ਸ੍ਰੀ ਕੀਰਤਪੁਰ ਸਾਹਿਬ (ਸਮਾਜ ਵੀਕਲੀ): ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ ਕੌਮੀ ਮਾਰਗ ’ਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਗਰਾ ਮੋੜਾ ਨਜ਼ਦੀਕ ਅੱਜ ਸਵੇਰੇ ਕਰੀਬ ਸੱਤ ਵਜੇ ਮਨਾਲੀ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਹੀ ਬੱਸ ਪਲਟਣ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਕੁਝ ਸਮੇਂ ਬਾਅਦ ਘਟਨਾ ਸਥਾਨ ’ਤੇ ਸੜਕ ਕਿਨਾਰੇ ਖੜ੍ਹੀਆਂ ਸਵਾਰੀਆਂ ’ਤੇ ਇੱਕ ਹੋਰ ਬੱਸ ਆ ਚੜ੍ਹੀ, ਜਿਸ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ। ਸਾਰੇ ਜ਼ਖਮੀ ਅਤੇ ਮ੍ਰਿਤਕ ਲੜਕੀ ਮੁੰਬਈ ਨਾਲ ਸਬੰਧਤ ਹਨ। ਜ਼ਖ਼ਮੀ ਸਵਾਰੀਆਂ ਨੇ ਦੱਸਿਆ ਕਿ ਉਹ 80 ਦੇ ਕਰੀਬ ਲੜਕੇ-ਲੜਕੀਆਂ ਪਹਿਲਾਂ ਮੁੰਬਈ ਤੋਂ ਟਰੇਨ ਰਾਹੀਂ ਅੰਬਾਲਾ ਆਏ ਸਨ। 27 ਦਸੰਬਰ ਨੂੰ ਅੰਬਾਲਾ ਪਹੁੰਚ ਕੇ ਉਨ੍ਹਾਂ ਨੇ ਕੁੱਲੂ ਮਨਾਲੀ ਦੀ ਯਾਤਰਾ ਲਈ ਦੋ ਬੱਸਾਂ ਕਿਰਾਏ ’ਤੇ ਕੀਤੀਆਂ।
ਅੱਜ ਉਹ ਆਪਣੀ ਯਾਤਰਾ ਪੂਰੀ ਕਰ ਕੇ ਦੋ ਬੱਸਾਂ ਰਾਹੀਂ ਮਨਾਲੀ ਤੋਂ ਅੰਮ੍ਰਿਤਸਰ ਜਾ ਰਹੇ ਸਨ, ਜਿੱਥੇ ਅੱਜ ਉਨ੍ਹਾਂ ਨੇ ਰਾਤ ਰੁਕ ਕੇ ਭਲਕੇ ਮੁੰਬਈ ਲਈ ਟਰੇਨ ਫੜਨੀ ਸੀ। ਇਸ ਦੌਰਾਨ ਜਦੋਂ ਉਹ ਗਰਾ ਮੋੜ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਇੱਕ ਬੱਸ (ਪੀਬੀ01 ਏ 9912) ਸੰਤੁਲਨ ਵਿਗੜਨ ਕਾਰਨ ਪਲਟ ਗਈ। ਬੱਸ ਪਲਟਣ ਦੀ ਸੂਚਨਾ ਮਿਲਣ ਤੋਂ ਬਾਅਦ ਸਵਾਰਘਾਟ (ਹਿਮਾਚਲ ਪ੍ਰਦੇਸ਼) ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਨੇੜਲੇ ਲੋਕਾਂ ਨੇ ਪਲਟੀ ਬੱਸ ’ਚੋਂ ਜ਼ਖਮੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਸੀ। ਜ਼ਖ਼ਮੀਆਂ ਨੂੰ ਨਿੱਜੀ ਵਾਹਨਾਂ ਅਤੇ ਐਂਬੂਲੈਂਸਾਂ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।
ਹਾਦਸੇ ਤੋਂ ਕਰੀਬ ਇੱਕ ਘੰਟਾ ਬਾਅਦ ਉਸੇ ਸਥਾਨ ’ਤੇ ਮਨਾਲੀ ਵੱਲੋਂ ਤੋਂ ਆ ਰਹੀ ਇਕ ਹੋਰ ਬੱਸ (ਡੀਐੱਲ1 ਪੀਡੀ 0404) ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪੱਥਰਾਂ ਵਿਚ ਫਸ ਕੇ ਖਾਈ ਵਿਚ ਡਿੱਗਣ ਤੋਂ ਬਚ ਗਈ ਪਰ ਸੜਕ ਕਿਨਾਰੇ ਖੜ੍ਹੀ ਇੱਕ ਲੜਕੀ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਪੁਲੀਸ ਨੇ ਲਾਸ਼ ਬਿਲਾਸਪੁਰ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਲੜਕੀ ਦੀ ਪਛਾਣ ਰੁਕਸੀਨ ਵਾਸੀ ਮੁੰਬਈ ਵਜੋਂ ਹੋਈ ਹੈ। ਬਿਲਾਸਪੁਰ ਦੇ ਐੱਸਪੀ ਐੱਸ.ਆਰ ਰਾਣਾ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly