(ਸਮਾਜ ਵੀਕਲੀ)
ਸੱਚ ਹੈ ਕਿ ਸਾਡੇ ਆਪਣਿਆਂ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੁੰਦਾ ਹੈ। ਮਨੁੱਖ ਦਾ ਇਕਲੇ ਜੀਣਾ ਮੁਸ਼ਕਿਲ ਹੈ। ਸਗੋਂ ਆਪਣਿਆਂ ਦੀ ਜ਼ਰੂਰਤ ਹਰ ਵੇਲੇ ਮਹਿਸੂਸ ਹੁੰਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਇੰਨ੍ਹਾਂ ਮਹੱਤਵ ਦੇ ਕੇ ਆਪਣੇ ਆਪ ਨੂੰ ਖਤਮ ਹੀ ਕਰ ਲਈਏ। ਕਿਸੇ ਨੂੰ ਵੀ ਇਨ੍ਹਾਂ ਮਹਤੱਵ ਦੇਣਾ ਠੀਕ ਨਹੀਂ ਹੈ। ਜ਼ਿੰਦਗੀ ਵਿਚ ਸਾਥ ਜਰੂਰੀ ਹੈ ਜੇ ਉਸ ਸ਼ਰਤਾਂ ਤੇ ਮਿਲੇ ਤਾਂ ਉਸ ਨਾਲੋਂ ਇਕੱਲੇ ਰਹਿਣਾ ਬਿਹਤਰ ਹੈ। ਮਨੁੱਖ ਨੂੰ ਮਨੁੱਖ ਦੀ ਲੋੜ ਹਰ ਕੰਮ ਵਿੱਚ ਪੈਂਦੀ ਹੈ। ਸੁੱਖ ਦੁੱਖ ਵਿੱਚ ਆਪਣਿਆਂ ਦਾ ਸਾਥ ਭਾਲਦਾ ਹੈ। ਪਰ ਕਈ ਵਾਰ ਸਾਡੇ ਆਪਣੇ ਸਾਨੂੰ ਇਸਤੇਮਾਲ ਕਰਨ ਲੱਗਦੇ ਹਨ। ਸਾਡੇ ਨਜ਼ਦੀਕੀ ਹੋਣ ਕਰਕੇ ਉਹ ਸਾਡੀਆਂ ਮਾਨਸਿਕ ਕਮਜ਼ੋਰੀਆਂ ਤੋਂ ਜਾਣੂੰ ਹੁੰਦੇ ਹਨ। ਇਨ੍ਹਾਂ ਕਮਜ਼ੋਰੀਆਂ ਦਾ ਉਹ ਰੱਜ ਕੇ ਇਸਤੇਮਾਲ ਕਰਦੇ ਹਨ ਸਾਨੂੰ ਆਪਣੇ ਤਰੀਕੇ ਨਾਲ ਚਲਾਉਣ ਲਈ। ਇਹ ਕਰਨਾ ਠੀਕ ਨਹੀਂ। ਪਰ ਅੱਜ ਸਹੀ ਗਲਤ ਨੂੰ ਕੌਣ ਸਮਝਦਾ ਹੈ।
ਅੱਜ ਦੇ ਮਨੁੱਖ ਨੂੰ ਕੇਵਲ ਅਪਣਾ ਫਾਇਦਾ ਦਿਸਦਾ ਹੈ। ਆਪਣੇ ਫਾਇਦੇ ਲਈ ਉਹ ਨੈਤਿਕ ਅਤੇ ਅਨੈਤਿਕ ਦਾ ਵੀ ਵਿਚਾਰ ਨਹੀਂ ਕਰਦਾ। ਉਸ ਦਾ ਨਿਸ਼ਾਨਾ ਆਪਣਾ ਮਤਲਬ ਹੱਲ ਕਰਨਾ ਹੁੰਦਾ ਹੈ। ਇਸ ਲਈ ਕਈ ਹੱਥਕੰਡੇ ਅਪਣਾਉਂਦਾ ਹੈ। ਅਜਿਹੀ ਹਾਲਤ ਵਿੱਚ ਸਾਨੂੰ ਮਾਨਸਿਕ ਤੌਰ ਤੇ ਮਜਬੂਤ ਹੋਣ ਦੀ ਲੋੜ ਹੈ। ਰਿਸ਼ਤਿਆਂ ਵਿੱਚ ਆਪਸੀ ਲਗਾਉ ਤੇ ਪਿਆਰ ਹੋਣਾ ਜਰੂਰੀ ਹੈ। ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਇਹ ਲਗਾਉ ਤੁਹਾਡੀ ਕਮਜੋਰੀ ਨਾ ਬਣ ਜਾਵੇ। ਜੇ ਬਣ ਵੀ ਜਾਵੇ ਤਾਂ ਸਾਹਮਣੇ ਵਾਲੇ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਣ ਦਿਓ। ਇਹ ਦੁਨੀਆਂ ਦਾ ਡਰਦੇ ਨੂੰ ਡਰਾਉਂਦੀ ਹੈ ਤੇ ਡਰਾਉਂਦੇ ਤੋਂ ਡਰਦੀ ਹੈ। ਕਿਸੇ ਨਾਲ ਤੁਰਨਾ ਵੀ ਨਜ਼ਦੀਕੀ ਰਿਸ਼ਤਾ ਤੋੜਨਾ ਹੋਵੇ ਆਪਣੇ ਦਿਲ ਦਾ ਭੇਤ ਕਦੀ ਸਾਂਝਾ ਨਾ ਕਰੋ। ਯਾਦ ਰੱਖੋ ਜੇਕਰ ਤੁਸੀਂ ਆਪਣਾ ਭੇਤ ਨਹੀਂ ਰੱਖ ਸਕਦੇ ਤਾਂ ਦੂਸਰਾ ਕਿਉਂ ਰੱਖੇਗਾ। ਹਰ ਕਿਸੇ ਦਾ ਕੋਈ ਨਾ ਕੋਈ ਨਜ਼ਦੀਕੀ ਮਿੱਤਰ ਜ਼ਰੂਰ ਹੁੰਦਾ ਹੈ।
ਉਹ ਉਸ ਮਿੱਤਰ ਨਾਲ ਗੱਲ ਸਾਂਝੀ ਕਰੇਗਾ ਤੇ ਉਹ ਆਪਣੇ ਨਜ਼ਦੀਕੀ ਮਿੱਤਰ ਨਾਲ। ਕਿਸੇ ਵੀ ਵਿਅਕਤੀ ਨੂੰ ਆਪਣੀ ਮਾਨਸਿਕ ਕਮਜੋਰੀ ਦਾ ਅਹਿਸਾਸ ਕਦੀ ਨਾ ਹੋਣ ਦਿਓ। ਕੋਈ ਕਿੰਨਾ ਵੀ ਚੰਗਾ ਤੇ ਭਰੋਸੇਮੰਦ ਕਿਉਂ ਨਾ ਹੋਵੇ। ਅੱਜ ਕੱਲ ਪਤਾ ਨਹੀਂ ਲੱਗਦਾ ਕੌਣ ਕਦੋਂ ਬਦਲ ਜਾਵੇ। ਸੁਚੇਤ ਰਹਿਣਾ ਜ਼ਰੂਰੀ ਹੈ। ਹੈ ਅਜਿਹਾ ਨਹੀਂ ਕਿ ਸਭ ਲੋਕ ਮਾੜੇ ਹਨ। ਫਿਰ ਵੀ ਮਿੱਤਰ ਦੀ ਪਰਖ ਕਰ ਲੈਣਾ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ। ਮਨੁੱਖ ਜਦੋਂ ਵੀ ਮਾਰ ਖਾਂਦਾ ਹੈ ਆਪਣੇ ਅੰਦਰ ਦੀ ਕਮਜ਼ੋਰੀ ਤੋਂ ਹੀ ਮਾਰ ਖਾਂਦਾ ਹੈ। ਆਪਣੇ ਆਪ ਨੂੰ ਮਜ਼ਬੂਤ ਬਣਾਓ। ਆਪਣਾ ਸਹਾਰਾ ਆਪ ਬਣੋ। ਕਿਸੇ ਨੂੰ ਵੀ ਆਪਣੀ ਜ਼ਿੰਦਗੀ ਵਿਚ ਉਹ ਮੁਕਾਮ ਨਾ ਦਿਓ ਜਿੱਥੇ ਉਹ ਤੁਹਾਨੂੰ ਦਬਾ ਸਕੇ। ਜ਼ਿੰਦਗੀ ਦਾ ਆਨੰਦ ਲੈਣਾ ਹੈ ਤਾਂ ਮਾਨਸਿਕ ਤੌਰ ਤੇ ਮਜਬੂਤ ਬਣੋ। ਇਹ ਬਹੁਤ ਸੌਖਾ ਨਹੀਂ ਹੈ ਪਰ ਇੰਨਾ ਮੁਸ਼ਕਿਲ ਵੀ ਨਹੀਂ। ਤੁਸੀਂ ਜੋ ਗੱਲ ਬਾਰ ਬਾਰ ਆਪਣੇ ਮਨ ਨੂੰ ਕਹੋ ਕਿ ਓਹੋ ਜਿਹਾ ਹੀ ਸਾਡਾ ਮਨ ਹੋ ਜਾਵੇਗਾ।
ਆਪਣੇ ਆਪ ਨੂੰ ਹਮੇਸ਼ਾ ਸਕਾਰਾਤਮਕ ਸੁਝਾਅ ਦਿਉ। ਆਪਣੇ ਆਪ ਬਾਰੇ ਸਕਾਰਾਤਮਕ ਸੋਚ ਰੱਖੋ। ਯਾਦ ਰੱਖੋ ਜ਼ਿੰਦਾ ਰਹਿਣ ਲਈ ਸਿਰਫ ਸਾਹਾਂ ਦਾ ਚਲਦੇ ਰਹਿਣਾ ਜ਼ਰੂਰੀ ਹੈ। ਕਦੀ ਆਪਣੀ ਜ਼ਿੰਦਗੀ ਤੇ ਪਿਛਲ ਝਾਤ ਮਾਰ ਕੇ ਦੇਖੋ ਇੱਕ ਬਹੁਤ ਸਾਰੇ ਰਿਸ਼ਤੇ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋਵੋਗੇ ਕਿ ਇਨ੍ਹਾਂ ਬਿਨਾਂ ਅਸੀਂ ਜੀ ਨਹੀਂ ਸਕਦੇ। ਪਰ ਦੇਖੋ ਤੁਸੀਂ ਉਨ੍ਹਾਂ ਬਿਨਾਂ ਵੀ ਜੀ ਰਹੇ ਹੋ। ਇਸ ਲਈ ਕਿਸੇ ਨੂੰ ਕਮਜ਼ੋਰੀ ਨਾ ਬਣਨ ਦਿਓ। ਬੇਪਰਵਾਹ ਬਣੋ। ਆਪਣੇ ਆਪ ਨਾਲ ਜੀਣਾ ਸਿਖੋ। ਆਪਣੇ ਆਪ ਵਿਚ ਮਸਤ ਰਹੋ। ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉ। ਕਿਤਾਬਾਂ ਤੋਂ ਚੰਗਾ ਕੋਈ ਦੋਸਤ ਨਹੀਂ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly