(ਸਮਾਜ ਵੀਕਲੀ) ਇਤਿਹਾਸ ਦੇ ਪ੍ਰਮੁੱਖ ਚਿੰਤਕਾਂ ਅਤੇ ਦਾਰਸ਼ਨਿਕ ਜਿਵੇਂ ਕਿ ਸੁਕਰਾਤ, ਪਲੂਟੋ, ਆਇਨਸਟਾਈਨ, ਡਾਰਵਿਨ ਆਦਿ ਨੇ ਰੱਬ ਦੇ ਵਿਚਾਰ ਦੀ ਬਜਾਇ ਮਨੁੱਖ ਦੇ ਦਿਮਾਗ ਅਤੇ ਮਨ ਨੂੰ ਮਹੱਤਵਪੂਰਨ ਮੰਨਿਆ।ਪਲੂਟੋ ਦਾ ਮੰਨਣਾ ਸੀ ਕਿ ਰੱਬ ਇਕ ਅਜਿਹੀ ਗੂੰਦ ਹੈ ਜੋ ਭੌਤਿਕ ਆਲੇ ਦੁਆਲੇ ਵਿਚ ਇਕ ਤਰਤੀਬ ਬਣਾ ਕੇ ਰੱਖਦੀ ਹੈ। ਗੈਲੀਲੀਓ ਅਨੁਸਾਰ ਸੱਚ ਦੀ ਭਾਲ ਲਈ ਵਿਗਿਆਨ ਅਤੇ ਰੱਬ ਦੋਹੇਂ ਹੀ ਇਕ ਸਮਾਨ ਹਨ। ਚਾਰਲਿਸ ਡਾਰਵਿਨ ਹਾਲਾਂਕਿ ਨਾਸਤਿਕ ਨਹੀਂ ਸੀ ਪਰ ਉਸ ਦੇ ਸਿਧਾਂਤ ਨੇ ਪ੍ਰਚਲਿਤ ਧਾਰਮਿਕ ਸਿਧਾਂਤਾਂ ਨੂੰ ਚੁਣੌਤੀ ਦਿੱਤੀ। ਭਗਤ ਸਿੰਘ ਨੇ ਖੁੱਲ ਕੇ ਆਪਣੇ ਆਪ ਨੂੰ ਨਾਸਤਿਕ ਕਿਹਾ ਅਤੇ ਰੱਬ ਨਾਲ ਸੰਬੰਧਿਤ ਅੰਧਵਿਸ਼ਵਾਸੀ ਵਿਚਾਰਾਂ ਨੂੰ ਚੁਣੌਤੀ ਦਿੱਤੀ। ਮਾਰਕਸਵਾਦ ਦਾ ਮੰਨਣਾ ਹੈ ਕਿ ਮਨੁੱਖ ਨੇ ਰੱਬ ਨੂੰ ਸਿਰਜਿਆ ਨਾ ਕਿ ਰੱਬ ਨੇ ਮਨੁੱਖ ਨੂੰ। ਫਰਾਇਡ ਦਾ ਵਿਚਾਰ ਸੀ ਕਿ ਰੱਬ ਮਨੁੱਖੀ ਦਿਮਾਗ ਦੀ ਕਾਢ ਹੈ। ਸਦੀਆਂ ਤੋਂ ਹੀ ਮਨੁੱਖ ਜਾਤੀ ਨੂੰ ਡਰਾਉਣ ਲਈ ਸਵਰਗ, ਨਰਕ, ਭੂਤ ਪ੍ਰੇਤ, ਜਿੰਨ, ਦੈਂਤ ,ਰਾਖਸ਼ਸ਼ ਅਦਿ ਸ਼ਬਦ ਹੋਂਦ ਵਿੱਚ ਆਏ ਫਿਰ ਵੀ ਮਨੁੱਖ ਜਾਤੀ ਨੇ ਨਿਰੰਤਰ ਸੰਘਰਸ਼ ਅਤੇ ਆਪਣੀ ਸੂਝ ਸਦਕਾ ਅਜੋਕੇ ਯੁੱਗ ਤੱਕ ਵਿਕਾਸ ਤੈਅ ਕੀਤਾ ਹੈ। ਆਦਿ ਮਾਨਵ ਕਾਲ ਤੋਂ ਜਿੱਥੇ ਮਨੁੱਖ ਨੇ ਆਪਣੀ ਕਿਰਤ ਤੇ ਸੂਝ ਨਾਲ ਆਪਣੇ ਰਹਿਣ-ਸਹਿਣ ਲਈ ਔਜਾਰਾਂ ਦੀਆਂ ਕਾਢਾਂ ਕੱਢੀਆਂ, ਸੁਈ ਤੋਂ ਲੈਕੇ ਜਹਾਜ਼ ਤੱਕ ਬਣਾ ਦਿੱਤੇ ਉੱਥੇ ਬਹੁਤ ਸਾਰੇ ਅਜਿਹੇ ਵਰਤਾਰੇ, ਜੋ ਉਸ ਦੀ ਸਮਝ ’ਚੋਂ ਬਾਹਰ ਸਨ ਜਾਂ ਜਿਨ੍ਹਾਂ ਤੋਂ ਉਹ ਡਰਦਾ ਸੀ, ਉਨ੍ਹਾਂ ਪ੍ਰਤੀ ਮਿੱਥਾਂ ਸਿਰਜੀਆਂ, ਜਿਨ੍ਹਾਂ ਨੇ ਅੰਧ-ਵਿਸ਼ਵਾਸ ਦਾ ਰੂਪ ਧਾਰ ਲਿਆ ਤੇ ਬਾਅਦ ਵਿੱਚ ਚਲਾਕ ਸਾਂਸਕ ਵਰਗ ਨੇ ਅੰਨ੍ਹੇ ਵਿਸ਼ਵਾਸ ਸਦਕਾ ਭੋਲੇ ਭਾਲੇ ਲੋਕਾਂ ਦਾ ਸ਼ੋਸਣ ਕਰਨਾ ਸ਼ੁਰੂ ਕਰ ਦਿੱਤਾ। ਕਹਿਣ ਨੂੰ ਭਾਵੇਂ ਅਜੋਕੇ ਯੁੱਗ ’ਚ ਮਨੁੱਖ ਨੇ ਕਾਫੀ ਵਿਕਾਸ ਕਰ ਲਿਆ ਹੈ ਤੇ ਵਿਗਿਆਨ ਨੇ ਕਾਫੀ ਸਾਰੇ ਪੁਰਾਣੇ ਵਿਸ਼ਵਾਸਾਂ ਨੂੰ ਮੂਲੋਂ ਰੱਦ ਕੀਤਾ ਹੈ। ਕੱਲ੍ਹ ਤੱਕ ਜਿਨ੍ਹਾਂ ਵਰਤਾਰਿਆਂ ਤੋਂ ਮਨੁੱਖ ਡਰਦਾ ਸੀ, ਸਾਇੰਸ ਨੇ ਅੱਜ ਉਨ੍ਹਾਂ ਦੀ ਥਾਹ ਵੀ ਪਾ ਲਈ ਹੈ। ਮਨੁੱਖ ਨੇ ਇਨ੍ਹਾਂ ਵਰਤਾਰਿਆਂ ਬਾਰੇ ਸਮਝਾਇਆ ਵੀ ਹੈ। ਭਾਵੇਂ ਵਿਗਿਆਨ ਅਤੇ ਤਕਨੀਕ ਨੇ ਗੈਬੀ ਸ਼ਕਤੀਆਂ ਅਤੇ ‘ਚੰਨ ਮਾਮੇ ਅੰਦਰ ਬੈਠੀ ਬੁੱਢੀ ਮਾਈ’ ਵਰਗੇ ਕਈ ਸੱਚਾ ਵਾਰੇ ਵੀ ਲੋਕਾਂ ਨੂੰ ਦੱਸਿਆ, ਪਰ ਅਫਸੋਸ ਕਿ ਭਾਰਤੀ ਮਨੁੱਖੀ ਸੋਚ ਅਜੇ ਵੀ ਉਸ ਸੂਝ ਦੇ ਮੇਚ ਦੀ ਨਹੀਂ ਹੋ ਸਕੀ। ਇਸੇ ਤਰਾਂ ਹੀ ਵੀਹਵੀਂ ਸਦੀ ਦੇ ਸੁਕਰਾਤ ਵਜੋਂ ਜਾਣੇ ਜਾਂਦੇ ਅਤੇ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਜਨਮੇ ਮਹਾਰਾਸ਼ਟਰ ਦੇ ਤਰਕਸ਼ੀਲ ਕਾਰਕੁੰਨ ਨਰਿੰਦਰ ਦਾਭੋਲਕਰ, ਜਿਨ੍ਹਾਂ ਨੂੰ ਦੋ ਅਗਿਆਤ ਵਿਅਕਤੀਆਂ ਨੇ 20 ਅਗਸਤ 2013 ਨੂੰ ਪੂਨਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਲੋਕਾਂ ਨੂੰ ਸੱਚਾ ਗਿਆਨ ਵੰਡ ਕੇ ਅੰਧਵਿਸ਼ਵਾਸ ਦੀ ਦਲਦਲ ਵਿਚੋਂ ਕੱਢਣ ਦਾ ਕੰਮ ਕਰ ਰਿਹਾ ਸੀ। ਮਹਾਰਾਸ਼ਟਰ ਦੇ ਇਸ ਅਗਾਂਹਵਧੂ ਚਿੰਤਕ ਅਤੇ ਤਰਕਵਾਦੀ ਨੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਅੰਧ-ਵਿਸ਼ਵਾਸ, ਕਾਲੇ ਇਲਮ, ਜਾਦੂ ਟੂਣੇ ਆਦਿ ’ਚੋਂ ਕੱਢਣ ਤੇ ਵਿਗਿਆਨਕ ਵਿਚਾਰਧਾਰਾ ਦਾ ਪ੍ਰਸਾਰ ਕਰਨ ’ਚ ਲਗਾਇਆ। ਡਾਕਟਰ ਦਾਭੋਲਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ‘ਅੰਧ ਸ਼ਰਧਾ ਨਿਰਮੂਲ ਸੰਸਥਾ’ ਬਣਾਈ, ਜਿਸ ਦੀਆਂ ਮਹਾਰਾਸ਼ਟਰ ਦੇ ਕਸਬਿਆਂ ਤੇ ਪਿੰਡਾਂ ’ਚ 200 ਦੇ ਕਰੀਬ ਸ਼ਖਾਵਾਂ ਹਨ। 69 ਸਾਲਾ ਨਰਿੰਦਰ ਦਾਭੋਲਕਰ ਨੇ ‘ ਅੰਧਵਿਸ਼ਵਾਸੀ ਵਿਰੋਧੀ’ ਸਖ਼ਤ ਕਾਨੂੰਨ ਨੂੰ ਵੀ ਮਹਾਰਾਸ਼ਟਰ ਵਿਧਾਨ ਸਭਾ ’ਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਬਿਲ ਕਦੇ ਵਿਧਾਨ ਸਭਾ ’ਚ ਅਟਕ ਜਾਂਦਾ ਤੇ ਕਦੇ ਵਿਧਾਨ ਪ੍ਰੀਸ਼ਦ ਵਿੱਚ। ਉਨ੍ਹਾਂ ਦੇ ਅਜਿਹੇ ਕਦਮਾਂ ਕਰਕੇ ਉਹ ਧਰਮ, ਰੱਬ ਅਤੇ ਅੰਧਵਿਸ਼ਵਾਸ ਦੇ ਨਾਂ ਤੇ ਲੋਕਾਂ ਦਾ ਸ਼ੋਸਣ ਕਰਨ ਵਾਲੇ ਪਖੰਡੀ ਲੋਕਾਂ ਦੀਆਂ ਅੱਖਾਂ ’ਚ ਰੜਕਣ ਲੱਗੇ। ਇਸ ਤੋਂ ਬਿਨਾ ਇਸ ਮਹਾਨ ਹਸਤੀ ਨੇ 2008 ’ਚ ਜੋਤਸ਼ੀਆਂ ਅਤੇ ਗੈਬੀ ਸ਼ਕਤੀਆਂ ਦਿਖਾਉਣ ਵਾਲਿਆਂ ਨੂੰ ਸ਼ਰੇਆਮ ਚੈਲੇਂਜ ਕੀਤਾ ਜਿਸਨੂੰ ਅੱਜ ਤੱਕ ਕੋਈ ਵੀ ਕਬੂਲ ਨਹੀਂ ਸਕਿਆ। ਉਨ੍ਹਾਂ ਨੇ ‘ਇੱਕ ਪਿੰਡ, ਇੱਕ ਖੂਹ’ ਦੀ ਲਹਿਰ ਨੂੰ ਲੈਕੇ ਮੁਹਿੰਮ ਚਲਾਈ, ਜੋ ਉਨ੍ਹਾਂ ਦਲਿਤ ਭਾਈਚਾਰੇ ਦੇ ਲੋਕਾਂ ਦੇ ਹੱਕ ’ਚ ਸੀ, ਜਿਨ੍ਹਾਂ ਨੂੰ ਅਖੌਤੀ ਉੱਚੀ ਜਾਤ ਵਾਲੇ ਪਾਣੀ ਨਹੀਂ ਭਰਨ ਦਿੰਦੇ ਸਨ। ਡਾਕਟਰ ਨਰਿੰਦਰ ਦਾਭੋਲਕਰ ਦੇ ਭਰਾ ਦੱਤਾ ਪ੍ਰਸਾਦ ਅਨੁਸਾਰ ਰੂੜੀਵਾਦੀ ਸੋਚ ਵਾਲੇ ਲੋਕਾਂ ਦੀਆਂ ਧਮਕੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੁਰੱਖਿਆ ਲੈਣ ਲਈ ਵੀ ਕਿਹਾ ਗਿਆ, ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਦੀ ਜਾਨ ਦੀ ਫਿਕਰ ਹੈ। ਅਜ਼ਾਦ ਭਾਰਤ ਦਾ ਸੰਵਿਧਾਨ ਭਾਵੇਂ ਧਾਰਾ 51 (ਏ) ’ਚ ਵਿਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਕਰਦਾ ਹੈ, ਪਰ ਇਸ ਅਜ਼ਾਦ ਤੇ ਵਿਗਿਆਨਕ ਸੋਚ ਦੀ ਹਾਮੀ ਭਰਨ ਵਾਲੇ ਦੇਸ਼ ’ਚ ਅਜੇ ਵੀ ਬਹੁਤ ਸਾਰੇ ਮੱਧਯੁਗੀ ਅੰਧ-ਵਿਸ਼ਵਾਸ ਉਸੇ ਤਰ੍ਹਾਂ ਜਾਰੀ ਹਨ। ਭਾਰਤ ’ਚ ਮਾਨਿਕ ਸਰਕਾਰ ਵਰਗੇ ਅੰਧ-ਵਿਸ਼ਵਾਸ ਵਿਰੁੱਧ ਕਰੜੇ ਕਾਨੂੰਨ ਬਣਾਉਣ ਵਾਲੇ ਮੁੱਖ ਮੰਤਰੀ ਜਾਂ ਨੇਤਾ ਵਿਰਲੇ ਹੀ ਹਨ, ਪਰ ਇਸ ਤਰ੍ਹਾਂ ਦੇ ਵਧੇਰੇ ਨੇ, ਜਿਨ੍ਹਾਂ ਦੇ ਰਾਜ ’ਚ ਡੇਰੇ, ਜਾਦੂ-ਟੂਣੇ, ਕਾਲਾ ਇਲਮ, ਡਾਇਣ ਪ੍ਰਥਾ ਵਰਗੀਆਂ ਕੁਰੀਤੀਆਂ ਵਧ-ਫੁਲ ਰਹੀਆਂ ਹਨ। ਪਰ ਬਹੁਤ ਸਾਰੇ ਵਿਅਕਤੀ ਅਤੇ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਅੰਧਵਿਸ਼ਵਾਸੀ ਪ੍ਰੰਪਰਾਵਾਂ ਦਾ ਵਿਰੋਧ ਕਰਦੀਆਂ ਹਨ। ਉਹ ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਜਾਦੂ-ਟੂਣਿਆਂ ’ਚੋਂ ਕੱਢਣ ਅਤੇ ਉਚ ਨੀਚ ਖਤਮ ਕਰਨ ਲਈ ਜੱਦੋ-ਜਹਿਦ ਕਰਦੇ ਹਨ। ਕਦੇ-ਕਦਾਈਂ ਉਨ੍ਹਾਂ ਨੂੰ ਇਸ ਦਾ ਮੁੱਲ ਵੀ ਤਾਰਨਾ ਪੈਂਦਾ ਹੈ। ਦਾਭੋਲਕਰ ਦੀ ਮੌਤ ’ਤੇ ਭਾਵੇਂ ਹੁਣ ਵੱਖ-ਵੱਖ ਲੀਡਰ ਅਫਸੋਸ ਪ੍ਰਗਟ ਕਰ ਰਹੇ ਹਨ ਤੇ ਆਪਣੇ ਬਿਆਨ ਦਾਗ ਰਹੇ ਹਨ, ਪਰ ਇਸ ਮੌਤ ਦਾ ਸੁਨੇਹਾ ਤੇ ਅਰਥ ਬੜੇ ਡੂੰਘੇ ਹਨ। ਇਹ ਮੌਤ ਭਾਰਤੀ ਲੋਕਤੰਤਰ ਨੂੰ ਕਈ ਸਵਾਲਾਂ ਦੇ ਸਨਮੁੱਖ ਕਰਦੀ ਹੈ ਕਿ ਇਸ ਮੌਤ ਨਾਲ ਕਿੰਨਾਂ ਤਾਕਤਾਂ ਦੀ ਜਿੱਤ ਹੋਈ ਹੈ? ਕੀ ਧਰਮ-ਨਿਰਪੱਖਤਾ ਤੇ ਵਿਗਿਆਨਕ ਸੋਚ ਦਾ ਦਾਅਵਾ ਕਰਨ ਵਾਲੇ ਦੇਸ਼’ਚ ਨਵੀਆਂ ਲੀਹਾਂ ’ਤੇ ਲਿਜਾਣ ਵਾਲਿਆਂ ਦਾ ਇਹੋ ਹਾਲ ਹੋਵੇਗਾ? ਕੀ ਮੁਲਕ ਦੀਆਂ ਸਰਕਾਰਾਂ ਦੇਸ਼ ਨੂੰ ਮੱਧ-ਯੁੱਗ ਵੱਲ ਲਿਜਾਣ ਵਾਲੇ ਲੋਕਾਂ ਨਾਲ ਖੜ੍ਹੀਆਂ ਹਨ? ਕੀ ਸਰਕਾਰਾ ਲੋਕਾਂ ਨੂੰ ਜਾਣਬੁੱਝ ਕੇ ਅੰਧਵਿਸ਼ਵਾਸ ਦੀ ਦਲਦਲ ਵਿੱਚ ਵਿੱਚੋਂ ਕੱਢਣਾ ਨਹੀਂ ਚਾਹੁੰਦੀਆਂ ? ਬੇਸ਼ੱਕ ਨਰਿੰਦਰ ਦਾਭੋਲਕਰ ਦੀ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਦੀ ਕੈਬਨਿਟ ਨੇ ਵਹਿਮਾਂ-ਭਰਮਾਂ ਤੇ ਕਾਲੇ ਜਾਦੂ ਵਰਗੇ ਅੰਧਵਿਸ਼ਵਾਸਾਂ ਵਿਰੁੱਧ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਜੇਕਰ ਅਜਿਹਾ ਹੀ ਕੋਈ ਕਦਮ ਕੁਝ ਸਮਾਂ ਪਹਿਲਾਂ ਚੁੱਕ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਨਰਿੰਦਰ ਦਾਭੋਲਕਰ ਅੱਜ ਇਸ ਦੁਨੀਆਂ ਤੇ ਹੁੰਦੇ। ਇਹ ਬਿਲ ਪਿਛਲੇ 18 ਸਾਲਾਂ ਤੋਂ ਲਟਕਿਆਂ ਹੋਇਆ ਸੀ। ਇਸੇ ਲਈ ਦਾਭੋਲਕਰ ਲਗਾਤਾਰ ਸੰਘਰਸ਼ ਕਰ ਰਿਹਾ ਸੀ। ਪਹਿਲਾਂ ਜਦੋਂ ਪਿਛਲੀ ਸਦੀ ਦੇ 1990ਵਿਆਂ ’ਚ ਇਹ ਬਿਲ ਵਿਧਾਨ ਸਭਾ ’ਚ ਪੇਸ਼ ਕੀਤਾ ਗਿਆ ਸੀ ਤਾਂ ਧਰਮ ਪੱਖੀ ਪਾਰਟੀਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਸੀ, ਭਾਵੇਂ ਕਿ ਇਹ ਬਿਲ ਮਹਾਰਾਸ਼ਟਰ ਦੀ ਜਯੋਤੀਬਾ ਫੂਲੇ, ਢੋਂਡੋ ਕੇਸਵ ਕਾਰਵੇ ,ਗੋਪਾਲ ਅਗਾਰਕਰ, ਗੋਬਿੰਦ ਰਨਾਡੇ ਤੇ ਬੀ.ਆਰ. ਅੰਬੇਦਕਰ ਆਦਿ ਦੇ ਅਗਾਂਹਵਧੂ ਸਿਧਾਂਤਾ ਦੇ ਅਨੁਸਾਰ ਸੀ। ਪਰ ਪਿਛਲੇ ਸਮਿਆਂ ਤੋਂ ਭਾਰਤ ਅੰਦਰ ਮੂਲਵਾਦੀ ਤੇ ਅੰਧਵਿਸ਼ਵਾਸੀ ਤਾਕਤਾਂ ਦਾ ਵਾਧਾ ਹੋਇਆ ਹੈ। ਇਸ ਲਈ ਕੁਝ ਸਿਆਸੀ ਪਾਰਟੀਆਂ ਵੀ ਜ਼ਿਮੇਵਾਰ ਹਨ, ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸਣ ਕਰਕੇ ਆਪਣੇ ਵੋਟ ਬੈਂਕ ਪੱਕੇ ਕਰਦੀਆਂ ਹਨ। ਅਜਿਹੀਆਂ ਸਾਰੀਆਂ ਪਿਛਾਂਹ ਖਿੱਚੂ ਕਾਲੀਆਂ ਤਾਕਤਾਂ ਦਾ ਹਰ ਸੂਝਵਾਨ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ। ਦੇਸ਼ ਦੇ ਬਹੁਤ ਸਾਰੇ ਭਾਗਾਂ ’ਚ ਆਯੋਜਿਤ ਤਰਕਸ਼ੀਲ ਸੁਸਾਇਟੀਆਂ ਤੇ ਹੋਰ ਵਿਗਿਆਨਕ ਸੋਚ ਵਾਲੇ ਵਿਅਕਤੀਆਂ ਨੂੰ ਦਾਭੋਲਕਰ ਦੇ ਕਤਲ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ। ਉਸ ਦੀ ਇਸ ਕੁਰਬਾਨੀ ਤੋਂ ਪ੍ਰੇਰਣਾ ਲੈਕੇ ਅੰਧ-ਵਿਸ਼ਵਾਸ ਤੇ ਵਹਿਮਾਂ-ਭਰਮਾਂ ਖਿਲਾਫ ਮੁਹਿੰਮ ਨੂੰ ਵਧੇਰੇ ਸ਼ਿਦਤ ਨਾਲ ਅੱਗੇ ਲੈਕੇ ਜਾਣਾ ਹੀ ਦਾਭੋਲਕਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਭਾਰਤ ਦੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਦੇਸ਼ ਵਿੱਚ ਚੱਲ ਰਹੇ ਕਾਲੇ ਅੰਧਵਿਸ਼ਵਾਸ ਦੀ ਸਨਅਤ ਦੇ ਖਿਲਾਫ ਕਾਨੂੰਨ ਪਾਸ ਕਰਕੇ ਇਨ੍ਹਾਂ ’ਤੇ ਪੂਰਨ ਪਾਬੰਦੀ ਲਾਉਣੀ ਚਾਹੀਦੀ ਹੈ। ਤਰਕਸ਼ੀਲ ਤੇ ਵਿਗਿਆਨਕ ਅਦਾਰਿਆਂ ਤੇ ਸੰਗਠਨਾਂ ਨੂੰ ਇਸ ਲਈ ਵਧੇਰੇ ਜੱਥੇਬੰਦ ਹੋਣਾ ਪਵੇਗਾ ਤੇ ਇਨ੍ਹਾਂ ਕਾਲੀਆਂ ਤਾਕਤਾਂ ਦੇ ਸਿਆਸੀ ਰਹਿਬਰਾਂ ਨੂੰ ਵੀ ਬੇਨਕਾਬ ਕਰਨਾ ਹੋਵੇਗਾ। ਅਜੇ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਕਿਸੇ ਪਿੰਡ ਵਿੱਚ ਪਖੰਡੀ ਬਾਬੇ ਵੱਲੋਂ ਔਰਤ ਨੂੰ ਪੁੱਤਰ ਦੀ ਬਖਸ਼ਿਸ਼ ਕਰਨ ਦੇ ਨਾਂ ਤੇ ਚਲਦਿਆਂ ਕੁਝ ਹੋਰ ਬੰਦਿਆਂ ਨਾਲ ਮਿਲਕੇ ਬਲਾਤਕਾਰ ਕੀਤਾ ਗਿਆ ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਲੋਕ ਅੰਧਵਿਸ਼ਵਾਸ ਖਿਲਾਫ ਜਾਗਰੂਕ ਨਾ ਹੋਏ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ ਅਤੇ ਅਸੀਂ ਵਿਗਿਆਨ, ਗਿਆਨ, ਅਤੇ ਨਵੀਂ ਤਕਨਾਲੋਜੀ ਵਿਚ ਵਿਕਾਸਸ਼ੀਲ ਦੇਸ਼ਾਂ ਤੋਂ ਹੋਰ ਪੱਛੜ ਜਾਵਾਂਗੇ ਇਸ ਲਈ ਜ਼ਰੂਰੀ ਹੈ ਕਿ ਮਹਾਰਾਸ਼ਟਰ ਦੀ ਤਰਜ਼ ਤੇ ਪੂਰੇ ਦੇਸ਼ ਵਿੱਚ ਅੰਧਵਿਸ਼ਵਾਸ ਵਿਰੋਧੀ ਬਿੱਲ ਲਾਗੂ ਹੋਣ ਨਹੀਂ ਤਾਂ ਸੁਕਰਾਤ ਵਰਗੇ ਚਿੰਤਕ ਅਤੇ ਦਾਰਸ਼ਨਿਕ ਡਾਕਟਰ ਨਰਿੰਦਰ ਦਭੋਲਕਰ ਦੀ ਤਰ੍ਹਾਂ ਸੱਚ ਨੂੰ ਤਰਾਸ਼ਦੇ ਤਰਾਸ਼ਦੇ ਸ਼ਹੀਦ ਕੀਤੇ ਜਾਂਦੇ ਰਹਿਣਗੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly