
(ਸਮਾਜ ਵੀਕਲੀ) ਰਿਸ਼ਤਿਆਂ ਦੀ ਬੁਨਿਆਦ ਹਮੇਸ਼ਾ ਮੋਹ, ਮਹੁੱਬਤ ਅਤੇ ਸਨੇਹ ਨਾਲ ਹੀ ਜੁੜੀ ਹੁੰਦੀ ਹੈ। ਜਿਸ ‘ਚ ਪਿਆਰ ਬਿਨਾਂ ਕਿਸੇ ਸ਼ਰਤ ਦੇ ਹੁੰਦਾ ਹੈ, ਜੋ ਸਾਨੂੰ ਸਿੱਖਾਉਂਦਾ ਹੈ ਕਿ ਕਿਵੇਂ ਰਿਸ਼ਤਿਆਂ ਨੂੰ ਸਨਮਾਨ ਅਤੇ ਸਮਰਪਣ ਨਾਲ ਨਿਭਾਇਆ ਜਾਵੇ। ਇਹੀ ਅਸਲ ਪਿਆਰ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਾਡੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਅਤੇ ਸਾਂਝਾਂ ਪੈਦਾ ਕਰਦਾ ਹੈ। ਇਸੇ ਤਰ੍ਹਾਂ ਬਚਪਨ ਦੀਆਂ ਮਿੱਠੀਆਂ ਯਾਦਾਂ ਸਾਡੇ ਲਈ ਪਿਆਰ ਅਤੇ ਰਿਸ਼ਤਿਆਂ ਦੀ ਨੀਹ ਵਜੋਂ ਵੀ ਕੰਮ ਕਰਦੀਆਂ ਹਨ। ਇਨ੍ਹਾਂ ਸਾਂਝਾਂ ਵਿੱਚ ਸਭ ਤੋਂ ਖਾਸ ਅਤੇ ਅਨਮੋਲ ਹੈ ਭੈਣਾਂ ਦਾ ਰਿਸ਼ਤਾ, ਇਹ ਰਿਸ਼ਤਾ ਪਿਆਰ, ਭਰੋਸੇ, ਮਮਤਾ ਅਤੇ ਸਨਮਾਨ ਦੇ ਧਾਗਿਆਂ ਨਾਲ ਜੁੜਿਆ ਹੁੰਦਾ ਹੈ। ਭੈਣਾਂ ਦਾ ਰਿਸ਼ਤਾ ਸਿਰਫ਼ ਖੂਨ ਦਾ ਨਹੀਂ ਹੁੰਦਾ, ਇਹ ਸਾਂਝ ਦੇ ਪ੍ਰਤੀਕ ਵਜੋਂ ਸਾਡੇ ਸਭਿਆਚਾਰ ‘ਚ ਵੀ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਭੈਣਾਂ ਵਿੱਚ ਇੱਕ ਅਜਿਹਾ ਬੰਧਨ ਹੁੰਦਾ ਹੈ ਜੋ ਉਨ੍ਹਾਂ ਨੂੰ ਹਰ ਪਲ ਦੇ ਸਾਥੀ ਬਣਾਉਂਦਾ ਹੈ, ਚਾਹੇ ਬਚਪਨ ਦੀਆਂ ਖੇਡਾਂ ਦੇ ਸਿਹਜ ਮੌਕੇ ਹੋਣ ਜਾਂ ਜ਼ਿੰਦਗੀ ਦੇ ਸੰਘਰਸ਼। ਬਚਪਨ ਵਿੱਚ ਕੀਤੀਆਂ ਛੋਟੀਆਂ-ਮੋਟੀਆਂ ਲੜਾਈਆਂ, ਰੁੱਸਣ-ਮਨਾਉਣ ਦੇ ਮੌਕੇ, ਅਤੇ ਬੁਢਾਪੇ ਦੇ ਸੁੱਖ-ਦੁੱਖ ਸਾਂਝੇ ਕਰਕੇ ਹੀ ਇਹ ਰਿਸ਼ਤਾ ਹੋਰ ਵੀ ਖੂਬਸੂਰਤ ਬਣ ਜਾਂਦਾ ਹੈ। ਇਹ ਰਿਸ਼ਤਾ ਕਈ ਵਾਰ ਭੈਣਾਂ ਦੇ ਇਕ ਦੂਜੇ ਲਈ ਰੋਲ ਮਾਡਲ ਬਣਨ ਨਾਲ ਹੋਰ ਗੂੜ੍ਹਾ ਹੁੰਦਾ ਹੈ। ਵੱਡੀਆਂ ਭੈਣਾਂ ਛੋਟੀਆਂ ਲਈ ਸਿੱਖਿਆਦਾਇਕ ਹੁੰਦੀਆਂ ਹਨ। ਉਹਨਾਂ ਦੀਆਂ ਚੰਗੀਆਂ ਆਦਤਾਂ, ਸੰਸਕਾਰ ਅਤੇ ਜ਼ਿੰਦਗੀ ਦੇ ਅਨੁਭਵ ਛੋਟੀਆਂ ਭੈਣਾਂ ਲਈ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਇਸੇ ਤਰ੍ਹਾਂ ਛੋਟੀ ਭੈਣ ਵੱਡੀ ਦੀ ਇੱਜ਼ਤ ਕਰਦੀ ਹੈ, ਉਸ ਤੋਂ ਸਿੱਖਦੀ ਹੈ ਅਤੇ ਮਮਤਾ ਭਰਿਆ ਪਿਆਰ ਪ੍ਰਾਪਤ ਕਰਦੀ ਹੈ। ਇਸ ਰਿਸ਼ਤੇ ਵਿੱਚ ਮਹਤਵ ਅਤੇ ਰਿਸ਼ਤੇ ਦੀ ਸੰਭਾਲ ਦਾ ਪ੍ਰਗਟਾਵਾ ਹੁੰਦਾ ਹੈ, ਜੋ ਇਸਨੂੰ ਹੋਰ ਵਿਸ਼ੇਸ਼ ਬਣਾਉਂਦਾ ਹੈ। ਇਹ ਰਿਸ਼ਤਾ ਵਿਆਹ ਤੋਂ ਬਾਅਦ ਵੀ ਕਈ ਵਾਰ ਦਰਾਣੀ-ਜਠਾਣੀ ਦੇ ਰੂਪ ਵਿੱਚ ਵੀ ਫਬਦਾ ਹੈ, ਜਿਸ ਵਿੱਚ ਪਿਆਰ ਅਤੇ ਭਰੋਸਾ ਇਕੋ ਜਿਹਾ ਹੁੰਦਾ ਹੈ। ਭੈਣਾਂ ਦੇ ਇਹ ਮਿੱਠੇ ਬੰਧਨ ਸਿਰਫ਼ ਇਕ ਉਮਰ ਤੱਕ ਹੀ ਨਹੀਂ ਰਹਿੰਦੇ, ਸਗੋਂ ਬਚਪਨ ਤੋਂ ਬੁਢਾਪੇ ਤੱਕ ਸਦਾ ਕਾਇਮ ਰਹਿੰਦੇ ਹਨ। ਇਨ੍ਹਾਂ ਰਿਸ਼ਤਿਆਂ ਦੀ ਮਹਿਕ ਪੇਕੇ ਤੇ ਸਹੁਰੇ ਘਰ ਦੋਵੇਂ ਥਾਂ ਇੱਕੋ ਤਰ੍ਹਾਂ ਫੈਲਦੀ ਹੈ, ਜੋ ਵਿਆਹ-ਸ਼ਾਦੀ ਜਾਂ ਖ਼ੁਸ਼ੀ ਦੇ ਮੌਕਿਆਂ ਨੂੰ ਹੋਰ ਵੀ ਰੌਸ਼ਨ ਕਰ ਦਿੰਦੀ ਹੈ। ਭੈਣਾਂ ਦੇ ਰਿਸ਼ਤੇ ਤੋਂ ਸਾਡੇ ਜੀਵਨ ਨੂੰ ਕਈ ਮਹੱਤਵਪੂਰਨ ਸਿੱਖਿਆਵਾਂ ਮਿਲਦੀਆਂ ਹਨ। ਇਹ ਸਾਡੇ ਲਈ ਮਾਰਗਦਰਸ਼ਨ ਬਣਦੀਆਂ ਹਨ ਅਤੇ ਸਾਨੂੰ ਦਸਦੀਆਂ ਹਨ ਕਿ ਰਿਸ਼ਤਿਆਂ ਨੂੰ ਮੋਹ ਤੇ ਸਨੇਹ ਨਾਲ ਕਿਵੇਂ ਨਿਭਾਇਆ ਜਾ ਸਕਦਾ ਹੈ। ਇਹੀ ਪਿਆਰ ਅਤੇ ਸਮਰਪਣ ਮਾਸੀ ਦੇ ਰਿਸ਼ਤੇ ਦੀ ਨੀਂਹ ਵੀ ਰੱਖਦਾ ਹੈ, ਜੋ ਇਹਨਾਂ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਅਤੇ ਮਾਣਯੋਗ ਬਣਾ ਦਿੰਦਾ ਹੈ। ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਰਾਸ਼ਟਰੀ ਸਿਸਟਰਜ਼ ਡੇ ਵੀ ਮਨਾਇਆ ਜਾਂਦਾ ਹੈ ਜੋ ਸਾਨੂੰ ਇਹ ਦਸਦਾ ਹੈ ਕਿ ਭੈਣਾਂ ਦਾ ਰਿਸ਼ਤਾ ਸਿਰਫ਼ ਰਿਸ਼ਤਾ ਹੀ ਨਹੀਂ, ਸਗੋਂ ਸਾਡੇ ਜੀਵਨ ਦਾ ਅਹਿਮ ਹਿੱਸਾ ਵੀ ਹੈ, ਜੋ ਸਾਨੂੰ ਸੱਚੇ ਪਿਆਰ, ਸਹਿਯੋਗ ਅਤੇ ਸੰਘਰਸ਼ ਦੇ ਮਹੱਤਵ ਬਾਰੇ ਸਿੱਖਾਉਂਦਾ ਹੈ।
ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ



