(ਸਮਾਜ ਵੀਕਲੀ)
ਬੱਸ ਪਤਨੀ ਨੂੰ ਤਿੰਨੇ ਕੰਮ ਕਰਨ ਵਾਲੀਆਂ ਪਸੰਦ ਨੇ।
ਇੱਕ ਕੰਮ ਜ਼ਿਆਦਾ ਤੇ ਮੋਟਾ- ਸੋਟਾ ਕਰਦੀ ਹੈ,ਧੱਕੜ ਹੈ,ਪਿਛਲੇ ਤੇਤੀ ਸਾਲਾਂ ਤੋਂ ਘਰ ਦਾ ਜੀਅ,ਪਰ ਘਰ ਦੀ ਚਾਬੀ ਰੱਖਣ ਦਾ ਹੱਕ, ਤੇਤੀ ਸਾਲਾਂ ਵਿਚ ਉਸ ਨੂੰ ਨਹੀਂ ਮਿਲਿਆ।ਇਹ ਨਹੀਂ ਕਿ ਇਮਾਨਦਾਰ ਨਹੀਂ ਬੱਸ ਘਰ ਦੀ ਚਾਬੀ ਉਸ ਨੂੰ ਨਹੀਂ ਮਿਲੀ।
ਦੂਜੀ ਘਰ ਦਾ ਕੰਮ, ਸੁਸਤ ਤੇ ਮਸਤ ਚਾਲ ਨਾਲ ਕਰਦੀ ਹੈ,ਆਪਣੇ ਘਰ ਵਾਂਗ। ਛੋਟੇ ਕੰਮਾਂ ਦੀ ਸੁਨ੍ਹਰੀ ਹੈ,ਚਾਬੀ ਪਿਛਲੇ ਲੰਮੇ ਸਮੇਂ ਤੋਂ ਉਸ ਦੇ ਕੋਲ ਹੈ ਵਿਸ਼ਵਾਸ ਪਾਤਰ ਵੀ ਹੈ। ਤੇਈ ਸਾਲਾਂ ਤੋਂ ਕਿਸੇ ਦੂਜੇ ਦੇ ਘਰ ਕੰਮ ਕਰ ਕੇ ਨਹੀਂ ਦੇਖਿਆ।
ਤੀਜੀ ਦਾ ਕੰਮ ਵੀ ਠੀਕ ਹੈ ਪਰ ਸਮੇਂ ਦੀ ਪਾਬੰਦ ਨਹੀਂ, ਅੱਧੇ ਘੰਟੇ ਦਾ ਲਾਰਾ ਕਈ ਕਈ ਵਾਰ ਕਈ ਦਿਨਾਂ ਦਾ ਹੁੰਦਾ ਹੈ।
ਤਿਮਾਹੀ,ਛਿਮਾਹੀ ਗੇੜਾ ਮਾਰ ਜਾਂਦੀ ਹੈ, ਪਰ ਪਤਨੀ ਜੀ ਉਸ ਨੂੰ ਵੀ, ਛੱਡਣ ਨੂੰ ਤਿਆਰ ਨਹੀਂ।
ਤਿੰਨਾਂ ‘ਚੋਂ ਦੋ ਕਦੇ ਕਦੇ ਡਾਕਟਰੀ ਵੀ ਕਰ ਜਾਂਦੀਆਂ ਹਨ,ਰਸੋਈ ‘ਚ ਪਏ ਮਸਾਲਿਆਂ ਨਾਲ ਇਲਾਜ ਉਹਨਾਂ ਨੂੰ, ਸੱਚਮੁੱਚ ਹੀ ਆਉਂਦਾ ਹੈ। ਕਈ ਵਾਰ ਤਾਂ ਪਤਨੀ ਉਹਨਾਂ ਦੇਸੀ ਦਵਾਈਆਂ ਨਾਲ ਓਹਲ-ਪੌਹਲ ਕਰਦੀ ਵੀ ਨਜ਼ਰ ਆਉਂਦੀ ਹੈ ਕਿਉਂਕਿ ਵੱਖ ਵੱਖ ਘਰਾਂ ‘ਚੋਂ ਸਿੱਖੇ, ਦੇਸੀ ਨੁਸਖਿਆਂ ਦੇ ਤਜਰਬੇ ਨੇ,ਉਹਨਾਂ ਨੂੰ ਆਯੁਰਵੈਦਿਕ ਡਾਕਟਰ ਬਣਾ ਦਿੱਤਾ ਹੈ।
ਮੇਰੀ ਪਤਨੀ,ਮੇਰੀ ਇਹ ਕਹਿ ਕੇ ਮੇਰੀ ਤਸੱਲੀ ਕਰਵਾ ਦਿੰਦੀ ਹੈ “ਗਰੀਬ ਆਪਣਾ ਦਾਣਾ ਪਾਣੀ, ਕੰਮ ਕਰ ਕੇ ਖਾਂਦਾ ਹੈ, ਆਪਾਂ ਕੌਣ ਹੁੰਦੇ ਹਾਂ ਕਿਸੇ ਨੂੰ ਰੋਟੀ ਦੇਣ ਵਾਲੇ।”
ਤੇ ਆਪਾਂ ਇੱਕ ਦੇ ਵੀਰ ਜੀ ਤੇ ਦੋ ਦੇ ਅੰਕਲ ਜੀ। ਗੱਲ ਇਹ ਵੀ ਹੈ,ਤਿੰਨੇ ਕੁੜੀਆਂ ਵਾਂਗ ਰਹਿੰਦੀਆਂ ਹਨ ਤੇ ਵੱਡੇ ਭਰਾ ਤੋਂ ਵੱਧ ਇੱਜ਼ਤ ਵੀ ਦੇਂਦੀਆਂ ਹਨ। ਉਹਨਾਂ ਨੂੰ ਵੀ ਪਤੈ ਮੈਂ ਸਾਰਾ ਦਿਨ ਪੜ੍ਹਦਾ ਲਿਖਦਾ ਰਹਿੰਦਾ ਹਾਂ,ਕੰਮ ਕਰਦੀਆਂ,ਕੋਈ ਉੱਚੀ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ। ਇੱਕ ਦਿਨ ਸਭ ਤੋਂ ਪੁਰਾਣੀ ਪੋਹਲੋ ਕਹਿੰਦੀ,” ਵੀਰਿਆ! ਸਾਰਾ ਦਿਨ ਬੋਲ ਬੋਲ ਕੇ ਮੋਬਾਇਲ ‘ਤੇ ਲਿਖਦਾ ਰਹਿਣੈਂ,ਕੁਝ ਮਿਲਦਾ ਵੀ ਹੈ ?
ਮੈਂ ਕਿਹਾ,”ਹਾਂ ! ਮਿਲਦਾ ਹੈ ਸਕੂਨ, ਕਿਸੇ ਨਾਲ ਭਕਾਈ ਮਾਰਨੀ ਨਹੀਂ ਪੈਂਦੀ, ਤੇ ਆਪਣੀ ਭਕਾਈ ਸਭ ਤੱਕ ਪਹੁੰਚਾ ਜ਼ਰੂਰ ਦੇਈਂਦੀ ਹੈ। ਕਹਿੰਦੀ,” ਚੰਗਾ ਭੈੜਿਆ!
ਤੂੰ ਤਾਂ ਮੇਰੀ ਗੱਲ ਮਜ਼ਾਕ ਚ ਹੀ ਲੈ ਗਿਆ।” ਤੇ ਹੱਕ ਵੀ ਵੱਡੇ ਭਰਾ ਤੋਂ ਵੱਧ ਜਤਾਉਂਦੀਆਂ ਹਨ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly