ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਬਲਜੀਤ ਸੋਨੂੰ ਜੋਹਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਜੀਤ ਸਿੰਘ ਢਿੱਲੋਂ, ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਰਜਿੰਦਰ ਰੰਧਾਵਾ, ਮੀਤ ਪ੍ਰਧਾਨ ਰਾਮ ਲੁਭਾਇਆ ਜਲੰਧਰ, ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਲਖਬੀਰ ਚੱਕ ਸਿਕੰਦਰ, ਕਪੂਰਥਲਾ ਜ਼ਿਲ੍ਹੇ ਦੇ ਸੀਨੀਅਰ ਆਗੂ ਲਹਿੰਬਰ ਸਿੰਘ ਤੂਰ ਸੁਲਤਾਨਪੁਰ ਲੋਧੀ, ਕਸ਼ਮੀਰੀ ਲਾਲ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਵਿੰਦਰ ਕੁਮਾਰ ਸਲੋਹ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕੁਲਦੀਪ ਸਿੰਘ, ਹੁਸ਼ਿਆਰਪੁਰ ਜ਼ਿਲ੍ਹੇ ਦੀ ਪ੍ਰਧਾਨ ਗੁਰਜੀਤ ਕੌਰ ਅਤੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਦਵਿੰਦਰ ਕੌਰ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਕਿ ਚੋਣਾਂ ਦੌਰਾਨ ਢਾਈ ਸਾਲ ਬੀਤਣ ਦੇ ਬਾਵਜੂਦ ਵੀ ਵਿੱਤੀ ਸਹਾਇਤਾ ਪੈਨਸ਼ਨ ਦੀ ਦਿੱਤੀ ਹੋਈ 2500/ ਰੁਪਏ ਮਹੀਨਾ ਗਰੰਟੀ ਲਈ ਖ਼ਜ਼ਾਨੇ ਤੇ ਬੋਝ ਅਤੇ ਵਿੱਤੀ ਸਹਾਇਤਾ ਪ੍ਰਾਪਤ ਦਿਵਿਆਂਗ ਵਿਅਕਤੀਆਂ ਦੇ ਆਂਕੜਿਆਂ ਸਬੰਧੀ, ਸਬ ਕਮੇਟੀ ਨਾਲ਼ ਹੋਈਆਂ ਮੀਟਿੰਗਾਂ ਦੀ ਕਾਰਵਾਈ ਰਿਪੋਰਟ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਜਦਕਿ ਪੰਜਾਬ ਦੇ ਮੌਜੂਦਾ ਵਿਧਾਇਕਾਂ ਦੀਆਂ ਤਨਖ਼ਾਹਾਂ ਤੇ ਭੱਤੇ, ਮਹਿੰਗਾਈ ਦੇ ਹਿਸਾਬ ਨਾਲ ਵਧਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਐੱਮ ਐੱਲ ਏ ਸਾਹਿਬਾਨਾਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਦੀ ਪ੍ਰਧਾਨਗੀ ਹੇਠ ਮਤਾ ਪਾਸ ਕਰਨ ਦੀ ਤਜਵੀਜ਼ ਦੀ ਅਲੋਚਨਾਂ ਕਰਦਿਆਂ ਵਿਸ਼ੇਸ਼ ਲੋੜਾਂ ਵਾਲੇ 1500/ ਰੁਪਏ ਮਹੀਨਾ ਪੈਨਸ਼ਨ ਲੈਣ ਵਾਲਿਆਂ ਨੂੰ ਵੱਧਦੀ ਮਹਿੰਗਾਈ ਵਾਂਗ ਘੱਟੋ ਘੱਟ 5000/ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿੱਚ ਵਾਧੇ ਸੰਬੰਧੀ ਸੱਤਾਧਾਰੀ ਅਤੇ ਵਿਰੋਧੀ ਧਿਰ ਕਿਓਂ ਨਹੀਂ ਅਵਾਜ਼ ਬੁਲੰਦ ਕਰਦੀ। ਉਪਰੋਕਤ ਵੱਖ ਵੱਖ ਜ਼ਿਲ੍ਹਿਆਂ ਦੇ ਸਰਗਰਮ ਦਿਵਿਆਂਗ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਦਿਵਿਆਂਗ ਵਿਅਕਤੀਆਂ ਨੂੰ ਮਹਿੰਗਾਈ ਦੇ ਵਾਧੇ ਨਾਲ ਹੀ ਪੈਨਸ਼ਨ ਵਧਾਉਣ ਦੀ ਤਜਵੀਜ਼ ਨੂੰ ਵੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ , ਬਹੁਤ ਹੀ ਤਰਸਯੋਗ ਹਾਲਤ ਵਿੱਚ ਜੀਵਨ ਬਤੀਤ ਕਰ ਰਹੇ, ਬੇਰੁਜ਼ਗਾਰ ਦਿਵਿਆਂਗ ਵਿਅਕਤੀਆਂ ਨੂੰ ਵੀ 10.000/ ਰੁਪਏ ਪੈਨਸ਼ਨ ਦੇਣ ਦੀ ਬਿਨਾਂ ਦੇਰੀ ਪਹਿਲਕਦਮੀ ਕਰਨੀ ਚਾਹੀਦੀ ਹੈ, ਨਾ ਕਿ ਦਿਵਿਆਂਗ ਵਿਅਕਤੀਆਂ ਦੇ ਆਂਕੜਿਆਂ ਵਿੱਚ ਜਥੇਬੰਦੀਆਂ ਨੂੰ ਉਲਝਾਉਣਾ ਚਾਹੀਦਾ ਹੈ ਕਿਉਂਕਿ ਪ੍ਰਾਪਤ ਕਰਦੇ ਪੈਨਸ਼ਨ ਧਾਰਕਾਂ ਦੀ ਗਿਣਤੀ ਪਤਾ ਕਰਨਾ, ਕੁੰਭਕਰਨੀ ਸੁੱਤੇ ਵਿਭਾਗ ਜਾਂ ਸਰਕਾਰ ਲਈ ਕੋਈ ਬਹੁਤਾ ਸਿਰਦਰਦੀ ਵਾਲਾ ਕੰਮ ਨਹੀਂ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਵਿਧਾਇਕਾਂ ਨੂੰ ਬੇਸਿਕ 25.000/ ਰੁਪਏ ਮਾਸਿਕ ਤਨਖਾਹ, ਹਲਕਾ ਭੱਤਾ 25,000/ ਰੁਪਏ ਅਤੇ ਪੀ ਏ ਲਈ 15,000/ ਰੁਪਏ, ਫੋਨ, ਬਿਜਲੀ, ਪਾਣੀ ਆਦਿ ਮਿਲਾਕੇ ਕੁੱਲ 84,000/ ਰੁਪਏ ਮਹੀਨਾ ਮਿਲਦੇ ਹਨ, ਇਨ੍ਹਾਂ ਨੂੰ ਵਧਾਕੇ ਕੇ 3 ਲੱਖ ਰੁਪਏ ਮਹੀਨਾ ਕਰਨ ਦੀ ਤਿਆਰੀ ਵਿੱਚ ਹਨ ਅਤੇ ਇਨ੍ਹਾਂ ਦੇ ਮੁਕਾਬਲੇ ਅਗਰ ਦਿਵਿਆਂਗ ਵਿਅਕਤੀਆਂ ਵੱਲ ਝਾਤ ਮਾਰੀਏ ਤਾਂ 90% ਦਿਵਿਆਂਗ ਪੈਨਸ਼ਨ ਤੇ ਹੀ ਨਿਰਭਰ ਕਰਦਾ ਹੈ ਉਨਾ ਨੂੰ ਹੋਰ ਵਸੀਲਿਆਂ ਤੋਂ ਕੋਈ ਆਮਦਨੀ ਨਹੀਂ ਹੁੰਦੀ ਪ੍ਰੰਤੂ ਜਾਗਰੂਕਤਾ ਦੇ ਅਨੁਸਾਰ ਅਲਿਮਕੋ ਕੰਪਨੀ ਵੱਲੋਂ ਬੈਟਰੀ ਚਾਰਜ ਟ੍ਰਾਈਸਾਈਕਲ ਤੇ ਆਪਣੇ ਰੋਜ਼ਗਾਰ ਲਈ ਕੁੱਝ ਦਿਵਿਆਂਗ ਕੋਸ਼ਿਸ਼ਾਂ ਜ਼ਰੂਰ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly