ਨਵੀਂ ਦਿੱਲੀ (ਸਮਾਜ ਵੀਕਲੀ):ਸੁਪਰੀਮ ਕੋਰਟ ਤ੍ਰਿਪੁਰਾ ’ਚ ਹੋਏ ‘ਫਿਰਕੂ ਦੰਗਿਆਂ’ ਦੀ ਨਿਰਪੱਖ ਜਾਂਚ ਦੀ ਮੰਗ ਵਾਲੀ ਅਰਜ਼ੀ ’ਤੇ ਸੁਣਵਾਈ ਲਈ ਰਾਜ਼ੀ ਹੋ ਗਿਆ ਹੈ। ਜਸਟਿਸ ਡੀ ਵਾਈ ਚੰਦਰਚੂੜ ਅਤੇ ਏ ਐੱਸ ਬੋਪੰਨਾ ਦੇ ਬੈਂਚ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਦੋ ਹਫ਼ਤਿਆਂ ’ਚ ਜਵਾਬ ਮੰਗੇ ਹਨ। ਪਟੀਸ਼ਨਰ ਈ ਹਾਸ਼ਮੀ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਹ ਹੁਣੇ ਜਿਹੇ ਹੋਏ ਫਿਰਕੂ ਦੰਗਿਆਂ ਦੀ ਨਿਰਪੱਖ ਅਤੇ ਪੁਲੀਸ ਦੀ ਭੂਮਿਕਾ ਦੀ ਜਾਂਚ ਚਾਹੁੰਦੇ ਹਨ।
ਭੂਸ਼ਣ ਨੇ ਕਿਹਾ,‘‘ਤ੍ਰਿਪੁਰਾ ਨਾਲ ਸਬੰਧਤ ਕਈ ਕੇਸ ਦਾਖ਼ਲ ਹਨ। ਕੁਝ ਵਕੀਲ ਜਿਹੜੇ ਤੱਥ ਲੱਭਣ ਦੇ ਮਿਸ਼ਨਾਂ ’ਤੇ ਗਏ ਸਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਪੱਤਰਕਾਰਾਂ ’ਤੇ ਯੂਏਪੀਏ ਤਹਿਤ ਕੇਸ ਠੋਕੇ ਗਏ ਹਨ। ਪੁਲੀਸ ਨੇ ਹਿੰਸਾ ਦੇ ਕੇਸਾਂ ’ਚ ਇਕ ਵੀ ਐੱਫਆਈਆਰ ਦਰਜ ਨਹੀਂ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਅਦਾਲਤ ਦੀ ਨਿਗਰਾਨੀ ਹੇਠ ਨਿਰਪੱਖ ਕਮੇਟੀ ਜਾਂਚ ਕਰੇ।’’ ਬੈਂਚ ਨੇ ਕਿਹਾ ਕਿ ਉਹ ਧਿਰਾਂ ਨੂੰ ਨੋਟਿਸ ਜਾਰੀ ਕਰ ਰਹੇ ਹਨ ਅਤੇ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਮਗਰੋਂ ਕੀਤੀ ਜਾਵੇਗੀ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਇਸ ਦੀ ਕਾਪੀ ਕੇਂਦਰੀ ਏਜੰਸੀ ਅਤੇ ਤ੍ਰਿਪੁਰਾ ਦੇ ਵਕੀਲ ਨੂੰ ਵੀ ਦਿੱਤੀ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly