(ਸਮਾਜ ਵੀਕਲੀ) ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਉਹ ਪਰਿਵਾਰ, ਦੋਸਤਾਂ, ਸੰਗੀ ਸਾਥੀਆਂ ਅਤੇ ਸਮਾਜ ਨਾਲ ਜੁੜ ਕੇ ਜਿਉਂਦਾ ਹੈ। ਇਹ ਸੰਬੰਧ ਉਸਦੀ ਪਹਿਚਾਣ, ਉਸਦਾ ਵਿਉਹਾਰ ਅਤੇ ਉਸਦੀ ਜ਼ਿੰਦਗੀ ਦੀ ਦਿਸ਼ਾ ਬਣਾਉਂਦੇ ਹਨ। ਪਰ ਅਕਸਰ ਮਨੁੱਖ ਦੀ ਜ਼ਿੰਦਗੀ ਦੂਸਰਿਆਂ ਵਲੋਂ ਬਣਾਈ ਸੋਚ ਅਤੇ ਧਾਰਣਾਵਾਂ ਦੇ ਬੋਝ ਹੇਠ ਆ ਜਾਂਦੀ ਹੈ। ਜੇ ਕੋਈ ਉਸਨੂੰ ਚੰਗਾ ਕਹੇ ਤਾਂ ਉਹ ਖੁਸ਼ ਹੋ ਜਾਂਦਾ ਹੈ ਅਤੇ ਜੇ ਕੋਈ ਨਕਾਰਾਤਮਕ ਟਿੱਪਣੀ ਕਰੇ ਤਾਂ ਉਹ ਮਨੋਂ ਦੁੱਖੀ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਅਸਲੀ ਮਾਨਸਿਕ ਆਜ਼ਾਦੀ ਗੁਆ ਬੈਠਦਾ ਹੈ ਅਤੇ ਚਿੰਤਾਵਾਂ ਵਿੱਚ ਗ੍ਰਸਤ ਹੋ ਕੇ ਰੰਗਲੀ ਦੁਨੀਆ ਦੇ ਨਜ਼ਾਰਿਆਂ ਦਾ ਆਨੰਦ ਮਾਨਣ ਤੋਂ ਅਸਮਰੱਥ ਹੋ ਜਾਂਦਾ ਹੈ
ਦੂਸਰਿਆਂ ਦੀ ਵਿਚਾਰਧਾਰਾ ਦਾ ਪ੍ਰਭਾਵ
ਦੂਸਰੇ ਲੋਕਾਂ ਦੀ ਰਾਏ ਮਨੁੱਖ ਦੇ ਮਨੋਵਿਗਿਆਨ ਉੱਤੇ ਗਹਿਰਾ ਅਸਰ ਪਾਉਂਦੀ ਹੈ। ਬਚਪਨ ਤੋਂ ਹੀ ਅਸੀਂ ਇਹ ਸੁਣਦੇ ਆਏ ਹਾਂ ਕਿ “ਲੋਕ ਕੀ ਕਹਿਣਗੇ?”। ਇਹ ਇੱਕ ਐਸੀ ਲਕੀਰ ਬਣ ਜਾਂਦੀ ਹੈ ਜੋ ਸਾਡੇ ਫੈਸਲਿਆਂ ਨੂੰ, ਸਾਡੀਆਂ ਇੱਛਾਵਾਂ ਨੂੰ, ਸਾਡੀ ਆਜ਼ਾਦੀ ਨੂੰ ਵੀ ਨਿਰਧਾਰਤ ਕਰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਅਸੀਂ ਆਪਣੇ ਅਸਲੀ ਸੁਭਾਅ ਨੂੰ ਪ੍ਰਗਟ ਕਰਨ ਤੋਂ ਕਤਰਾਉਂਦੇ ਹਾਂ ਅਤੇ ਦੂਸਰਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਜਿਉਂਦੇ ਹਾਂ।
ਅਸਲੀ ਆਜ਼ਾਦੀ ਦੀ ਸਮਝ
ਅਸਲੀ ਆਜ਼ਾਦੀ ਸਿਰਫ਼ ਸਰੀਰਕ ਜਾਂ ਰਾਜਨੀਤਿਕ ਪੱਧਰ ਦੀ ਨਹੀਂ ਹੁੰਦੀ ਬਲਕਿ ਇਹ ਮਨੋਵਿਗਿਆਨਕ ਤੇ ਆਤਮਿਕ ਪੱਧਰ ਉੱਤੇ ਵੀ ਲੋੜੀਂਦੀ ਹੈ। ਜਦੋਂ ਤੱਕ ਅਸੀਂ ਦੂਸਰਿਆਂ ਦੀ ਬਣਾਈ ਵਿਚਾਰਧਾਰਾ ਦੇ ਬੰਧਨ ਵਿੱਚ ਬੱਝੇ ਰਹਾਂਗੇ ਤਦ ਤੱਕ ਅਸੀਂ ਆਪਣੇ ਅੰਦਰਲੀ ਖੁੱਸ਼ੀ ਤੇ ਸ਼ਾਂਤੀ ਨਹੀਂ ਲੱਭ ਸਕਦੇ। ਅਸਲੀ ਆਜ਼ਾਦੀ ਉਹੋ ਵੇਲੇ ਮਿਲਦੀ ਹੈ ਜਦੋਂ ਮਨੁੱਖ ਆਪਣੇ ਮਨ ਦੀ ਆਵਾਜ਼ ਸੁਣ ਕੇ ਜਿਉਣਾਂ ਸਿੱਖਦਾ ਹੈ।
ਧਾਰਮਿਕ ਅਤੇ ਆਤਮਿਕ ਪ੍ਰਸੰਗ
ਪਾਵਨ ਗੁਰਬਾਣੀ ਵਿੱਚ ਵੀ ਇਹੋ ਹੀ ਸਿੱਖਿਆ ਮਿਲਦੀ ਹੈ:
“ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥
ਹਰੇਕ ਜੀਵ ਜ਼ਿੰਦਗੀ ਵਿੱਚ ਕੇਵਲ ਤੇ ਕੇਵਲ ਆਪਣਾ ਭਲਾ ਲੋੜਦਾ ਹੈ ਪਰ ਪ੍ਰਭੂ ਅਕਾਲ ਪੁਰਖ ਉਹ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਮਨੁੱਖ ਦੇ ਚਿੱਤ ਚੇਤੇ ਨਹੀਂ ਹੁੰਦਾ ।੨।
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥
ਗੁਰੂ ਸਾਹਿਬ ਮਨੁੱਖ ਨੂੰ ਤਾੜਨਾ ਕਰਦੇ ਹਨ ਕਿ ਆਪਣੇ ਮਨ ਦੀ ਮਰਜ਼ੀ ਉਤੇ ਤੁਰਨਾ ਛੱਡ ਦਿਉ ਅਤੇ ਗੁਰੂ ਦੇ ਹੁਕਮ ਅਤੇ ਭਾਣੇ ਵਿੱਚ ਤੁਰਨਾ ਸਿੱਖੋ ਪਰ ਇਹ ਗੱਲ ਹੈ ਬੜੀ ਹੀ ਔਖੀ ।
(ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )
ਮਨੁੱਖ ਨੂੰ ਆਪਣੇ ਪ੍ਰਤੀ ਦੂਸਰਿਆਂ ਦੀ ਰਾਏ ਜਾਂ ਆਪਣੇ ਅਹੰਕਾਰ ਦੀ ਮਤਾਂ ‘ਤੇ ਆਪਣੇ ਆਪ ਨੂੰ ਆਧਾਰਿਤ ਨਹੀਂ ਕਰਨਾ ਚਾਹੀਦਾ ਸਗੋਂ ਸੱਚ ਅਤੇ ਆਤਮਿਕ ਗਿਆਨ ਨਾਲ ਜੁੜਨ ਲਈ ਦਿ੍ੜ ਯਤਨ ਕਰਨੇ ਚਾਹੀਦੇ ਹਨ। ਜਦੋਂ ਮਨੁੱਖ ਪਰਮਾਤਮਾ ਦੀ ਜੋਤ ਨਾਲ ਜੁੜ ਕੇ ਆਪਣੇ ਅਸਲ ਅਸਤਿਤਵ ਨੂੰ ਜਾਣਦਾ ਹੈ ਤਦ ਉਸਨੂੰ ਉਸਨੂੰ ਦੂਸਰਿਆਂ ਦੀ ਸੋਚ ਦੇ ਪ੍ਰਭਾਵ ਦੀ ਲੋੜ ਨਹੀਂ ਰਹਿੰਦੀ।
ਆਧੁਨਿਕ ਜੀਵਨ ਵਿੱਚ ਮਹੱਤਤਾ
ਅੱਜ ਦੇ ਯੁੱਗ ਵਿੱਚ ਜਿੱਥੇ ਸੋਸ਼ਲ ਮੀਡੀਆ ਲੋਕਾਂ ਦੀ ਸੋਚ ਅਤੇ ਵਿਹਾਰ ਨੂੰ ਕਾਬੂ ਕਰ ਰਹੀ ਹੈ ਉੱਥੇ ਆਪਣੀ ਪਹਿਚਾਣ ਅਤੇ ਹੋਂਦ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਲੋਕਾਂ ਦੁਆਰਾ ਸੋਸ਼ਲ ਮੀਡੀਆ ਤੇ ਮਿਲਦੇ “ਲਾਈਕ” ਅਤੇ “ਕੁਮੈਂਟਾਂ” ਨੇ ਮਨੁੱਖ ਦੇ ਆਤਮ-ਵਿਸ਼ਵਾਸ ਨੂੰ ਆਪਣਾ ਗੁਲਾਮ ਬਣਾ ਦਿੱਤਾ ਹੈ। ਇਸ ਦੌਰ ਵਿੱਚ ਅਸਲੀ ਆਜ਼ਾਦੀ ਇਹੋ ਹੈ ਕਿ ਅਸੀਂ ਆਪਣੇ ਜੀਵਨ ਦੇ ਫੈਸਲੇ ਆਪਣੇ ਵਿਸ਼ਵਾਸ, ਆਪਣੇ ਗਿਆਨ ਅਤੇ ਆਪਣੇ ਮਨ ਦੀ ਆਵਾਜ਼ ‘ਤੇ ਅਧਾਰਿਤ ਕਰੀਏ।
ਦੂਸਰਿਆਂ ਵਲੋਂ ਬਣਾਈ ਵਿਚਾਰਧਾਰਾ ਵਿੱਚ ਫਸ ਕੇ ਜੀਣ ਵਾਲਾ ਮਨੁੱਖ ਕਦੇ ਵੀ ਅਸਲੀ ਆਜ਼ਾਦੀ ਮਹਿਸੂਸ ਨਹੀਂ ਕਰ ਸਕਦਾ। ਜ਼ਰੂਰਤ ਹੈ ਕਿ ਅਸੀਂ ਦੂਸਰਿਆਂ ਦੀ ਸੋਚ ਦੀ ਇੱਜ਼ਤ ਕਰੀਏ ਪਰ ਉਸਨੂੰ ਆਪਣੀ ਜ਼ਿੰਦਗੀ ਦਾ ਨਿਰਧਾਰਕ ਨਾ ਬਣਾਈਏ। ਆਪਣੇ ਅੰਦਰ ਦੀ ਸੱਚਾਈ ਅਤੇ ਅਸਲ ਸੁਭਾਅ ਨਾਲ ਜੁੜ ਕੇ ਹੀ ਮਨੁੱਖ ਮਨੋਵਿਗਿਆਨਕ ਅਤੇ ਆਤਮਿਕ ਆਜ਼ਾਦੀ ਹਾਸਲ ਕਰ ਸਕਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



