(ਸਮਾਜ ਵੀਕਲੀ) ਇਕ ਵਾਰ ਇਕ ਪਿੰਡ ਵਿੱਚ ਬਾਬਾ ਆਇਆ। ਉਸਨੇ ਕਿਹਾ, “ਉਹ ਸਾਰਿਆਂ ਦੀਆਂ ਪ੍ਰੇਸ਼ਾਨੀਆਂ ਠੀਕ ਕਰ ਦੇਵੇਗਾ।”
ਸਾਰੇ ਪਿੰਡ ਵਾਲੇ ਆਪਣੀ-ਆਪਣੀ ਪ੍ਰੇਸ਼ਾਨੀ ਲੈ ਕੇ ਉਸ ਕੋਲ ਪਹੁੰਚ ਗਏ।
ਬਾਬੇ ਨੇ ਕਿਹਾ, “ਉਸ ਕੋਲ ਜ਼ਿਆਦਾ ਟਾਈਮ ਨਹੀਂ ਇਥੇ ਰੁਕਣ ਲਈ, ਇਸ ਲਈ ਸਾਰੇ ਆਪਣੀ ਪ੍ਰੇਸ਼ਾਨੀ ਲੈ ਕੇ ਆ ਜਾਉ। ਬਾਅਦ ਵਿੱਚ ਜੋ ਆਇਆ, ਉਸਦਾ ਹੱਲ ਨਹੀਂ ਹੋਵੇਗਾ।”
ਸਾਰੇ ਪਿੰਡ ਵਾਲੇ ਆ ਗਏ। ਉੱਥੇ ਬੈਠੇ ਇਕ-ਦੂਜੇ ਦੀ ਪ੍ਰੇਸ਼ਾਨੀ ਬਾਰੇ ਪੁੱਛਣ ਲੱਗੇ, ਕੁੱਝ ਲੋਕ ਇਹ ਮਹਿਸੂਸ ਕਰਨ ਲੱਗੇ ਕਿ ਦੂਜੇ ਇਨਸਾਨ ਦੀ ਪ੍ਰੇਸ਼ਾਨੀ ਵੱਡੀ ਏ ਪਰ ਕੁੱਝ ਸੋਚਣ ਲੱਗੇ ਕਿ ਲੈ ਇਹ ਵੀ ਆਇਆ, ਇਸ ਨੂੰ ਕੀ ਪ੍ਰੇਸ਼ਾਨੀ ਇਸ ਕੋਲ ਤਾਂ ਸਾਰਾ ਕੁੱਝ ਏ।
ਬਾਬੇ ਨੇ ਆਵਾਜ ਦਿੱਤੀ ਕਿ ਪਹਿਲਾਂ ਉਹ ਖੜ੍ਹੇ ਹੋਣ, ਜਿਨ੍ਹਾਂ ਦੀ ਪ੍ਰੇਸ਼ਾਨੀ ਵੱਡੀ ਏ, ਕਈ ਲੋਕ ਖੜ੍ਹੇ ਹੋ ਗਏ। ਪਰ ਉਹ ਬੈਠੇ ਰਹੇ, ਜਿਸਨੇ ਦੂਜਿਆਂ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਨੂੰ ਦੂਜੇ ਦੀ ਪ੍ਰੇਸ਼ਾਨੀ ਵੱਡੀ ਲੱਗੀ।
ਬਾਬੇ ਨੇ ਜੋ ਖੜ੍ਹੇ ਹੋਏ, ਉਹ ਆਪਣੇ ਕੋਲ ਬੁਲਾ ਲਏ ਤੇ ਕਿਹਾ ਜਿਸ ਦੀ ਪ੍ਰੇਸ਼ਾਨੀ ਸਭ ਤੋਂ ਵੱਡੀ ਉਹ ਪਹਿਲਾਂ ਦੱਸੋ ਤੇ ਕਈ ਬੋਲਣ ਲੱਗੇ, ਮੇਰੀ ਵੱਡੀ, ਮੇਰੀ ਵੱਡੀ ਇਹ ਤਾਂ ਸੌਖਾ, ਉਹ ਸੌਖਾ। ਬਾਬੇ ਨੇ ਚੁੱਪ ਕਰਾ ਆਖਿਆ ਕਿ ਇੰਝ ਕਰੋ ਆਪਣੀ-ਆਪਣੀ ਪ੍ਰੇਸ਼ਾਨੀ ਲਿਖ ਕੇ ਨੇੜੇ ਪਏ ਚੱਕੇ ’ਤੇ ਰੱਖ ਦਿਉ। ਸਭ ਨੇ ਰੱਖ ਦਿੱਤੀ। ਬਾਬੇ ਨੇ ਚੱਕਾ ਘੁਮਾ ਦਿੱਤਾ।
ਬਾਬੇ ਨੇ ਕਿਹਾ, “ਸਾਰਿਆਂ ਨੂੰ ਇਹ ਲੱਗਦਾ ਕਿ ਮੇਰੀ ਪ੍ਰੇਸ਼ਾਨੀ ਵੱਡੀ ਏ ਤੇ ਦੂਜੇ ਦੀ ਛੋਟੀ। ਇਸ ਲਈ ਹੁਣ ਸਭ ਨੇ ਆਪਣੀ ਪ੍ਰੇਸ਼ਾਨੀ ਚੱਕੇ ਤੇ ਰੱਖ ਦਿੱਤੀ ਏ। ਜਿਸ-ਜਿਸ ਆਪਣੀ ਪ੍ਰੇਸ਼ਾਨੀ ਇਸ ਚੱਕੇ ’ਤੇ ਰੱਖੀ ਏ, ਇਸ ਚੱਕਰ ਦੇ ਚਾਰ-ਚੁਫ਼ੇਰੇ ਖੜ੍ਹ ਜਾਉ।”
ਸਾਰੇ ਖੜ੍ਹੇ ਹੋ ਗਏ ਤੇ ਬਾਬੇ ਨੇ ਚੱਕਰ ਘੁਮਾ ਦਿੱਤਾ। ਇਕ-ਇਕ ਪ੍ਰੇਸ਼ਾਨੀ ਸਾਹਮਣੇ ਆ ਗਈ। ਹੁਣ ਇਹ ਕਿਸੇ ਦੀ ਵੀ ਆਪਣੀ ਪ੍ਰੇਸ਼ਾਨੀ ਨਹੀਂ ਸੀ ਬਲਕਿ ਦੂਜੇ ਦੀ ਸੀ।
ਬਾਬੇ ਨੇ ਕਿਹਾ, “ਜੋ ਜਿਸਦੇ ਹਿੱਸੇ ਆਇਆ ਇਸ ਨਾਲ ਅੱਜ ਦਾ ਦਿਨ ਜੀਉ। ਅੱਜ ਪ੍ਰੇਸ਼ਾਨੀ ਬਦਲੀ ਏ, ਸ਼ਾਮ ਨੂੰ ਹੱਲ ਕਰਾਂਗੇ।”
ਉਹ ਖੁਸ਼ੀ-ਖੁਸ਼ੀ ਘਰ ਚਲੇ ਗਏ। ਜੋ ਬੈਠੇ ਸਨ, ਬਾਬੇ ਨੇ ਨਾਲ ਲਏ ਤੇ ਪਿੰਡ ’ਚ ਰੁੱਖ ਲਾਏ। ਗਲੀਆਂ, ਨਾਲੀਆਂ ਆਪ ਨਾਲ ਲੱਗ ਸਾਫ਼ ਕੀਤੀਆਂ ਤੇ ਨੀਵੀਆਂ ਥਾਵਾਂ ’ਤੇ ਮਿੱਟੀ ਪਾਈ। ਨਵੇਂ ਲਾਏ ਗਏ ਰੁੱਖਾਂ ਨੂੰ ਪਾਲਣ ਦੀ ਸਖ਼ਤ ਹਦਾਇਤ ਕੀਤੀ ਤੇ ਇਕ-ਦੂਜੇ ਦਾ ਦੁੱਖ ਵੰਡਣ ਤੇ ਲੋੜ ਅਨੁਸਾਰ ਮੱਦਦ ਕਰਨ ਦੀ ਪ੍ਰਭਾਵਸ਼ਾਲੀ ਹਦਾਇਤ ਕੀਤੀ ਤੇ ਸਭ ਦੇ ਦੁੱਖ ਦੂਰ ਹੋਵਣ ਦੀ ਅਰਦਾਸ ਕੀਤੀ।
ਸਾਰੇ ਖੁਸ਼ ਸਨ ਪਰ ਜੋ ਲੋਕ ਘਰਾਂ ਨੂੰ ਗਏ ਸਨ, ਸ਼ਾਮ ਹੋਣ ਤੋਂ ਪਹਿਲਾਂ ਈ ਵਾਪਸ ਆ ਗਏ ਤੇ ਬੇਨਤੀ ਕਰਨ ਲੱਗੇ ਕਿ ਬਾਬਾ ਜੀ ਸਾਨੂੰ ਸਾਡੀ ਆਪਣੀ-ਆਪਣੀ ਪ੍ਰੇਸ਼ਾਨੀ ਮੋੜ ਦੇਵੋ। ਸਾਨੂੰ ਸਮਝ ਆ ਗਈ ਹੈ ਕਿ ਇਥੇ ਹਰ ਕਿਸੇ ਦੀ ਜ਼ਿੰਦਗੀ ’ਚ ਪ੍ਰੇਸ਼ਾਨੀ ਹੈ ਤੇ ਉਹ ਆਪ ਈ ਹਿੰਮਤ-ਹੌਸਲੇ ਨਾਲ ਉਸਦਾ ਮੁਕਾਬਲਾ ਕਰ ਸਕਦਾ ਹੈ। ਸੁੱਖ ਨਾਲ ਦੁੱਖ ਵੀ ਹਨ ਤੇ ਸਾਨੂੰ ਆਪਣੇ ਆਪਣੇ ਸੰਭਾਲਣੇ ਚਾਹੀਦੇ ਹਨ ਤੇ ਕਿਸੇ ਦੇ ਦੁੱਖ ਨੂੰ ਘੱਟ ਨਹੀਂ ਜਾਣਨਾ ਚਾਹੀਦਾ ਤੇ ਸੁੱਖ ਦਾ ਸਾੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਤਾ ਨਹੀਂ ਉਸਨੂੰ ਉਹ ਸੁੱਖ ਕਿੰਨੀਆਂ ਪ੍ਰੇਸ਼ਾਨੀਆਂ ਨਾਲ ਜੂਝਣ ਤੋਂ ਬਾਅਦ ਮਿਿਲਆ ਹੋਵੇ। ਬਾਬੇ ਨੇ ਕਿਹਾ, “ਮੈਨੂੰ ਖ਼ੁਸ਼ੀ ਏ ਜੋ ਮੈਂ ਸਮਝਾਉਣਾ ਚਾਹੁੰਦਾ ਸੀ, ਤੁਸੀਂ ਸਮਝ ਗਏ ਹੋ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly