(ਸਮਾਜ ਵੀਕਲੀ)
“ਗੱਡੀ ਵੀਹ ਕੁ ਮਿੰਟ ਲੇਟ ਹੈ, ਇੰਤਜਾਰ ਕਰਨਾ ਪਵੇਗਾ, ਤੂੰ ਏਥੇ ਹੀ ਬਹਿ ਜਾ l” ਕਹਿ ਕੇ ਮੇਰੇ ਪਤੀ ਜ਼ਰਾ ਕੁ ਦੂਰ ਹੋ ਕੇ ਖੜ੍ਹੇ ਹੋ ਗਏ । ਪਲੇਟਫਾਰਮ ‘ਤੇ ਕਾਫੀ ਭੀੜ ਸੀ। “ਗੱਡੀ ‘ਚ ਵੀ ਤਾਂ ਇਵੇਂ ਹੀ ਭੀੜ ਹੋਵੇਗੀ, ਪਰ ਸਾਨੂੰ ਕੀ, ਸਾਡੀ ਤਾ ਫਸਟ ਕਲਾਸ ਸੀਟ ਬੁੱਕ ਏ ।” ਮੈਂ ਮਨ ਹੀ ਮਨ ਸੋਚਿਆ। ਪਹਿਲੀ ਵਾਰ ਅਜਿਹੇ ਵਾਤਾਵਰਨ ‘ਚ ਆਇਆ ਮੇਰਾ ਕੁੱਛੜ ਚੁੱਕਿਆ ਬੱਚਾ ਰੋਣ ਲੱਗਾ । ਮੈਂ ਉਸ ਨੂੰ ਪਰਚਾਉਨ ਲੱਗ ਪਈ l ਪਰ ਉਹ ਚੁੱਪ ਹੀ ਨਹੀਂ ਸੀ ਹੋ ਰਿਹਾ l “ਨਾ ! ਤੂੰ ਬੱਚੇ ਨੂੰ ਚੁੱਪ ਨਹੀਂ ਕਰਾ ਸਕਦੀ? ਘੰਟੇ ਦਾ ਚੂੰ – ਚੂੰ ਕਰੀ ਜਾਂਦਾ l”
ਮੇਰੇ ਪਤੀ ਦੂਰੋਂ ਹੀ ਖਿੱਝ ਕੇ ਬੋਲੇ l ਉਨ੍ਹਾਂ ਦੇ ਸ਼ਬਦਾਂ ਨੇ ਮੈਨੂੰ ਜਿਵੇੰ ਧੁਰ ਅੰਦਰ ਤੱਕ ਅਪਮਾਨਿਤ ਕਰ ਦਿਤਾ l ਪਰ ਇਹ ਤਾਂ ਉਨ੍ਹਾਂ ਦੀ ਹਮੇਸ਼ਾ ਦੀ ਆਦਤ ਸੀ, ਜਿਸਨੂੰ ਸੁਣਨ ਦੀ ਹੁਣ ਮੈਨੂੰ ਵੀ ਆਦਤ ਪੈ ਚੁੱਕੀ ਸੀ l ਮੈਂ ਫਿਰ ਬੱਚੇ ਨੂੰ ਵਰਾਉਣ ਵਿੱਚ ਮਸਤ ਹੋ ਗਈ ਤੇ ਕੁਝ ਦੇਰ ਮਗਰੋਂ ਮੇਰਾ ਬੱਚਾ ਚੁੱਪ ਕਰ ਗਿਆ l ਚੁਫ਼ੇਰੇ ਅਜੇ ਵੀ ਗਹਿਮਾ -ਗਹਿਮ ਸੀ l ਮੇਰੇ ਨੇੜੇ ਹੀ ਇੱਕ ਜੋੜਾ, ਜੋ ਸ਼ਕਲ -ਸੂਰਤ ਤੋਂ ਗਰੀਬ ਲੱਗਦਾ ਸੀ, ਜ਼ਮੀਨ ਤੇ’ ਬੈਠਾ ਸੀ l ਉਹ ਦੋਵੇਂ ਹੀ ਗੱਲਾਂ ‘ਚ ਮਸਤ ਸਨ ।
ਮੇਰਾ ਧਿਆਨ ਉਨ੍ਹਾਂ ਦੇ ਪਹਿਰਾਵੇ ਵੱਲ ਗਿਆ । ਜੋ ਸ਼ਇਦ ਸਾਡੇ ਨੌਕਰ ਵੀ ਕਦੇ….। ਤੇ ਮੈਂ ਆਪਣੇ ਕੀਮਤੀ ਪਹਿਰਾਵੇ ਵੱਲ ਵੇਖ ਕੇ ਉਨ੍ਹਾਂ ਵੱਲ ਵੇਖਦਿਆਂ, ਜਿਵੇੰ ਨੱਕ ਜਿਹਾ ਚੜ੍ਹਾਇਆ । ਮੇਰਾ ਬੱਚਾ ਹੁਣ ਤੱਕ ਸੋਂ ਗਿਆ ਸੀ l ਮੈਂ ਫਿਰ ਉਸ ਜੋੜੇ ਵੱਲ ਵੇਖਣ ਲੱਗ ਪਈl ਕਦੇ ਔਰਤ ਗੱਲਾਂ ਕਰਦੀ ਹੱਸ ਪੈਂਦੀ ਤੇ ਕਦੇ ਮਰਦ । ਉਹ ਇੰਝ ਹੀ ਗੱਲਾਂ ‘ਚ ਮਸਤ ਸਨ ਕਿ ਅਚਾਨਕ ਉਨ੍ਹਾਂ ਦੀ ਛੋਟੀ ਬੱਚੀ ਦੂਰ ਦੋੜ ਗਈ। ਇਸ ਤੋਂ ਪਹਿਲਾ ਕੇ ਔਰਤ ਕੁਝ ਕਰਦੀ, ਮਰਦ ਦੋੜ ਕੇ ਉਸ ਨੂੰ ਚੁੱਕ ਲਿਆਇਆ ਤੇ ਉਸ ਨੂੰ ਚੁੰਮਦਿਆਂ ਔਰਤ ਕੋਲ ਬਿਠਾ ਦਿਤਾ ਤੇ ਫਿਰ ਆਪ ਜਾ ਕੇ ਚਾਹ ਲੈ ਆਇਆ l
ਹੁਣ ਉਹ ਚਾਹ ਦੀਆਂ ਚੁਸਕੀਆਂ ਭਰਦੇ ਫਿਰ ਮਿਠੀਆਂ -ਮਿਠੀਆਂ ਗੱਲਾਂ ‘ਚ ਮਸ਼ਰੂਫ਼ ਹੋ ਕੇ ਹੱਸ ਰਹੇ ਸਨ l ਅਚਾਨਕ ਮੇਰਾ ਧਿਆਨ ਆਪਣੇ ਪਤੀ ਵੱਲ ਗਿਆl ਉਹ ਆਕੜ ਭਰੇ ਅੰਦਾਜ ‘ਚ ਸਿਗਰਟ ਪੀਣ ‘ਚ ਮਸਤ ਪਲੇਟਫਾਰਮ ‘ਤੇ ਇਧਰ -ਉੱਧਰ ਟਹਿਲ ਰਿਹਾ ਸੀ l ਮੇਰੇ ਹੰਝੂ ਕਦੋਂ ਮੇਰੀਆਂ ਗੱਲ੍ਹਾ ‘ਤੇ ਉੱਤਰ ਆਏ, ਮੈਨੂੰ ਪਤਾ ਹੀ ਨਹੀਂ ਲੱਗਾ। ਇਸ ਦਾ ਅਹਿਸਾਸ ਤਾਂ ਮੈਨੂੰ ਉਦੋਂ ਹੋਇਆ ਜਦੋਂ ਗੱਡੀ ਦੀ ਕੂਕ ਵੱਜੀ ਤੇ ਮੇਰੇ ਪਤੀ ਨੇ ਘੂਰਦਿਆਂ ਮੈਨੂੰ ਛੇਤੀ ਉੱਠਣ ਲਈ ਕਿਹਾ ।
ਮੈਂ ਹੰਝੂ ਪੂੰਜਦੀ ਗੱਡੀ ‘ਚ ਸਵਾਰ ਹੋ ਗਈ । ਉਹ ਜੋੜਾ ਭੀੜ ‘ਚ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ ਪਰ ਮੇਰੀਆਂ ਨਜਰਾਂ ਅਜੇ ਵੀ ਉਸਨੂੰ ਲੱਭ ਰਹੀਆਂ ਸਨ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ. ਏ ,ਬੀ .ਐੱਡ। ਫ਼ਿਰੋਜ਼ਪੁਰ ਸ਼ਹਿਰ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly