ਦੇਸ਼ਧ੍ਰੋਹ ਕੇਸ: ਕਿਸਾਨਾਂ ਦੀ ਰਿਹਾਈ ਲਈ ਕੌਮੀ ਮਾਰਗ ਜਾਮ

ਸਿਰਸਾ (ਸਮਾਜ ਵੀਕਲੀ):  ਦੇਸ਼ਧ੍ਰੋਹ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਕਿਸਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਬੇਸਿੱਟਾ ਰਹਿਣ ਮਗਰੋਂ ਅੱਜ ਕਿਸਾਨਾਂ ਨੇ ਅੰਦੋਲਨ ਤੇਜ਼ ਕਰਦਿਆਂ ਕੌਮੀ ਮਾਰਗ 9 ’ਤੇ ਵੱਖ-ਵੱਖ ਥਾਈਂ ਦੋ ਘੰਟੇ ਜਾਮ ਲਾਈ ਰੱਖਿਆ। ਕਿਸਾਨਾਂ ਦਾ ਜਾਮ ਸ਼ਾਂਤੀਪੂਰਨ ਰਿਹਾ, ਜਿਸ ਦੌਰਾਨ ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਰਿਆਣਾ ਪੁਲੀਸ ਵੱਲੋਂ ਸਿਰਸਾ ਦੇ ਸੌ ਤੋਂ ਵੱਧ ਕਿਸਾਨਾਂ ’ਤੇ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਅਤੇ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਜਾਣ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਅੱਜ ਸਵੇਰੇ 9 ਵਜੇ ਤੋਂ 11 ਵਜੇ ਤੱਕ ਕੌਮੀ ਮਾਰਗ ’ਤੇ ਭਾਵਦੀਨ ਟੌਲ ਪਲਾਜ਼ੇੇ ਤੋਂ ਇਲਾਵਾ ਖੂਈਆਂ ਮਲਕਾਣ ਤੇ ਪੰਜੂਆਣਾ ਪਿੰਡ ਨੇੜੇ ਸੜਕ ’ਤੇ ਜਾਮ ਲਾਇਆ।

ਕਿਸਾਨਾਂ ਵੱਲੋਂ ਹਾਈਵੇ ਜਾਮ ਕੀਤੇ ਜਾਣ ਕਾਰਨ ਪੁਲੀਸ ਨੂੰ ਆਵਾਜਾਈ ਲਈ ਬਦਲਵੇਂ ਰੂਟ ਦਾ ਪ੍ਰਬੰਧ ਕਰਨਾ ਪਿਆ। ਜਾਮ ਦੌਰਾਨ ਕਿਸਾਨਾਂ ਨੇ ਜੇਲ੍ਹ ਭੇਜੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਤੇ ਦੇਸ਼ਧ੍ਰੋਹ ਦੇ ਕੇਸ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਰਿਆਣਾ ਸਰਕਾਰ ਨੇ ਕਿਸਾਨਾਂ ’ਤੇ ਦਰਜ ਦੇਸ਼ਧ੍ਰੋਹ ਦੇ ਕੇਸ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਜ਼ਿਕਰਯੋਗ ਹੈ ਕਿ ਲੰਘੀ 11 ਜੁਲਾਈ ਨੂੰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਜ਼ਿਲ੍ਹਾ ਭਾਜਪਾ ਵਰਕਰਾਂ ਦੀ ਇੱਕ ਵਰਕਸ਼ਾਪ ’ਚ ਆਏ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਗੰਗਵਾ ਦੇ ਵਿਰੋਧ ਮੌਕੇ ਸ੍ਰੀ ਗੰਗਵਾ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਘਟਨਾ ਮਗਰੋਂ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਨਾਮਜ਼ਦ ਕਿਸਾਨ ਆਗੂਆਂ ਤੋਂ ਇਲਾਵਾ ਸੌ ਹੋਰ ਕਿਸਾਨਾਂ ’ਤੇ ਦੇਸ਼ਧ੍ਰੋਹ ਤੇ ਕਈ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਦਿਆਂ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleParty workers should at least get respect if not plum posts: Pilot
Next articleCamels rescued, sent to ‘goshalas’ in K’taka