ਸੱਚੋ-ਸੱਚ / ਔਰਤਾਂ ਲਈ ਖੁਦ-ਮੁਖਤਿਆਰੀ ਜ਼ਰੂਰੀ ਕਿਉਂ?

ਰਣਜੀਤ ਸਿੰਘ ਨੂਰਪੁਰਾ
(ਸਮਾਜ ਵੀਕਲੀ)-ਬੀਤੇ ਦਿਨੀਂ ਲੰਘ ਕੇ ਗਏ ਔਰਤ ਦਿਵਸ ਦੇ ਸਬੰਧ ਵਿੱਚ ਬਹੁਤ ਲਿਖਤਾਂ ਸੋਸ਼ਲ ਅਤੇ ਪ੍ਰਿੰਟ ਮੀਡੀਆ ‘ਤੇ ਪੜ੍ਹੀਆਂ। ਕਾਵਿ ਅਤੇ ਵਾਰਤਕ ਰੂਪ ਵਿੱਚ। ਕੁੱਝ ਅਜਿਹੇ ਵਿਸ਼ੇ ਨੂੰ ਲੈ ਕੇ ਲਿਖੀਆਂ ਨਕਾਰਾਤਮਕ ਰਚਨਾਵਾਂ ਵੀ ਪੜ੍ਹੀਆਂ ਜੋ ਔਰਤ ਨੂੰ ਗੁਲਾਮ ਦੇ ਰੂਪ ਵਿੱਚ ਪੇਸ਼ ਕਰਨ ਵਾਲੀਆਂ ਅਸਲੀਅਤ ਤੋਂ ਹਟਵੀਆਂ ਸਨ। ਸੋਚਦਾਂ ਸਾਂ ਕਿ ਜੇ ਪੰਜਾਬ ਦੀ ਔਰਤ ਦੀ ਗੱਲ ਹੈ ਤੇ ਉਸ ਦੀ ਹਾਲਤ ਇਨੀਂ ਮਾੜੀ ਨਹੀਂ ਹੈ ਜਿੰਨੀ ਕਿ ਰਚਨਾਵਾਂ ਵਿੱਚ ਤਸੱਵੁਰ ਕੀਤੀ ਗਈ ਹੈ।
        ਸਾਨੂੰ ਇਸਤਰੀਆਂ ਅਤੇ ਪੁਰਸ਼ਾਂ ਸਬੰਧੀ ਵੱਖੋ-ਵੱਖਰੇ ਆਚਰਨਕ
ਮਾਪ-ਦੰਡ ਨਹੀਂ ਅਪਨਾਉਣੇ ਚਾਹੀਦੇ। ਕਿਸੇ ਵੀ ਦੇਸ਼ ਵਿੱਚ ਇਸਤਰੀਆਂ ਦਾ ਮਰਦਾਂ ਨਾਲੋਂ ਵੱਧ ਚੰਗੇਰਾ ਹੋਣਾ ਸੰਭਵ ਨਹੀਂ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਮਾਪੇ ਆਪਣੀ ਸੋਚ ਬਦਲਣ ਤੇ ਧੀ ਨੂੰ ਪੁੱਤ ਵਾਂਗ ਹੀ ਪਾਲਣ। ਉਹ ਧੀਆਂ ਦੇ ਸ਼ਖ਼ਸੀ-ਵਿਕਾਸ ਲਈ ਲੋੜੀਂਦੀ ਖੁੱਲ੍ਹ ਅਤੇ ਖ਼ੁਦਮੁਖਤਿਆਰੀ ਨਿਸ਼ਚਿੰਤ ਹੋ ਕੇ ਦੇਣ ਤੇ ਫਿਰ ਧੀਆਂ ਨੂੰ ਮੁੰਡਿਆਂ ਵਾਂਗ ਹੀ ਕਿੱਤਾ ਚੋਣ ਦੀ ਖੁੱਲ੍ਹ ਵੀ ਦੇਣ। ਮਾਪੇ ਖੁਦ ਧੀ-ਪੁੱਤਰ ‘ਚ ਵਖਰੇਵਾਂ ਰੱਖਦੇ ਹਨ ਜਿਸ ਕਾਰਨ ਧੀਆਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਠੋਰ ਨਹੀਂ ਬਣਦੀਆਂ। ਚਾਹੀਦਾ ਤਾਂ ਇਹ ਹੈ ਕਿ ਧੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਜਾਵੇ, ਉਨ੍ਹਾਂ ਨੂੰ ਚਾਲ-ਚੱਲਣ ਬਨਾਉਣ ਦੀ ਖੁੱਲ੍ਹ ਦਿੱਤੀ ਜਾਵੇ,ਖ਼ੁਦਮੁਖਤਿਆਰੀ ਸਿਖਾਉਣ ਤੋਂ ਇਲਾਵਾ ਉਨ੍ਹਾਂ ਲਈ ਵੱਖਰਾ ਇਖਲਾਕੀ ਮਿਆਰ ਰੱਖਣਾ ਛੱਡ ਦਿੱਤਾ ਜਾਵੇ। ਮਾਪੇ ਦਲੇਰ ਹੋ ਕੇ ਧੀ-ਪੁੱਤ ਲਈ ਇੱਕੋ ਇਖਲਾਕੀ ਮਿਆਰ ਰੱਖਣ। ਮਾਪੇ ਮੁੰਡਿਆਂ ਦੀਆਂ ਕਮਜ਼ੋਰੀਆਂ ਤੋਂ ਤਾਂ ਇੰਨੇ ਚਿੰਤਾਤੁਰ ਨਹੀਂ ਹੁੰਦੇ ਜਿਨ੍ਹਾਂ ਕਿ ਧੀਆਂ ਦੇ ਮਾਮਲਿਆਂ ਵਿੱਚ ਹੁੰਦੀਆਂ ਹਨ।
             ਖ਼ੁਦਮੁਖਤਿਆਰੀ ਮਜਬੂਤੀ ਪੈਦਾ ਕਰਦੀ ਹੈ ਤੇ ਮਜਬੂਤੀ ਸਦਕਾ ਉਹ ਆਪਣੇ ਕੰਮ ਦੀ ਤਲਾਸ਼ ਵੀ ਕਰ ਸਕਦੀਆਂ ਹਨ। ਲੜਕਿਆਂ ਨੂੰ ਫ਼ੌਜ ਵਗੈਰਾ ਵਿੱਚ ਭੇਜ ਕੇ ਮਾਪੇ ਉਨ੍ਹਾਂ ਦੇ ਚਾਲ-ਚਲਣ ਬਾਰੇ ਭੋਰਾ ਵੀ ਫ਼ਿਕਰ ਨਹੀਂ ਕਰਦੇ ਪਰ ਲੜਕੀਆਂ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਚਿੰਤਾ ਹੰਢਾਈ ਜਾਂਦੀ ਹੈ। ਇਹੀ ਚਿੰਤਾ ਉਨ੍ਹਾਂ ਵਿੱਚ ਮਜ਼ਬੂਤੀ ਪੈਦਾ ਨਹੀਂ ਹੋਣ ਦਿੰਦੀ। ਧੀਆਂ ਪ੍ਰਤੀ ਚਿੰਤਾਵਾਂ ਨੇ ਹੀ ਉਨ੍ਹਾਂ ਨੂੰ ਪੁਤਲੀਆਂ ਬਣਾ ਦਿੱਤਾ ਹੈ। ਅੱਜ ਅਨੇਕਾਂ ਧੀਆਂ ਦਾ ਜ਼ਿਕਰ ਇੱਥੇ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਮਨੁੱਖ ਨੂੰ ਉਲੰਘ ਕੇ ਕਾਰਨਾਮੇ ਕਰਕੇ ਵਿਖਾਏ ਹਨ। ਜ਼ਿਆਦਾ ਨਿਗਰਾਨੀ ਜਾਂ ਰਾਖੀ ਵੀ ਧੀਆਂ ਨੂੰ ਕਮਜ਼ੋਰ ਬਣਾ ਰਹੀ ਹੈ ਤੇ ਛੋਟੀ ਉਮਰ ਵਿੱਚ ਹੀ ਉਸ ਦੇ ਮਨ ਅੰਦਰ ਡਰ ਭਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਹੜਾ ਕਿ ਉਮਰ ਭਰ ਉਸ ਦੇ ਨਾਲ ਹੀ ਰਹਿੰਦਾ ਹੈ।
          ਅਸੀਂ ਇਹ ਤਾਂ ਆਖਣ ਲੱਗ ਪਏ ਹਾਂ ਕਿ ਧੀਅ ਜਾਂ ਪੁੱਤ ਵਿੱਚ ਹੁਣ ਕੋਈ ਅੰਤਰ ਨਹੀਂ ਹੈ। ਧੀ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ ਜੋਕਿ ਵਧੀਆ ਗੱਲ ਹੈ ਪਰ ਪਾਲਣ-ਪੋਸ਼ਣ ਦੇ ਮਾਮਲੇ ਵਿੱਚ ਵੀ ਉਸ ਨੂੰ ਵੱਖਰੀ ਨਿਗ੍ਹਾ ਨਾਲ ਨਾ ਵੇਖਿਆ ਜਾਵੇ। ਆਈਲੈਟਸ ਦੇ ਮਾਮਲੇ ਵਿੱਚ ਧੀਆਂ ਸ਼ਾਨਦਾਰ ਮਾਅਰਕੇ ਮਾਰ ਰਹੀਆਂ ਹਨ ਤੇ ਘਰਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਕਾਇਆ ਕਲਪ ਕਰ ਰਹੀਆਂ ਹਨ।
ਸੋ ਆਓ, ਧੀਆਂ ਲਈ ਮਨਾਂ ਵਿਚਲਾ ਨਜ਼ਰੀਆ ਬਦਲੀਏ।
–ਰਣਜੀਤ ਸਿੰਘ ਨੂਰਪੁਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

One attachment • Scanned by Gmail

Previous articleਬੈਂਗਣਜ਼ 
Next articleਵੱਸ ਬੰਦਾ ਬੰਦੇ ਤੋਂ ਖੁਸ਼ ਨਹੀਂ