ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਹਨ ਕੁਲਦੀਪ ਸਿੰਘ ਲੰਗੇਆਣਾ
ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ। ਚੋਣ ਪ੍ਰਚਾਰ ਆਪਣੇ ਮੁਕਾਮ ‘ਤੇ ਹੈ। ਮਿਤੀ 14 ਦਸੰਬਰ 2025 ਦਿਨ ਐਤਵਾਰ ਨੂੰ ਵੋਟਿੰਗ ਹੋਵੇਗੀ ਅਤੇ ਮਿਤੀ 17 ਦਸੰਬਰ ਦਿਨ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਹੋਣ ਬਾਰੇ ਐਲਾਨ ਕੀਤਾ ਗਿਆ ਹੈ। ਨਾਲ ਲੱਗਵਾਂ ਇਹ ਐਲਾਨ ਵੀ ਹੋਇਆ ਹੈ ਕਿ ਉਕਤ ਚੋਣਾਂ ਦੌਰਾਨ ਈਵੀਐਮ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਬਾਕਸ ਰਾਹੀਂ ਵੋਟਾਂ ਕਰਵਾਈਆਂ ਜਾਣਗੀਆਂ। ਸਰਪੰਚੀ ਵਾਲੀਆਂ ਵੋਟਾਂ ਦੀ ਤਰ੍ਹਾਂ ਪਿੰਡ ਭਲੂਰ ਫ਼ਿਰ ਡਟਿਆ ਖੜ੍ਹਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਜੱਫੀਆਂ ਪੈ ਰਹੀਆਂ ਹਨ। ਚਾਰ ਚੁਫੇਰੇ ਮਾਤਾ ਜੀ.. ਮਾਤਾ ਜੀ.. ਬਾਪੂ ਜੀ… ਬਾਪੂ ਜੀ… ਚਾਚਾ ਜੀ.. ਚਾਚਾ ਜੀ .. ਹੋ ਰਹੀ ਹੈ । ਹਰ ਗਲ਼ੀ ਮੁਹੱਲੇ ‘ਚੋਂ ਮਿੱਠੀਆਂ ਮਿੱਠੀਆਂ ਗੱਲਾਂ ਦੀ ਮਹਿਕ ਆ ਰਹੀ ਹੈ। ਬਜ਼ੁਰਗਾਂ ਦੇ ਪੈਰੀਂ ਹੱਥ ਲੱਗ ਰਹੇ ਹਨ। ਕਿਸੇ ਗੱਲੋਂ ਵਿਟਰੇ ਆਂਢੀਆਂ ਗੁਆਂਢੀਆਂ ਨੂੰ ਵਰਾਇਆ ਪ੍ਰਚਾਇਆ ਜਾ ਰਿਹਾ ਹੈ। ਧੱਕੇ ਨਾਲ ਹੀ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਕੱਢੀਆਂ ਜਾ ਰਹੀਆਂ। ਲਿਹਾਜਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿੰਡ ਭਲੂਰ ਤੋਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਕ੍ਰਮਵਾਰ ਨੱਥਾ ਸਿੰਘ ਭਲੂਰ, ਕੁਲਦੀਪ ਸਿੰਘ ਲੰਗੇਆਣਾ , ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਕ੍ਰਮਵਾਰ ਜ਼ੈਲਦਾਰ ਕੁਲਵੀਰ ਸਿੰਘ ਭਲਵਾਨ, ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕ੍ਰਮਵਾਰ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ੇਰ ਸਿੰਘ ਬਰਾੜ ਤੇ ਕਸ਼ਮੀਰ ਸਿੰਘ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਬਲਾਕ ਸੰਮਤੀ ਲਈ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਕੰਡਾ ਚੋਣ ਲੜ੍ਹ ਰਹੇ ਹਨ । ਉਕਤ ਛੇ ਉਮੀਦਵਾਰ ਪਿੰਡ ਭਲੂਰ ਦੀ ਮਿੱਟੀ ਦੇ ਜੰਮੇ ਪਲੇ ਹਨ। ਇਹਨਾਂ ਵਿਚਲੇ ਚਾਰ ਬਲਾਕ ਸੰਮਤੀ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਉਨ੍ਹਾਂ ਦੇ ਹਮਾਇਤੀ ਪੱਬਾਂ ਭਾਰ ਹੋਏ ਫਿਰਦੇ ਹਨ। ਆਏ ਦਿਨ ਆਉਂਦੀਆਂ ਵੋਟਾਂ ਨੂੰ ਲੈ ਕੇ ਬਹੁਤੇ ਲੋਕ ਪ੍ਰੇਸ਼ਾਨ ਵੀ ਹਨ। ਜ਼ਿਆਦਾਤਰ ਬੀਬੀਆਂ ਇਸ ਗੱਲ ਨੂੰ ਲੈ ਕੇ ਲੀਡਰਾਂ ਨੂੰ ਠੰਡੀਆਂ ਤੱਤੀਆਂ ਗਾਲ੍ਹਾਂ ਵੀ ਕੱਢ ਮਾਰਦੀਆਂ ਹਨ। ਕਿਉਂਕਿ ਕੁਝ ਭੌਂਦੂ ਸਿਆਸੀ ਨਸ਼ੇ ਦੀ ਲੋਰ ਵਿੱਚ ਸਾਰਾ ਸਾਰਾ ਦਿਨ ਘਰ ਹੀ ਨਹੀਂ ਵੜ੍ਹਦੇ। ਇੱਥੇ ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਜ਼ੈਲਦਾਰ ਕੁਲਵੀਰ ਸਿੰਘ ਭਲਵਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਉਮੀਦਵਾਰ ਸ਼ੇਰ ਸਿੰਘ ਬਰਾੜ, ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਨੱਥਾ ਸਿੰਘ ਅਤੇ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਕੰਡਾ ਸਮੇਤ ਸਭ ਵੱਲੋਂ ਚੋਣ ਪ੍ਰਚਾਰ ਲਈ ਘਰ ਘਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਵੋਟਰ ਹਾਲੇ ਦਿਲ ਦੀ ਘੁੰਡੀ ਖੋਲ੍ਹ ਨਹੀਂ ਰਿਹਾ। ਉਹ ਘਰ ਆਏ ਹਰੇਕ ਉਮੀਦਵਾਰ ਨੂੰ ਵੋਟ ਪਾ ਰਿਹਾ ਹੈ। ਇਹ ਤਾਂ ਹੁਣ 14 ਤੇ 17 ਦਸੰਬਰ ਹੀ ਦੱਸੇਗਾ ਕਿ ਕੀਹਦਾ ਟਾਪੂ ਲੱਗਦਾ ਤੇ ਕੀਹਦੇ ਸਿਰ ਜਿੱਤ ਦਾ ਤਾਜ ਸਜਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



