(ਸਮਾਜ ਵੀਕਲੀ)
ਪੱਗ, ਪਾਗ ਕਿਤੇ ਪਏ ਕਹਿਣ ਸਾਫਾ,
ਨਾਮ ਸਾਂਝਾ ਜਿਹਾ ਪ੍ਰਵਾਨ ਪਗੜੀ।
ਚੰਦ ਗਜ ਦਾ ਸਿਰ ਤੇ ਕੱਪੜਾ ਨਈਂ,
ਮੱਧ-ਏਸ਼ੀਆ ਦਾ ਇੱਜ਼ਤ-ਮਾਨ ਪਗੜੀ।
ਵੱਖੋ ਵੱਖ ਸੱਭੇ ਭਾਈਚਾਰਿਆਂ ਵਿੱਚ,
ਬੰਨ੍ਹੀ ਜਾਂਦੀ ਏ ਵਿੱਚ ਹਿੰਦੁਸਤਾਨ ਪਗੜੀ।
ਲੜ ਛੱਡਵੀਂ ਜਾਟ ਹਰਿਆਣਵੀ ਦੀ,
ਬਹੁਰੰਗੀ ਹੈ ਵਿੱਚ ਰਾਜਸਥਾਨ ਪਗੜੀ।
ਖਾਸ ਮੌਕਿਆਂ ਤੇ ਹਿੰਦੂ ਧਰਮ ਵਾਲੇ,
ਸਾਰੇ ਬੰਨ੍ਹਦੇ ਮੁੱਖ ਮਹਿਮਾਨ ਪਗੜੀ।
ਜਿੰਨੇ ਮੋਹਤਬਰ ਸਭਾ, ਸੁਸਾਇਟੀਆਂ ਦੇ,
ਸਿਰ ਸਾਜਦੇ ਨੇ ਮੁਸਲਮਾਨ ਪਗੜੀ।
ਹੱਦਾਂ ਟੱਪੀਏ ਤਾਂ ਕਿੰਨੇ ਹੀ ਖਿੱਤਿਆਂ ਵਿੱਚ,
ਦਿੱਸ ਪੈਂਦੀ ਹੈ ਵਿੱਚ ਪਾਕਿਸਤਾਨ ਪਗੜੀ।
ਅੱਗੇ ਹੋਰ ਜੇ ਥੋੜਾ ਕੁ ਨਜ਼ਰ ਮਾਰੋ,
ਹਿੱਸਾ ਬਾਣੇ ਦਾ ਮੰਨਣ ਅਫਗਾਨ ਪਗੜੀ।
ਐਪਰ ਦਿੱਖ ਦਾ ਕਰੋ ਮੁਕਾਬਲਾ ਜੇ,
ਬੱਸ ਪੰਜਾਬੀ ਦੀ ਕਰੇ ਹੈਰਾਨ ਪਗੜੀ।
ਘੜਾਮੇਂ ਵਾਲੇ ਦਾ ਅੱਡਿਆ ਮੂੰਹ ਰਹਿ ਗਿਆ,
ਜਦੋਂ ਰੋਮੀ ਨੇ ਧਰੀ ਧਿਆਨ ਪਗੜੀ।
ਰੋਮੀ ਘੜਾਮਾਂ।
98552-81105 (ਵਟਸਪ ਨੰ.)