਂ ਤੱਕ ਸਮੁੰਦਰ ਅਤੇ ਤਟਵਰਤੀ ਖੇਤਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਰੈਸਕਿਊ ਟੀਮਾਂ ਵੱਲੋਂ ਦੋ ਵਿਅਕਤੀਆਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਤੀਜੇ ਵਿਅਕਤੀ ਦੀ ਭਾਲ ਲਈ ਸਮੁੰਦਰੀ ਕਿਸ਼ਤੀਆਂ, ਹਵਾਈ ਸਹਾਇਤਾ ਅਤੇ ਤਟ ’ਤੇ ਪੈਦਲ ਟੀਮਾਂ ਵੱਲੋਂ ਲਗਾਤਾਰ ਤਲਾਸ਼ ਜਾਰੀ ਰੱਖੀ ਗਈ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਵਿਥਰਨਸੀ ਸਮੁੰਦਰੀ ਤਟ ਦੇ ਆਲੇ-ਦੁਆਲੇ ਇਲਾਕੇ ਨੂੰ ਘੇਰਾਬੰਦੀ ਹੇਠ ਲਿਆ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਸੈਲਾਨੀ ਇਕੱਠੇ ਹੋ ਗਏ। ਹਾਦਸੇ ਦੀ ਭਿਆਨਕਤਾ ਨੂੰ ਦੇਖਦਿਆਂ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਕਾਫੀ ਸਮੇਂ ਤੱਕ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣਿਆ ਰਿਹਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਸਮ ਖਰਾਬ ਹੋਣ ਦੀ ਸਥਿਤੀ ਵਿੱਚ ਸਮੁੰਦਰ ਦੇ ਨੇੜੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਕਿਹਾ ਗਿਆ ਹੈ ਕਿ ਤੀਜੇ ਲਾਪਤਾ ਵਿਅਕਤੀ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਮਿਲੇਗੀ, ਉਹ ਸਾਂਝੀ ਕੀਤੀ ਜਾਵੇਗੀ। ਇਸ ਹਾਦਸੇ ਨੇ ਇਕ ਵਾਰ ਫਿਰ ਸਮੁੰਦਰੀ ਤਟਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



