ਨਵੀਂ ਦਿੱਲੀ (ਸਮਾਜ ਵੀਕਲੀ):ਟਵਿੱਟਰ ਨੇ ਅੱਜ ਸ਼ਿਕਾਇਤਾਂ ਬਾਰੇ ਜਨਤਕ ਕੀਤੀ ਆਪਣੀ ਪਹਿਲੀ ‘ਕੰਪਲਾਇੰਸ ਰਿਪੋਰਟ’ ਵਿਚ ਦੱਸਿਆ ਹੈ ਕਿ ਕੰਪਨੀ ਨੂੰ 94 ਸ਼ਿਕਾਇਤਾਂ ਮਿਲੀਆਂ ਸਨ ਤੇ 133 ‘ਯੂਆਰਐਲ’ (ਲਿੰਕ) ਕਾਰਵਾਈ ਦੇ ਘੇਰੇ ਵਿਚ ਲਿਆਂਦੇ ਗਏ ਹਨ। ਇਹ ਰਿਪੋਰਟ 26 ਮਈ ਤੋਂ 25 ਜੂਨ ਤੱਕ ਦਾਇਰ ਕੀਤੀ ਗਈ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਟਵਿੱਟਰ ਨੇ ਹੁਣ ਵਿਨੈ ਪ੍ਰਕਾਸ਼ ਨੂੰ ਪੱਕੇ ਤੌਰ ’ਤੇ ਭਾਰਤ ਵਿਚ ਸ਼ਿਕਾਇਤ ਨਿਵਾਰਨ ਅਧਿਕਾਰੀ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਕੰਪਨੀ ਨੇ ਮੁੱਖ ਕੰਪਲਾਇੰਸ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਸੀ। ਜ਼ਿਕਰਯੋਗ ਹੈ ਕਿ ਨਵੇਂ ਨੇਮਾਂ ਮੁਤਾਬਕ ਸ਼ਿਕਾਇਤ ਨਿਵਾਰਨ ਅਧਿਕਾਰੀ ਭਾਰਤ ਦਾ ਵਾਸੀ ਹੋਣਾ ਚਾਹੀਦਾ ਹੈ ਜਦਕਿ ਪਹਿਲਾਂ ਲਾਏ ਗਏ ਇਕ ਅਧਿਕਾਰੀ ਨੇ ਅਸਤੀਫ਼ਾ ਦੇ ਦਿੱਤਾ ਸੀ। ਮਗਰੋਂ ਲਾਇਆ ਗਿਆ ਅਧਿਕਾਰੀ ਕੈਲੀਫੋਰਨੀਆ ਅਧਾਰਿਤ ਸੀ। ਪਲੈਟਫਾਰਮ ਨੇ ਆਪਣੀ ਵੈੱਬਸਾਈਟ ’ਤੇ ਵਿਨੈ ਦੀ ਈਮੇਲ ਆਈਡੀ ਦਿੱਤੀ ਹੈ ਜਿੱਥੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੰਗਲੁਰੂ ਦਾ ਇਕ ਪਤਾ ਵੀ ਦਿੱਤਾ ਗਿਆ ਹੈ ਜਿੱਥੇ ਟਵਿੱਟਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਟਵਿੱਟਰ ਨੇ ਦੱਸਿਆ ਕਿ ਜ਼ਿਆਦਾਤਰ ਸ਼ਿਕਾਇਤਾਂ ਮਾਣਹਾਨੀ, ਭੱਦੀ ਸ਼ਬਦਾਵਲੀ ਵਰਤਣ ਤੇ ਪ੍ਰੇਸ਼ਾਨ ਕਰਨ, ਸੰਵੇਦਨਸ਼ੀਲ ਬਾਲਗ ਸਮੱਗਰੀ ਤੇ ਨਿੱਜਤਾ ਬਾਰੇ ਸਨ।ਫੇਸਬੁੱਕ ਦੀ ਮਾਲਕੀ ਵਾਲੀ ਵਟਸਐਪ ਨੇ ਵੀ ਨਵੇਂ ਨੇਮਾਂ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੋਈ ਹੈ। ਵਟਸਐਪ ਨੂੰ ਚੈਟ ਤੇ ਸੁਨੇਹਿਆਂ ਬਾਰੇ ਮੁੱਢੋਂ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਕੰਪਨੀ ਇਸ ਨੂੰ ਨਿੱਜਤਾ ਦੇ ਖ਼ਿਲਾਫ਼ ਮੰਨਦੀ ਹੈ ਤੇ ਇਸ ਨੂੰ ਅਦਾਲਤ ਵਿਚ ਗ਼ੈਰ-ਸੰਵਿਧਾਨਕ ਦੱਸਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly