ਵਾਰੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੇਰੀ ਪਤਨੀ ਦੀ ਵੱਡੀ ਭੈਣ ਨੂੰ ਢਿੱਡ ਵਿੱਚ ਜ਼ਿਆਦਾ ਦਰਦ ਹੋਣ ਕਾਰਨ ਕੱਲ੍ਹ ਮਾਹਿਲਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਣਾ ਪਿਆ ਸੀ। ਢਿੱਡ ਦੀ ਸਕੈਨ ਕਰਨ ਪਿੱਛੋਂ ਪਤਾ ਲੱਗਾ ਸੀ ਕਿ ਉਸ ਦੇ ਪਿੱਤੇ ਵਿੱਚ ਪੱਥਰੀ ਸੀ। ਡਾਕਟਰਾਂ ਨੇ ਫੁਰਤੀ ਵਰਤਦੇ ਹੋਏ ਕੱਲ੍ਹ ਹੀ ਉਸ ਦਾ ਅਪਰੇਸ਼ਨ ਕਰਕੇ ਪਿੱਤਾ ਕੱਢ ਦਿੱਤਾ ਸੀ।

ਅੱਜ ਮੈਂ ਤੇ ਮੇਰੀ ਪਤਨੀ ਉਸ ਦੀ ਖਬਰ ਲੈਣ ਲਈ ਆਪਣੀ ਐਕਟਿਵਾ ਸਕੂਟਰੀ ਤੇ ਮਾਹਿਲਪੁਰ ਨੂੰ ਜਾ ਰਹੇ ਸਾਂ। ਪਿੰਡ ਬਕਾ ਪੁਰ ਪਹੁੰਚ ਕੇ ਮੈਂ ਆਪਣੀ ਐਕਟਿਵਾ ਸਕੂਟਰੀ ਪੈਟਰੋਲ ਪੁਆਉਣ ਲਈ ਸ਼ਰਮਾ ਫਿਲਿੰਗ ਸਟੇਸ਼ਨ ਵੱਲ ਮੋੜ ਲਈ। ਮੈਥੋਂ ਪਹਿਲਾਂ ਤਿੰਨ, ਚਾਰ ਮੋਟਰ ਸਾਈਕਲਾਂ ਵਾਲੇ ਪੈਟਰੋਲ ਪੁਆਉਣ ਲਈ ਖੜ੍ਹੇ ਸਨ। ਮੈਂ ਵੀ ਆਪਣੀ ਸਕੂਟਰੀ ਪੈਟਰੋਲ ਪੁਆਉਣ ਲਈ ਫਿਲਿੰਗ ਸਟੇਸ਼ਨ ਮੂਹਰੇ ਲਾ ਲਈ। ਤੇਜ਼ੀ ਨਾਲ ਇੱਕ ਮੋਟਰ ਸਾਈਕਲ ਵਾਲੇ ਨੇ ਆ ਕੇ ,ਆਪਣਾ ਮੋਟਰ ਸਾਈਕਲ ਮੈਥੋਂ ਪਹਿਲਾਂ ਲਾ ਲਿਆ। ਜਦੋਂ ਪਹਿਲਾਂ ਖੜ੍ਹੇ ਤਿੰਨ, ਚਾਰ ਮੋਟਰ ਸਾਈਕਲਾਂ ਵਾਲੇ ਪੈਟਰੋਲ ਪੁਆ ਕੇ ਚਲੇ ਗਏ, ਤਾਂ ਨਵੇਂ ਆਏ ਮੋਟਰ ਸਾਈਕਲ ਵਾਲੇ ਨੂੰ ਪੈਟਰੋਲ ਪਾਣ ਵਾਲੇ ਕਰਿੰਦੇ ਨੇ ਆਖਿਆ,”ਸਰਦਾਰ ਜੀ, ਕਿੰਨੇ ਦਾ ਪਾਣਾ?”

“ਪਹਿਲਾਂ ਇਨ੍ਹਾਂ ਦੀ ਵਾਰੀ ਆ। ਇਹ ਮੇਰੇ ਨਾਲੋਂ ਪਹਿਲਾਂ ਆ ਕੇ ਖੜ੍ਹੇ ਆ। ਪੈਟਰੋਲ ਪੁਆਣ ਦਾ ਹੱਕ ਪਹਿਲਾਂ ਇਨ੍ਹਾਂ ਦਾ ਹੀ ਬਣਦਾ ਆ।” ਮੇਰੇ ਵੱਲ ਇਸ਼ਾਰਾ ਕਰਦੇ ਹੋਏ ਨਵੇਂ ਆਏ ਮੋਟਰ ਸਾਈਕਲ ਵਾਲੇ ਨੇ ਕਿਹਾ।

ਮੈਂ ਉਸ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋਇਆ। ਪੈਟਰੋਲ ਪੁਆਉਣ ਪਿੱਛੋਂ ਵੀ ਮੇਰੇ ਜ਼ਿਹਨ ਵਿੱਚ ਉਸ ਦਾ ਚਿਹਰਾ ਘੁੰਮਦਾ ਰਿਹਾ। ਮੈਂ ਸੋਚ ਰਿਹਾ ਸਾਂ, ਜੇ ਕਰ ਸਾਰੇ ਲੋਕ ਇਸ ਮੋਟਰ ਸਾਈਕਲ ਵਾਲੇ ਵਰਗੇ ਬਣ ਜਾਣ, ਤਾਂ ਕਿੰਨੇ ਝਗੜੇ ਤੇ ਤਲਖੀਆਂ ਸਾਡੇ ਸਮਾਜ ਵਿੱਚੋਂ ਘੱਟ ਸਕਦੀਆਂ ਹਨ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

Previous article‘ਅਖਾੜਾ’ ਸ਼ਬਦ ਕਿਵੇਂ ਬਣਿਆ?
Next articleਸਹਾਇਕ ਲਾਇਨਮੈਨਾਂ ਤੇ ਦਰਜ ਕੀਤੇ ਪਰਚੇ ਜ਼ਲਦੀ ਰੱਦ ਕਰਕੇ ਡਿਊਟੀ ਤੇ ਜੁਆਇੰਨ ਕਰਵਾਇਆ ਜਾਵੇ -ਸੰਜੀਵ ਕੁਮਾਰ