ਇਮਾਨਦਾਰੀ ਨਾਲ ਤਲਾਕਸ਼ੁਦਾ ਔਰਤ ਕਰੋੜਪਤੀ ਬਣੀ 

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

          (ਸੱਚ ਤੇ ਅਧਾਰਤ)

(ਸਮਾਜ ਵੀਕਲੀ)

  (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦਿਨੋਂ ਦਿਨ ਭਾਰਤ ਵਿੱਚ ਤਲਾਕ ਦੇ ਕੇਸ ਵਧ ਰਹੇ ਹਨ l ਤਲਾਕ ਹੋਣ ਦੇ ਕਈ ਕਾਰਨ ਹਨ l ਅੱਜ ਇਸ ਆਰਟੀਕਲ ਵਿੱਚ ਕਾਰਨਾਂ ਦੀ ਗੱਲ ਨਹੀਂ ਕੀਤੀ ਜਾਵੇਗੀ l ਇਹ ਦੇਖਿਆ ਜਾਵੇਗਾ ਕਿ ਤਲਾਕ ਹੋਣ ਦੀ ਸੂਰਤ ਵਿੱਚ ਆਮ ਤੌਰ ਤੇ ਦੋਹਾਂ ਧਿਰਾਂ ਦਾ ਵੱਖ ਵੱਖ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ l ਇਸ ਨੁਕਸਾਨ ਤੋਂ ਬਿਨਾਂ ਬੱਚੇ ਵੀ ਇਸ ਪੀੜ ਵਿੱਚ ਪਿਸ ਜਾਂਦੇ ਹਨ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ l ਇਹ ਦੇਖਿਆ ਜਾਵੇਗਾ ਕਿ ਇਸ ਤਰਾਂ ਦੀ ਮੁਸੀਬਤ ਪੈਣ ਤੇ ਵੀ ਕਿਸ ਤਰਾਂ ਆਪਣੇ ਬੱਚੇ ਵਧੀਆ ਤਰੀਕੇ ਨਾਲ ਪਾਲੇ ਜਾ ਸਕਦੇ ਹਨ ਅਤੇ ਕਰੋੜਾਂ ਦੇ ਮਾਲਕ ਬਣਿਆ ਜਾ ਸਕਦਾ ਹੈ ?

ਨਿਊਜ਼ੀਲੈਂਡ ਵਿੱਚ ਵੀ ਤਲਾਕ ਬਹੁਤ ਹੁੰਦੇ ਹਨ ਪਰ ਇਥੇ ਦੇ ਕਲਚਰ ਵਿੱਚ ਇਸ ਨੂੰ ਕੋਈ ਜਿਆਦਾ ਮਾੜਾ ਨਹੀਂ ਗਿਣਿਆ ਜਾਂਦਾ l ਦੋਨੋਂ ਧਿਰਾਂ ਆਪੋ ਆਪਣੀ ਵੱਖਰੀ ਜਿੰਦਗੀ ਸ਼ੁਰੂ ਕਰ ਦਿੰਦੀਆਂ ਹਨ l ਬੱਚੇ ਵਾਰੀ ਵਾਰੀ ਆਪਣੇ ਮਾਂ ਪਿਓ ਕੋਲ ਆਉਂਦੇ ਜਾਂਦੇ ਰਹਿੰਦੇ ਹਨ l ਤਲਾਕਸ਼ੁਦਾ ਜੋੜਾ ਆਪਸ ਵਿੱਚ ਬੋਲਦਾ ਚੱਲਦਾ ਰਹਿੰਦਾ ਹੈ ਭਾਵੇਂ ਕਿ ਉਨ੍ਹਾਂ ਨੇ ਕਿਤੇ ਹੋਰ ਵਿਆਹ ਵੀ ਕਰਾ ਲਏ ਹੋਣ l ਗੱਲ ਸੰਨ 2003 ਦੀ ਹੈ ਜਦੋਂ ਮੈਂ ਘਰ ਖਰੀਦਣ ਅਤੇ ਵੇਚਣ ਦਾ ਕੰਮ ਸਿੱਖਦਾ ਹੁੰਦਾ ਸੀ l ਭਾਵੇਂ ਕਿ ਮੈਂ ਇਸ ਕੰਮ ਪ੍ਰਤੀ ਕਾਫੀ ਕੁੱਝ ਸਿੱਖ ਅਤੇ ਜਾਣ ਚੁੱਕਾ ਸੀ ਪਰ ਫਿਰ ਵੀ ਮੇਰੀ ਕੋਸ਼ਿਸ਼ ਰਹਿੰਦੀ ਸੀ ਕਿ ਜਿੰਨੇ ਵੀ ਇਸ ਖੇਤਰ ਦੇ ਤਜਰਬੇ ਵਾਲੇ ਲੋਕ ਮਿਲਣ ਉਨ੍ਹਾਂ ਤੋਂ ਸਿੱਖਿਆ ਜਾਵੇ ਅਤੇ ਜਿਆਦਾ ਤੋਂ ਜਿਆਦਾ ਕਿਤਾਬਾਂ ਪੜ੍ਹੀਆਂ ਜਾਣ ਜਾਂ ਸੈਮੀਨਾਰ ਦੇਖੇ ਜਾਣ l ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਿਆ ਜਾਵੇ ਤਾਂ ਕਿ ਆਪਣੀਆਂ ਕੀਤੀਆਂ ਗਲਤੀਆਂ ਮਹਿੰਗੀਆਂ ਨਾਂ ਪੈਣ l ਮੇਰੀ ਇਹ ਵੀ ਕੋਸ਼ਿਸ਼ ਰਹਿੰਦੀ ਸੀ ਕਿ ਜੇ ਹੋ ਸਕੇ ਤਾਂ ਜੋ ਮੈਂ ਸਿੱਖਿਆ ਉਹ ਵੀ ਦੂਜਿਆਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਉਹ ਵੀ ਇਸ ਦਾ ਲਾਭ ਉਠਾ ਸਕਣ l

ਮੈਂ ਇੱਕ ਸੈਮੀਨਾਰ ਵਿੱਚ ਗਿਆ ਜੋ ਪੂਰੇ ਦਿਨ ਦਾ ਸੀ l ਉਸ ਸੈਮੀਨਾਰ ਵਿੱਚ ਮੈਂ ਇਕੱਲਾ ਪੰਜਾਬੀ ਸੀ l ਵੈਸੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਪੰਜਾਬੀ ਘੱਟ ਹੀ ਆਉਂਦੇ ਹੁੰਦੇ ਸੀ ਪਰ ਹੈਰਾਨੀ ਦੀ ਗੱਲ ਸੀ ਕਿ ਸਾਰੇ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਛੱਡਣ ਜਾਂ ਚੁੱਕਣ ਵਾਸਤੇ ਜੋ ਟੈਕਸੀਆਂ ਆਉਂਦੀਆਂ ਸਨ ਉਹ ਕਾਫੀ ਗਿਣਤੀ ਵਿੱਚ ਪੰਜਾਬੀ ਡਰਾਈਵਰਾਂ ਦੀਆਂ ਹੀ ਹੁੰਦੀਆਂ ਸੀ l ਮੈਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੁੰਦੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬੀ ਇਥੇ ਟੈਕਸੀ ਵਿੱਚ ਛੱਡ ਕੇ ਗਏ ਸਨ ਉਨ੍ਹਾਂ ਵਿਚੋਂ ਕਿੰਨੇ ਹੀ ਆਉਣ ਵਾਲੇ ਸਮੇਂ ਵਿੱਚ ਕਰੋੜਪਤੀ ਬਣ ਜਾਣੇ ਸਨ ਕਿਉਂਕਿ ਉਹ ਸੈਮੀਨਾਰ ਹੀ ਲੋਕਾਂ ਨੂੰ ਕਰੋੜਪਤੀ ਬਣਾਉਣ ਵਾਸਤੇ ਸੀ ਪਰ ਫਿਰ ਵੀ ਜੋ ਵਿਅਕਤੀ ਜਿਸ ਚੀਜ਼ ਨੂੰ ਲੱਭਦਾ ਹੈ ਉਸ ਨੂੰ ਉਹੀ ਮਿਲਦੀ ਹੈ l ਟੈਕਸੀ ਡਰਾਈਵਰਾਂ ਨੂੰ ਸਵਾਰੀ ਦੀ ਭਾਲ ਸੀ ਉਨ੍ਹਾਂ ਨੂੰ ਸਵਾਰੀਆਂ ਮਿਲ ਗਈਆਂ ਅਤੇ ਸਵਾਰੀਆਂ ਨੂੰ ਕਰੋੜਾਂ ਡਾਲਰਾਂ ਦੀ ਭਾਲ ਸੀ l ਉਨ੍ਹਾਂ ਸਵਾਰੀਆਂ ਨੂੰ ਕਰੋੜਾਂ ਡਾਲਰ ਮਿਲ ਗਏ l ਕੁੱਝ ਇਸ ਤਰਾਂ ਵੀ ਹੋਣਗੇ ਜਿਨ੍ਹਾਂ ਨੂੰ ਦੋਨੋਂ ਚੀਜ਼ਾਂ ਨਾਂ ਮਿਲੀਆਂ ਹੋਣ ਕਿਉਂਕਿ ਉਹ ਫੈਸਲਾ ਹੀ ਨਹੀਂ ਕਰ ਪਾਏ ਹੋਣੇ ਕਿ ਉਨ੍ਹਾਂ ਨੂੰ ਕੀ ਚਾਹੀਦਾ ਹੈ ?

ਸੈਮੀਨਾਰ ਸ਼ੁਰੂ ਹੋਇਆ l ਸੈਮੀਨਾਰ ਵਿੱਚ ਦੋ ਸੋ ਦੇ ਕਰੀਬ ਲੋਕ ਸਨ l ਅਸੀਂ ਛੇ ਛੇ ਜਣੇ ਇਕੱਲੇ ਇਕੱਲੇ ਟੇਬਲ ਤੇ ਬੈਠੇ ਸੀ l ਸਾਡੇ ਛੇ ਜਣਿਆਂ ਵਿਚੋਂ ਤਿੰਨ ਔਰਤਾਂ ਅਤੇ ਤਿੰਨ ਬੰਦੇ ਸਨ l ਸ਼ੁਰੂ ਵਿੱਚ ਉਨ੍ਹਾਂ ਨੇ ਸਟੇਜ ਤੋਂ ਕਿਹਾ ਕਿ ਪੰਜ ਮਿੰਟ ਵਿੱਚ ਤੁਸੀਂ ਇੱਕ ਦੂਜੇ ਨੂੰ ਆਪਣੇ ਟੇਬਲ ਤੇ ਆਪਣੇ ਬਾਰੇ ਇੱਕ ਦੂਜੇ ਨੂੰ ਜਾਣਕਾਰੀ ਦਿਓ ਕਿ ਤੁਸੀਂ ਕੌਣ ਹੋ ? ਕਿਹੜੇ ਸ਼ਹਿਰ ਤੋਂ ਹੋ ? ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ? ਅਸੀਂ ਇਹ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ l ਉਸ ਸਮੇਂ ਮੈਂ ਕਿਸੇ ਹੋਰ ਕੰਪਨੀ ਵਿੱਚ ਮੈਨੇਜਰ ਸੀ ਅਤੇ ਮੇਰੇ ਕੋਲ ਆਪਣੇ ਪੰਜ ਘਰ ਸਨ ਜੋ ਕਿਰਾਏ ਤੇ ਦਿੱਤੇ ਹੋਏ ਸਨ l ਹਾਲਾਂਕਿ ਪੰਜ ਘਰ ਹੋਣਾ ਮੇਰੇ ਲਈ ਕੋਈ ਵੱਡੀ ਪ੍ਰਾਪਤੀ ਨਹੀਂ ਸੀ ਪਰ ਫਿਰ ਵੀ ਦੂਜਿਆਂ ਨੂੰ ਮੇਰੀ ਉਮਰ ਦੇ ਹਿਸਾਬ ਨਾਲ ਕੀਤੀ ਹੋਈ ਮੇਰੀ ਬਹੁਤ ਵੱਡੀ ਪ੍ਰਾਪਤੀ ਲਗਦੀ ਸੀ l ਬਾਕੀ ਮੈਨੂੰ ਕਹਿਣ ਲੱਗੇ ਕਿ ਅੱਜ ਤੇਰੇ ਤੋਂ ਵੀ ਕੁੱਝ ਸਿੱਖਣ ਨੂੰ ਮਿਲੇਗਾ l ਤੂੰ ਸਾਡੇ ਵਿਚੋਂ ਸਭ ਤੋਂ ਵੱਧ ਤਜਰਬਾ ਰੱਖਦਾ ਹੈਂ l

ਸਾਡੇ ਟੇਬਲ ਤੇ ਜੋ ਗੋਰੀ ਔਰਤ ਮੇਰੇ ਨਾਲ ਬੈਠੀ ਸੀ ਉਸ ਦਾ ਤਾਜ਼ਾ ਹੀ ਤਲਾਕ ਹੋਇਆ ਸੀ l ਕਿਰਾਏ ਦੇ ਘਰ ਵਿੱਚ ਹੀ ਰਹਿੰਦੀ ਸੀ ਅਤੇ ਦੋ ਬੱਚੇ ਸਨ l ਉਮਰ ਪੱਚੀ ਸਾਲ ਦੇ ਕਰੀਬ ਹੋਵੇਗੀ l ਤਲਾਕ ਤੋਂ ਬਾਦ ਉਸ ਦੇ ਹਿੱਸੇ ਕੋਈ ਜ਼ਮੀਨ ਜਾਇਦਾਦ ਜਾਂ ਕੋਈ ਘਰ ਨਹੀਂ ਆਇਆ ਸੀ ਕਿਉਂਕਿ ਜਦੋਂ ਉਹ ਪਤੀ ਪਤਨੀ ਇਕੱਠੇ ਰਹਿੰਦੇ ਸਨ ਉਨ੍ਹਾਂ ਕੋਈ ਜਾਇਦਾਦ ਨਹੀਂ ਬਣਾਈ ਸੀ l ਉਸ ਔਰਤ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਬੱਚੇ ਵੀ ਵਧੀਆ ਤਰੀਕੇ ਨਾਲ ਪਾਲਣਾ ਅਤੇ ਪੜ੍ਹਾਉਣਾ ਚਾਹੁੰਦੀ ਹੈ l ਉਸ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਰਹਿਣ ਸਹਿਣ ਲਈ ਵੀ ਪੈਸੇ ਦੀ ਲੋੜ ਹੈ ਅਤੇ ਉਸ ਦੇ ਆਪਣੇ ਖਰਚੇ ਲਈ ਵੀ ਪੈਸੇ ਦੀ ਲੋੜ ਹੈ l ਉਸ ਔਰਤ ਦੀ ਇਹ ਵੀ ਮਜ਼ਬੂਰੀ ਸੀ ਕਿ ਬੱਚੇ ਛੋਟੇ ਹੋਣ ਕਰਕੇ ਉਹ ਕੰਮ ਵੀ ਨਹੀਂ ਕਰ ਸਕਦੀ ਸੀ l ਸਰਕਾਰ ਤੋਂ ਉਹ ਕੋਈ ਮੱਦਦ ਵੀ ਨਹੀਂ ਲੈਣਾ ਚਾਹੁੰਦੀ ਸੀ l ਉਸ ਦਾ ਕਹਿਣਾ ਸੀ ਕਿ ਸਰਕਾਰ ਤਾਂ ਬੁਰਕੀ ਬੁਰਕੀ ਰੋਟੀ ਪਾਉਂਦੀ ਹੈ ਜਿਸ ਨਾਲ ਨਾਂ ਬੰਦਾ ਰੱਜਦਾ ਹੈ ਅਤੇ ਨਾਂ ਭੁੱਖਾ ਮਰਦਾ ਹੈ l

ਉਹ ਔਰਤ ਅੱਜ ਦੇ ਪ੍ਰੋਗਰਾਮ ਦੀ ਟਿਕਟ ਵੀ ਆਪਣੇ ਕ੍ਰੈਡਿਟ ਕਾਰਡ ਤੋਂ ਲੈ ਕੇ ਆਈ ਸੀ l ਅਸੀਂ ਸਾਰਾ ਦਿਨ ਪ੍ਰੋਗਰਾਮ ਦੇਖਿਆ l ਪ੍ਰੋਗਰਾਮ ਦੌਰਾਨ ਸਾਨੂੰ ਚਾਹ ਪਾਣੀ ਅਤੇ ਦੁਪਹਿਰ ਦੇ ਖਾਣੇ ਵੇਲੇ ਵੱਖ ਵੱਖ ਲੋਕਾਂ ਨਾਲ ਗੱਲਾਂ ਕਰਨ ਨੂੰ ਵੀ ਮਿਲੀਆਂ l ਗੱਲਾਂ ਕਰਨ ਤੋਂ ਭਾਵ ਕਿ ਸਭ ਨੇ ਆਪੋ ਆਪਣੀਆਂ ਮੁਸੀਬਤਾਂ, ਗਲਤੀਆਂ ਜਾਂ ਤਰੱਕੀਆਂ ਸਾਂਝੀਆਂ ਕੀਤੀਆਂ ਤਾਂ ਕਿ ਇੱਕ ਦੂਜੇ ਨੂੰ ਸਿੱਖਣ ਨੂੰ ਮਿਲੇ l ਜਦੋਂ ਤਿੰਨ ਹਿੱਸੇ ਪ੍ਰੋਗਰਾਮ ਖਤਮ ਹੋ ਗਿਆ ਤਾਂ ਚਾਹ ਦੇ ਵੇਲੇ ਔਰਤ ਮੈਨੂੰ ਕਹਿਣ ਲੱਗੀ ਕਿ ਮੈਨੂੰ ਚੰਗੀ ਤਰਾਂ ਸਮਝ ਲੱਗ ਗਈ ਹੈ ਕਿ ਅਮੀਰ ਬਣਨ ਵਾਸਤੇ ਕਿਸ ਤਰਾਂ ਦੇ ਘਰ ਖਰੀਦਣ ਦੀ ਲੋੜ ਹੈ ? ਉਹ ਕਹਿੰਦੀ ਕਿ ਮੇਰੀ ਸਮੱਸਿਆ ਇਹ ਹੈ ਕਿ ਮੇਰੇ ਕੋਲ ਅਜੇ ਕੋਈ ਵੀ ਪੈਸਾ ਨਹੀਂ ਹੈ l ਨਾਂ ਆਪਣੇ ਬੱਚਿਆਂ ਵਾਸਤੇ ਅਤੇ ਨਾਂ ਘਰ ਖਰੀਦਣ ਵਾਸਤੇ l ਨਾਂ ਹੀ ਮੈਨੂੰ ਕਿਸੇ ਬੈਂਕ ਨੇ ਕਰਜ਼ਾ ਦੇਣਾ ਹੈ ਕਿਉਂਕਿ ਮੇਰੀ ਕੋਈ ਆਮਦਨ ਹੀ ਨਹੀਂ ਹੈ l ਇਕੱਲੀ ਆਮਦਨ ਹੀ ਨਹੀਂ ਬਲਕਿ ਬੈਂਕ ਨੇ ਤਾਂ ਕਹਿਣਾ ਕਿ ਤੇਰੇ ਨਿਆਣੇ ਖਾਣਾ ਪਾਣੀ ਕਿਸ ਤਰ੍ਹਾਂ ਚਲਾਉਣਗੇ ? ਉਹ ਕਹਿੰਦੀ ਕਿ ਤੇਰਾ ਤਜਰਬਾ ਹੈ ਇਸ ਕੰਮ ਵਿੱਚ l ਤੂੰ ਮੈਨੂੰ ਜੇ ਕੋਈ ਰਾਹ ਦੱਸ ਦੇਵੇਂ ਤਾਂ ਮੈਂ ਤੇਰੀ ਬਹੁਤ ਧੰਨਵਾਦੀ ਹੋਵਾਂਗੀ l

ਮੈਂ ਉਸ ਨੂੰ ਕਿਹਾ ਕਿ ਜਿੰਨੇ ਲੋਕ ਇਥੇ ਕਰੋੜਪਤੀ ਬਣਨ ਆਏ ਹੋਏ ਹਨ ਉਨ੍ਹਾਂ ਵਿਚੋਂ ਜਿਆਦਾ ਅਜੇ ਜੌਬਾਂ ਹੀ ਕਰਦੇ ਹਨ l ਕਈ ਇਸ ਤਰਾਂ ਦੇ ਹਨ ਕਿ ਉਹ ਜੌਬ ਤੋਂ ਪੈਸੇ ਕਾਫੀ ਬਣਾ ਲੈਂਦੇ ਹਨ ਪਰ ਉਨ੍ਹਾਂ ਕੋਲ ਘਰ ਲੱਭਣ ਲਈ ਸਮਾਂ ਨਹੀਂ ਹੈ l ਜੇਕਰ ਤੂੰ ਉਨ੍ਹਾਂ ਵਾਸਤੇ ਵਧੀਆ ਘਰ ਲੱਭ ਕੇ ਦੇਵੇਂ ਤਾਂ ਉਸ ਬਦਲੇ ਫੀਸ ਲੈ ਲਿਆ ਕਰੀਂ l ਜਿੰਨੇ ਪੈਸੇ ਹੋਰ ਲੋਕ ਲੈਂਦੇ ਹਨ ਤੂੰ ਥੋੜ੍ਹੇ ਘੱਟ ਲੈ ਲਵੀਂ l ਉਸ ਨੂੰ ਮੇਰਾ ਸੁਝਾ ਪਸੰਦ ਆਇਆ l ਮੈਂ ਉਸੇ ਵੇਲੇ 12 ਵਿਅਕਤੀਆਂ ਦੇ ਬਿਜਨਸ ਕਾਰਡ ਉਸ ਨੂੰ ਲੈ ਦਿੱਤੇ, ਆਪਣਾ ਕਾਰਡ ਦਿੱਤਾ ਅਤੇ ਤਿੰਨ ਹੋਰ ਲੋਕਾਂ ਦੇ ਬਿਜਨਸ ਕਾਰਡ ਉਸ ਨੇ ਲੈ ਲਏ l ਪ੍ਰੋਗਰਾਮ ਖਤਮ ਹੋਣ ਤੱਕ ਉਸ ਕੋਲ 20 ਦੇ ਕਰੀਬ ਲੋਕਾਂ ਦੀ ਸੂਚੀ ਆ ਗਈ ਜਿਨ੍ਹਾਂ ਨੂੰ ਵਧੀਆ ਘਰਾਂ ਦੀ ਲੋੜ ਸੀ l ਪ੍ਰੋਗਰਾਮ ਖਤਮ ਹੋਇਆ ਤੇ ਉਹ ਮੇਰੀ ਕਾਰ ਤੱਕ ਮੈਨੂੰ ਛੱਡਣ ਆਈ ਕਹਿੰਦੀ ਕਿ ਤੇਰੀ ਦਿੱਤੀ ਹੋਈ ਸਿੱਖਿਆ ਮੈਂ ਜਿੰਦਗੀ ਭਰ ਨਹੀਂ ਭੁਲਾਂਗੀ l ਮੈਂ ਉਸ ਨੂੰ ਕਿਹਾ ਕਿ ਮੈਨੂੰ ਹੋਰ ਖੁਸ਼ੀ ਤਾਂ ਹੋਵੇਗੀ ਜੇ ਤੂੰ ਮੇਰੀ ਦੱਸੀ ਹੋਈ ਗੱਲ ਤੇ ਕੰਮ ਕਰਕੇ ਕਰੋੜਾਂ ਦੀ ਮਾਲਕ ਬਣ ਜਾਵੇਂ l ਇਸ ਤੋਂ ਬਾਦ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਗਏ l ਸਮਾਂ ਬੀਤਦਾ ਗਿਆ l ਇੱਕ ਸਾਲ ਵਿੱਚ ਉਸ ਨੇ ਤਕਰੀਬਨ 12 ਘਰ ਹੋਰ ਲੋਕਾਂ ਨੂੰ ਲੱਭ ਕੇ ਦਿੱਤੇ l ਉਨ੍ਹਾਂ ਬਦਲੇ ਉਸ ਨੂੰ ਇੱਕ ਲੱਖ ਡਾਲਰ ਦੇ ਕਰੀਬ ਦੀ ਆਮਦਨ ਹੋਈ l ਉਸ ਨੇ ਮੈਨੂੰ ਫੋਨ ਤੇ ਦੱਸਿਆ ਕਿ ਹੋਰ ਛੇ ਮਹੀਨੇ ਤੱਕ ਉਹ ਆਪਣਾ ਘਰ ਖਰੀਦਣ ਦੇ ਯੋਗ ਹੋ ਜਾਵੇਗੀ l ਉਹ ਆਪਣੇ ਬੱਚਿਆਂ ਕੋਲ ਘਰ ਹੀ ਰਹਿੰਦੀ ਸੀ ਤੇ ਘਰਾਂ ਦੀ ਭਾਲ ਕੰਪਿਊਟਰ ਜਾਂ ਅਖਬਾਰਾਂ ਦੀ ਵਰਤੋਂ ਨਾਲ ਹੀ ਕਰਦੀ ਸੀ ਅਤੇ ਘਰਾਂ ਦਾ ਸੌਦਾ ਫੈਕਸ ਮਸ਼ੀਨ ਦੀ ਵਰਤੋਂ ਰਾਹੀਂ ਹੁੰਦਾ ਸੀ l ਉਨ੍ਹਾਂ ਦਿਨਾਂ ਵਿੱਚ ਈ-ਮੇਲ ਦੀ ਵਰਤੋਂ ਘੱਟ ਸੀ l

ਇਸੇ ਤਰਾਂ ਕਰਦੀ ਉਹ ਅਗਲੇ ਪੰਜ ਸਾਲਾਂ ਵਿੱਚ ਕਈ ਘਰਾਂ ਦੀ ਮਾਲਕ ਬਣ ਗਈ ਜੋ ਕਈ ਕਰੋੜ ਦੀ ਕੀਮਤ ਦੇ ਘਰ ਸਨ l ਉਨ੍ਹਾਂ ਘਰਾਂ ਦਾ ਕਿਰਾਇਆ ਵੀ ਕਾਫੀ ਬਣ ਜਾਂਦਾ ਸੀ l ਬੈਂਕ ਦੀ ਕਿਸ਼ਤ ਦੇ ਕੇ ਉਸ ਨੂੰ ਕਾਫੀ ਪੈਸੇ ਬਚ ਜਾਂਦੇ ਸਨ l ਉਹ 35 ਸਾਲ ਦੀ ਉਮਰ ਵਿੱਚ ਹੀ ਰਿਟਾਇਰ ਹੋ ਗਈ ਸੀ ਭਾਵ ਉਸ ਨੂੰ ਕਿਸੇ ਦੇ ਕੰਮ ਕਰਨ ਦੀ ਲੋੜ ਨਹੀਂ ਰਹਿ ਗਈ ਸੀ ਅਤੇ ਉਸ ਨੂੰ ਕਿਸੇ ਸਰਕਾਰੀ ਮੱਦਦ ਦੀ ਲੋੜ ਨਹੀਂ ਸੀ l ਇਸ ਦੇ ਉਲਟ ਉਹ ਸਰਕਾਰ ਨੂੰ ਟੈਕਸ ਵੀ ਦਿੰਦੀ ਸੀ l ਜੋ ਉਸ ਦਾ ਪਤੀ ਉਸ ਨੂੰ ਛੱਡ ਕੇ ਗਿਆ ਸੀ ਉਹ ਅਜੇ ਵੀ ਪਹਿਲਾਂ ਵਾਂਗ ਹੀ ਕੰਮ ਕਰਦਾ ਸੀ ਅਤੇ ਉਸ ਦੀ ਆਰਥਿਕਤਾ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ l

ਇਸ ਤੋਂ ਇਹ ਪਤਾ ਲਗਦਾ ਹੈ ਕਿ ਮੁਸੀਬਤ ਵੇਲੇ ਡਟ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ l ਮਾੜਿਆਂ ਹਲਾਤਾਂ ਵਿਚੋਂ ਵੀ ਚੰਗੀਆਂ ਚੀਜ਼ਾਂ ਦੀ ਭਾਲ ਜਾਰੀ ਰੱਖਣੀ ਚਾਹੀਦੀ ਹੈ l ਮਾੜੇ ਹਲਾਤਾਂ ਵਿੱਚ ਵੀ ਆਪਣੇ ਸੁਪਨੇ ਛੋਟੇ ਨਹੀਂ ਕਰਨੇ ਚਾਹੀਦੇ l ਇਹ ਵੀ ਪਤਾ ਲਗਦਾ ਹੈ ਕਿ ਕਿਸ ਤਰਾਂ ਪੈਸੇ ਨਾਂ ਹੋਣ ਅਤੇ ਜੌਬ ਨਾਂ ਹੋਣ ਦੇ ਬਾਵਯੂਦ ਵੀ ਦੂਜਿਆਂ ਦੇ ਮੁਕਾਬਲੇ ਵੱਧ ਪੈਸਾ ਕਮਾਇਆ ਜਾ ਸਕਦਾ ਹੈ l ਅੱਜ ਲੋਕ ਛੋਟੀਆਂ ਛੋਟੀਆਂ ਸਮੱਸਿਆਵਾਂ ਹੋਣ ਤੇ ਆਤਮ ਹੱਤਿਆ ਕਰਨ ਦਾ ਰਾਹ ਚੁਣ ਲੈਂਦੇ ਹਨ ਜੋ ਕਿ ਬਹੁਤ ਦੁੱਖ ਦੀ ਗੱਲ ਹੈ l ਅਸੀਂ ਸੰਘਰਸ਼ਸ਼ੀਲ ਪਰਿਵਾਰਾਂ ਵਿਚੋਂ ਆਏ ਹਾਂ ਅਤੇ ਸਾਨੂੰ ਹਰ ਹਾਲਤ ਵਿੱਚ ਸੰਘਰਸ਼ ਦਾ ਰਾਹ ਨਹੀਂ ਛੱਡਣਾ ਚਾਹੀਦਾ l ਹਿੰਮਤ ਨਹੀਂ ਹਾਰਨੀ ਚਾਹੀਦੀ l ਉਪਰੋਕਤ ਔਰਤ ਦੀ ਹਿੰਮਤ ਅਤੇ ਕਾਮਯਾਬੀ ਬਾਬਾ ਨਾਜ਼ਮੀ ਦੀਆਂ ਹੇਠ ਲਿਖੀਆਂ ਸਤਰਾਂ ਯਾਦ ਕਰਾਉਂਦੀ ਹੈ :-

ਬੇ ਹਿੰਮਤੇ ਨੇ ਉਹ

ਜੋ ਸ਼ਿਕਵਾ ਕਰਨ ਮੁਕੱਦਰਾਂ ਦਾ

ਉਗਣ ਵਾਲੇ ਉਗ ਪੈਂਦੇ ਨੇ

ਸੀਨਾਂ ਪਾੜ੍ਹ ਕੇ ਪੱਥਰਾਂ ਦਾ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਜੱਦੀ ਪਿੰਡ ਖੁਰਦਪੁਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਾਨੂੰਨੀ ਮਾਨਤਾ (ਕੌੜੀਆਂ, ਪਰ ਸੱਚੀਆਂ ਗੱਲਾਂ)
Next article‘ਹਕੀਕਤ ‘(ਕਹਾਣੀ)