ਟਰਾਂਸਪੋਰਟ ਮੰਤਰੀ ਵੱਲੋਂ 29 ਨਵੀਆਂ ਬੱਸਾਂ ਨੂੰ ਹਰੀ ਝੰਡੀ

ਚੰਡੀਗੜ੍ਹ (ਸਮਾਜ ਵੀਕਲੀ):  ਇੱਥੇ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚੰਡੀਗੜ੍ਹ ਡਿੱਪੂ ਵਿਖੇ 29 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਟਰਾਂਸਪੋਰਟ ਮੰਤਰੀ ਨੇ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਬੱਸ ਸੇਵਾ ਦੀ ਆਮਦਨ ਵਿੱਚ ਨਿੱਤ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2021 ’ਚ ਪੀਆਰਟੀਸੀ ਦੀ ਆਮਦਨ 37.23 ਕਰੋੜ ਰੁਪਏ ਸੀ, ਜੋ ਮਾਰਚ 2022 ਦੌਰਾਨ ਵਧ ਕੇ 62.34 ਕਰੋੜ ਰੁਪਏ ਹੋ ਗਈ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਲੰਘੇ ਦਸੰਬਰ, ਜਨਵਰੀ ਅਤੇ ਫ਼ਰਵਰੀ ਮਹੀਨਿਆਂ ਦੌਰਾਨ ਪੀਆਰਟੀਸੀ ਦੀ ਰੋਜ਼ਾਨਾ ਆਮਦਨ 1.76 ਕਰੋੜ ਰੁਪਏ ਪ੍ਰਤੀ ਦਿਨ ਦਰਜ ਕੀਤੀ ਗਈ, ਜਦਕਿ 10 ਮਾਰਚ ਨੂੰ ਆਏ ਨਤੀਜਿਆਂ ਤੋਂ ਬਾਅਦ ਮਾਰਚ ਮਹੀਨੇ ਦੌਰਾਨ ਪੀਆਰਟੀਸੀ ਦੀ ਆਮਦਨ ਵਧ ਕੇ 2.01 ਕਰੋੜ ਪ੍ਰਤੀ ਦਿਨ ’ਤੇ ਪਹੁੰਚ ਗਈ ਹੈ। ਅਪਰੈਲ ਮਹੀਨੇ ਦੇ 10 ਦਿਨਾਂ ਦੌਰਾਨ ਹੋਰ ਵਧ ਕੇ 2 ਕਰੋੜ 20 ਲੱਖ ਰੁਪਏ ਪ੍ਰਤੀ ਦਿਨ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਨੂੰ ਦਿੱਤੀਆਂ ਗਈਆਂ 255 ਨਵੀਆਂ ਬੱਸਾਂ ਦੀ ਆਖ਼ਰੀ ਖੇਪ ਦੀਆਂ 29 ਬੱਸਾਂ ਤੋਂ ਬਾਅਦ ਪੀਆਰਟੀਸੀ ਵਿੱਚ ਹੁਣ ਕੁੱਲ 1308 ਬੱਸਾਂ ਹੋ ਗਈਆਂ ਹਨ, ਜਿਸ ਨਾਲ ਪੀਆਰਟੀਸੀ ਦੇ ਮੁੱਖ ਆਪ੍ਰੇਸ਼ਨਲ ਕੇਂਦਰ ਮਾਲਵਾ ਖ਼ਿੱਤੇ ਵਿੱਚ ਜਿੱਥੇ ਸਰਕਾਰੀ ਬੱਸ ਸੇਵਾ ਤੰਤਰ ਮਜ਼ਬੂਤ ਕੀਤਾ ਜਾ ਸਕੇਗਾ, ਉੱਥੇ ਹੀ ਬੰਦ ਪਏ ਰੂਟਾਂ ’ਤੇ ਵੀ ਬੱਸਾਂ ਚਲਾਈਆਂ ਜਾ ਸਕਣਗੀਆਂ। ਇਨ੍ਹਾਂ ਨਵੀਆਂ ਬੱਸਾਂ ਵਿੱਚੋਂ ਪਟਿਆਲਾ, ਸੰਗਰੂਰ ਤੇ ਬਠਿੰਡਾ ਡਿੱਪੂਆਂ ਨੂੰ ਛੇ-ਛੇ, ਬੁਢਲਾਡਾ ਡਿੱਪੂ ਨੂੰ ਪੰਜ, ਚੰਡੀਗੜ੍ਹ ਡਿੱਪੂ ਨੂੰ ਚਾਰ ਅਤੇ ਬਰਨਾਲਾ ਬੱਸ ਡਿੱਪੂ ਨੂੰ ਦੋ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine’s position at talks with Russia unchanged: chief negotiator
Next articleਪੁਰਾਣੀ ਰੰਜਿਸ਼ ਕਾਰਨ ‘ਆਪ’ ਵਰਕਰ ਦਾ ਗੋਲੀਆਂ ਮਾਰ ਕੇ ਕਤਲ