ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਕਪੂਰਥਲਾ ਸੁਲਤਾਨਪੁਰ ਲੋਧੀ ਜੀਟੀ ਰੋਡ ਤੇ ਦਾਣਾ ਮੰਡੀ ਖੈੜਾ ਮੰਦਿਰ ਦੇ ਸਾਹਮਣੇ ਸੜਕ ਕਿਨਾਰੇ ਖੜੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਟਰੱਕ ਵੱਲੋਂ ਕੁਚਲ ਦਿੱਤਾ ਗਿਆ ਇਸਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਅਤੇ ਦੂਸਰੇ ਦੇ ਗੰਭੀਰ ਰੂਪ ਚ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਦੇ ਕਰੀਬ ਕਪੂਰਥਲਾ ਸੁਲਤਾਨਪੁਰ ਲੋਧੀ ਜੀ ਟੀ ਰੋਡ ਤੇ ਡਾਕ ਪਾਰਸਲ ਵਾਲਾ ਟਰੱਕ ਜੋ ਕਿ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਨੂੰ ਜਾ ਰਿਹਾ ਸੀ ਅਤੇ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਸੜਕ ਕਿਨਾਰੇ ਖੜੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਉਕਤ ਟਰੱਕ ਵੱਲੋਂ ਕੁਚਲ ਦੇਣ ਨਾਲ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਜਾਣ ਕਰਕੇ ਰੋਹ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਪੂਰਥਲਾ ਸੁਲਤਾਨਪੁਰ ਲੋਧੀ ਜੀ ਟੀ ਰੋਡ ਜਾਮ ਕਰ ਦਿੱਤਾ ਗਿਆ। ਜਿਸ ਦੌਰਾਨ ਪੁਲਿਸ ਚੌਂਕੀ ਭੁਲਾਣਾ ਵੱਲੋਂ ਮੌਕੇ ਤੇ ਪਹੁੰਚ ਕੇ ਰੋਹ ਵਿਚ ਆਏ ਲੋਕਾਂ ਨੂੰ ਸ਼ਾਂਤ ਕਰਕੇ ਅੱਧੇ ਪੌਣੇ ਘੰਟੇ ਬਾਅਦ ਰੋਡ ਚਾਲੂ ਕਰਵਾ ਦਿੱਤਾ ਗਿਆ। ਇਸ ਸਬੰਧੀ ਰੋਸ਼ ਜਾਹਿਰ ਕਰਦਿਆਂ ਨੀਲਮ ਦੇਵੀ ਨੇ ਦੱਸਿਆ ਕਿ ਮੇਰਾ ਲੜਕਾ ਆਸਤਿਕ ਅਤੇ ਧਨ ਸਾਗਰ ਝੁੱਗੀਆਂ ਦੇ ਨੇੜੇ ਪਾਣੀ ਲੈਣ ਜਾ ਰਹੇ ਸੀ ਕਿ ਉਕਤ ਟਰੱਕ ਉਹਨਾਂ ਉੱਪਰ ਚੜ੍ਹ ਗਿਆ। ਜਿਸ ਨਾਲ ਧੰਨ ਸਾਗਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਮੇਰਾ ਲੜਕਾ ਆਸਤਿਕ ਜ਼ਖਮੀ ਹੋ ਗਿਆ। ਇਸ ਸਬੰਧੀ ਪੁਲਿਸ ਚੌਂਕੀ ਭੁਲਾਣਾ ਦੇ ਇੰਚਾਰਜ ਦਵਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਨੇ ਉਕਤ ਟਰੱਕ ਨੂੰ ਕਬਜੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
https://play.google.com/store/apps/details?id=in.yourhost.samaj