ਚੰਡੀਗੜ੍ਹ (ਸਮਾਜ ਵੀਕਲੀ): 15ਵੀਂ ਪੰਜਾਬ ਵਿਧਾਨ ਸਭਾ ਦਾ 16ਵਾਂ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ| ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸੈਸ਼ਨ ਹੋਵੇਗਾ | ਵਿਰੋਧੀ ਧਿਰਾਂ ਤਰਫ਼ੋਂ ਇਜਲਾਸ ਛੋਟਾ ਹੋਣ ’ਤੇ ਸੁਆਲ ਖੜ੍ਹੇ ਕੀਤੇ ਗਏ ਸਨ ਜਿਸ ਕਰਕੇ ਹੁਣ ਇਹ ਵਿਸ਼ੇਸ਼ ਇਜਲਾਸ ਦੋ ਦਿਨ ਚੱਲੇਗਾ| ਮੰਤਰੀ ਮੰਡਲ ਨੇ ਅੱਜ ਵਿਸ਼ੇਸ਼ ਇਜਲਾਸ ਇਕ ਦਿਨ ਹੋਰ ਵਧਾ ਕੇ 11 ਨਵੰਬਰ (ਵੀਰਵਾਰ) ਨੂੰ ਵੀ ਕਰਵਾਉਣ ਦਾ ਫੈਸਲਾ ਕੀਤਾ ਹੈ| ਇਹ ਇਜਲਾਸ 8 ਨਵੰਬਰ (ਸੋਮਵਾਰ) ਨੂੰ ਸ਼ੁਰੂ ਹੋਵੇਗਾ ਅਤੇ 11 ਨਵੰਬਰ ਨੂੰ ਸਮਾਪਤ ਹੋਵੇਗਾ|
ਭਲਕੇ ਸੋਮਵਾਰ ਨੂੰ ਵਿਧਾਨ ਸਭਾ ਦੇ ਇਜਲਾਸ ’ਚ ਕੇਵਲ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ | 9 ਅਤੇ 10 ਨਵੰਬਰ ਦੀ ਛੁੱਟੀ ਹੋਵੇਗੀ ਜਦੋਂ ਕਿ 11 ਨਵੰਬਰ ਨੂੰ ਇਜਲਾਸ ਵਿਚ ਕੇਂਦਰ ਸਰਕਾਰ ਵੱਲੋਂ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਿਚ ਕੀਤੇ ਵਾਧੇ ਦਾ ਵਿਰੋਧ ਕੀਤਾ ਜਾਵੇਗਾ ਅਤੇ ਵਿਧਾਨਕ ਕੰਮਕਾਜ ਹੋਵੇਗਾ| ਕੇਂਦਰੀ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਮਤੇ ਪੇਸ਼ ਹੋਣ ਦੀ ਸੰਭਾਵਨਾ ਹੈ| ਅਗਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਅਹਿਮ ਬਿੱਲ ਇਸ ਸੈਸ਼ਨ ਵਿਚ ਆਉਣੇ ਹਨ|
ਵਾਈਟ ਪੇਪਰ ਪੇਸ਼ ਹੋਣ ਦੀ ਸੰਭਾਵਨਾ
ਵਿਸ਼ੇਸ਼ ਇਜਲਾਸ ‘ਚ ਬਿਜਲੀ ਸਮਝੌਤੇ ਰੱਦ ਕਰਨ ਅਤੇ ਮਹਿੰਗੀ ਬਿਜਲੀ ਬਾਰੇ ਵਾਈਟ ਪੇਪਰ ਆਉਣ ਦੀ ਸੰਭਾਵਨਾ ਹੈ| ਪੰਜਾਬ ਸਰਕਾਰ ਵੱਲੋਂ ਇਸ ਬਾਰੇ ਤਿਆਰੀ ਖਿੱਚੀ ਹੋਈ ਹੈ| ਵਾਈਟ ਪੇਪਰ ‘ਤੇ ਵਿਸ਼ੇਸ਼ ਨਜ਼ਰ ਰਹੇਗੀ ਕਿਉਂਕਿ ਵਿਰੋਧੀ ਧਿਰਾਂ ਨੂੰ ਖਦਸ਼ਾ ਹੈ ਕਿ ਵਾਈਟ ਪੇਪਰ ਸਿਰਫ਼ ਅੱਖਾਂ ਪੂੰਝਣ ਵਾਲੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਬਿਜਲੀ ਸਮਝੌਤਿਆਂ ਵਿਚ ਸਿਆਸੀ ਲੋਕਾਂ ਦੇ ਨਾਲ ਅਫ਼ਸਰਸ਼ਾਹੀ ਦੀ ਘੇਰਾਬੰਦੀ ਵੀ ਹੋ ਜਾਣੀ ਹੈ | ਇਸੇ ਦੌਰਾਨ ਕੇਂਦਰੀ ਬਿਜਲੀ ਟਿ੍ਬਿਊਨਲ ਨੇ ਕਈ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ‘ਤੇ ਰੋਕ ਵੀ ਲਾ ਦਿੱਤੀ ਹੈ ਜੋ ਪੰਜਾਬ ਸਰਕਾਰ ਲਈ ਵੱਡਾ ਝਟਕਾ ਵੀ ਹੈ|
ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਗ਼ੈਰਹਾਜ਼ਰ ਰਹਿਣ ਦੀ ਸੰਭਾਵਨਾ
ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੈਰਹਾਜ਼ਰ ਰਹਿਣ ਦੀ ਸੰਭਾਵਨਾ ਹੈ ਅਤੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਬਾਰੇ ਵੀ ਪੁਸ਼ਟੀ ਨਹੀਂ ਹੋਈ ਹੈ| ਇਸ ਆਖਰੀ ਸੈਸ਼ਨ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ‘ਆਪ’ ਦੇ ਵਿਧਾਇਕ ਬਲਦੇਵ ਸਿੰਘ ਜੈਤੋ ਵੀ ਨਹੀਂ ਦਿੱਖਣਗੇ ਕਿਉਂਕਿ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਹੋ ਚੁੱਕਾ ਹੈ ਜਦੋਂ ਕਿ ਬਲਦੇਵ ਸਿੰਘ ਜੈਤੋ ਨੂੰ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly