ਚੋਣ ਪ੍ਰਚਾਰ ਕਮੇਟੀ ਦੀ ਮੀਿਟੰਗ ’ਚ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼

 

  • ਚੰਨੀ ਦੀਆਂ ਤਸਵੀਰਾਂ ਤੋਂ ਸਿੱਧੂ ਹੋਏ ਖ਼ਫ਼ਾ
  • ਨਵੇਂ ਐਲਾਨੇ ਜਥੇਬੰਦਕ ਢਾਂਚੇ ਵਿੱਚ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਅਹੁਦੇ ਦਿੱਤੇ ਜਾਣ ਦਾ ਮਾਮਲਾ ਵੀ ਉੱਠਿਆ

ਚੰਡੀਗੜ੍ਹ (ਸਮਾਜ ਵੀਕਲੀ):ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਅੱਜ ਪਲੇਠੀ ਬੈਠਕ ’ਚ ਸੀਨੀਅਰ ਆਗੂਆਂ ਨੇ ਚੋਣ ਮੁਹਿੰਮ ਵਿੱਚ ਕੁੱਦਣ ਤੋਂ ਪਹਿਲਾਂ ਇਕਜੁੱਟਤਾ ਦਿਖਾਈ। ਕਮੇਟੀ ਦੀ ਮੀਟਿੰਗ ਦੇ ਬਾਹਰੋਂ ਤਾਂ ਅੱਜ ਸਭ ਅੱਛਾ ਨਜ਼ਰ ਆਇਆ ਪਰ ਮੀਟਿੰਗ ਦੇ ਅੰਦਰ ਨਵਜੋਤ ਸਿੱਧੂ ਅੱਜ ਵੀ ਮੁੱਖ ਮੰਤਰੀ ਚੰਨੀ ਨਾਲ ਪੂਰੀ ਤਰ੍ਹਾਂ ਖ਼ਫ਼ਾ ਨਜ਼ਰ ਆਏ। ਮੀਟਿੰਗ ਵਿਚ ਚੋਣ ਮੁਹਿੰਮ ਸ਼ਖ਼ਸੀ ਆਧਾਰ ’ਤੇ ਕੇਂਦਰਿਤ ਕਰਨ ਜਾਂ ਫਿਰ ਪਾਰਟੀ ਦੀ ਵਿਚਾਰਧਾਰਾ ਨੂੰ ਆਧਾਰ ਬਣਾਉਣ ਦੀ ਗੱਲ ਤੁਰੀ ਤਾਂ ਨਵਜੋਤ ਸਿੱਧੂ ਭਖਣਾ ਸ਼ੁਰੂ ਹੋ ਗਏ।

ਅਹਿਮ ਸੂਤਰਾਂ ਅਨੁਸਾਰ ਜਦੋਂ ਬੈਠਕ ’ਚ ਦਲਿਤ ਚਿਹਰੇ ਨੂੰ ਅੱਗੇ ਰੱਖਣ ਦੀ ਗੱਲ ਚੱਲੀ ਤਾਂ ਨਵਜੋਤ ਸਿੱਧੂ ਨੇ ਇਹ ਆਖ ਦਿੱਤਾ ਕਿ ਉਨ੍ਹਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ, ਪਰ ਨਾਲ ਹੀ ਤਲਖ਼ੀ ਵਿਚ ਆਖ ਦਿੱਤਾ ਕਿ ਇੱਥੋਂ ਹੀ ਵੋਟਾਂ ਤਲਾਸ਼ ਲੈਣਾ। ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਨੇ ਤਿੰਨ ਇਤਰਾਜ਼ ਖੜ੍ਹੇ ਕੀਤੇ ਹਨ। ਇੱਕ ਇਹ ਕਿ ਮੁੱਖ ਮੰਤਰੀ ਹਰ ਪਾਸੇ ਇਕੱਲੇ ਹੀ ਚਲੇ ਜਾਂਦੇ ਹਨ, ਦੂਜਾ ਚੰਨੀ ਹਰ ਪਾਸੇ ਆਪਣੀ ਹੀ ਤਸਵੀਰ ਚਮਕਾ ਰਹੇ ਹਨ ਅਤੇ ਤੀਜਾ, ਮੁੱਖ ਮੰਤਰੀ ਇਕੱਲੇ ਹੀ ਫ਼ੈਸਲੇ ਲੈ ਰਹੇ ਹਨ। ਮੀਟਿੰਗ ਦੌਰਾਨ ਚੋਣ ਮੁਹਿੰਮ ਦੀ ਰੂਪ-ਰੇਖਾ ਬਾਰੇ ਗੱਲ ਤੁਰੀ ਤੁਰੀ ਤਾਂ ਸਿੱਧੂ ਨੇ ਚੰਨੀ ਵੱਲ ਝਾਕ ਕੇ ਕਿਹਾ ਕਿ ‘ਚੋਣ ਮੁਹਿੰਮ ਵਿੱਢ ਤਾਂ ਰੱਖੀ ਹੈ’। ਮੁੱਖ ਮੰਤਰੀ ਚੰਨੀ ਅੱਜ ਮੀਟਿੰਗ ਵਿਚ ਥੋੜ੍ਹਾ ਲੇਟ ਆਏ ਤੇ ਜ਼ਿਆਦਾ ਸਮਾਂ ਚੁੱਪ ਹੀ ਰਹੇ। ਮੁੱਖ ਮੰਤਰੀ ਚੰਨੀ ਨੇ ਮੀਟਿੰਗ ’ਚ ਇੰਨਾ ਹੀ ਕਿਹਾ ਕਿ ਜੋ ਹਾਈਕਮਾਨ ਤੇ ਚੋਣ ਪ੍ਰਚਾਰ ਕਮੇਟੀ ਦੀ ਸਹਿਮਤੀ ਬਣੇਗੀ, ਉਹ ਪ੍ਰਵਾਨ ਹੋਵੇਗੀ। ਅੱਜ ਦੀ ਮੀਟਿੰਗ ਵਿਚ ਪਾਰਟੀ ਦੇ ਨਵੇਂ ਐਲਾਨੇ ਜਥੇਬੰਦਕ ਢਾਂਚੇ ਵਿਚ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਅਹੁਦੇ ਦਿੱਤੇ ਜਾਣ ਦਾ ਮਾਮਲਾ ਵੀ ਉੱਠਿਆ।

ਸੂਤਰਾਂ ਅਨੁਸਾਰ ਇਹ ਰਾਏ ਵੀ ਬਣੀ ਕਿ ਵਰਕਰ ਤਾਂ ਪਹਿਲਾਂ ਹੀ ਟੁੱਟੇ ਪਏ ਹਨ ਅਤੇ ਵਰਕਰਾਂ ਨੂੰ ਹੁਲਾਰਾ ਦੇਣ ਲਈ ਆਗੂਆਂ ਦੇ ਰਿਸ਼ਤੇਦਾਰਾਂ ਨੂੰ ਦਿੱਤੇ ਅਹੁਦਿਆਂ ਵਿੱਚ ਫੇਰਬਦਲ ਕੀਤੀ ਜਾਵੇ। ਨਵਜੋਤ ਸਿੱਧੂ ਨੇ ਇਸ ਮੌਕੇ ਬਿਨਾਂ ਨਾਮ ਲਏ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਰਿਸ਼ਤੇਦਾਰ ਨੂੰ ਦਿੱਤੇ ਅਹੁਦੇ ਅਤੇ ਹੋਰਨਾਂ ਵੱਲੋਂ ਦਿੱਤੀਆਂ ਚੇਅਰਮੈਨੀਆਂ ’ਤੇ ਉਂਗਲ ਉਠਾਈ। ਮੀਟਿੰਗ ਮਗਰੋਂ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸੰਗਠਿਤ ਹੋ ਰਹੀ ਹੈ, ਜੋ ਪਾਰਟੀ ਦੇ ਅਸਲ ਵਰਕਰ ਹਨ, ਉਨ੍ਹਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਸ ਮੀਟਿੰਗ ਵਿਚ ਚੋਣ ਰਣਨੀਤੀ ਦਾ ਖ਼ਾਕਾ ਤਿਆਰ ਕਰਨ ਲਈ ਸਾਂਝੇ ਮਸ਼ਵਰੇ ਕੀਤੇ। ਚੋਣ ਮੁਹਿੰਮ ਨੂੰ ਕਿਨ੍ਹਾਂ ਨੁਕਤਿਆਂ ’ਤੇ ਫੋਕਸ ਕੀਤਾ ਜਾਣਾ ਹੈ, ਉਸ ’ਤੇ ਚਰਚਾ ਕੀਤੀ ਗਈ ਹੈ। ਚੇਤੇ ਰਹੇ ਕਿ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੱਲੋਂ ਲੰਘੇ ਕੱਲ੍ਹ ਇਨਕਾਰ ਕੀਤੇ ਜਾਣ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਾਖੜ ਦੇ ਘਰ ਦੀ ਨਿੱਜੀ ਫੇਰੀ ਦਾ ਪ੍ਰੋਗਰਾਮ ਰੱਦ ਕਰਨਾ ਪਿਆ ਸੀ। ਇਸੇ ਤਰ੍ਹਾਂ ਨਵਜੋਤ ਸਿੱਧੂ ਨੇ ਵੀ ਮੁੱਖ ਮੰਤਰੀ ਦੀ ਚੋਣ ਸਮੇਂ ਜਾਖੜ ਦੇ ਰਾਹ ਰੋਕੇ ਸਨ।

ਇਹ ਤਿੰਨੋਂ ਆਗੂ ਅੱਜ ਪਹਿਲੀ ਦਫ਼ਾ ਇੱਕ ਮੰਚ ’ਤੇ ਇਕੱਠੇ ਹੋਏ। ਉਂਜ ਨਵਜੋਤ ਸਿੱਧੂ ਨੇ ਮੀਟਿੰਗ ਤੋਂ ਪਹਿਲਾਂ ਸੁਨੀਲ ਜਾਖੜ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜਾਖੜ ਦੀ ਲੰਮੀ ਸਿਆਸੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਸੰਗਠਿਤ ਸ਼ਕਤੀ ਹੀ ਜਿੱਤ ਦਾ ਕਾਰਨ ਬਣਦੀ ਹੈ। ਮੀਟਿੰਗ ਵਿਚ ਮੌਜੂਦ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਾਥ, ਸਹਿਯੋਗ ਅਤੇ ਵਰਕਰਾਂ ਦੀ ਮਿਹਨਤ ਨਾਲ ਕਾਂਗਰਸ ਪੰਜਾਬ ਵਿਚ ਮੁੜ ਸਰਕਾਰ ਬਣਾਏਗੀ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਕਿਹਾ ਕਿ ਆਗਾਮੀ ਚੋਣ ਮੁਹਿੰਮ ਦੇ ਕੇਂਦਰ ਬਿੰਦੂ ਨੂੰ ਲੈ ਕੇ ਅੱਜ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਹਰ ਆਗੂ ਨੇ ਆਪਣੀ ਰਾਏ ਰੱਖੀ ਹੈ। ਅਗਲੇ ਦਿਨਾਂ ਵਿਚ ਮੁਹਿੰਮ ਸ਼ੁਰੂ ਹੋ ਜਾਵੇਗੀ|

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਟੌਲ ਪਲਾਜ਼ਿਆਂ ਉੱਤੇ ਅਜੇ ਡਟੇ ਰਹਿਣਗੇ ਕਿਸਾਨ