ਪੁਣੇ : ਪੁਣੇ ਦੇ ਹਿੰਜਵਾੜੀ ਇਲਾਕੇ ਵਿੱਚ ਇੱਕ ਟੈਂਪੂ ਵਿੱਚ ਭਿਆਨਕ ਅੱਗ ਲੱਗ ਗਈ। ਟੈਂਪੂ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਝੁਲਸਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਚਾਰੇ ਵਿਅਕਤੀ ਵਯੋਮਾ ਗ੍ਰਾਫਿਕਸ ਕੰਪਨੀ ਦੇ ਕਰਮਚਾਰੀ ਸਨ। ਇਸ ਟੈਂਪੂ ਵਿੱਚ ਕੰਪਨੀ ਦੇ ਕੁੱਲ 12 ਕਰਮਚਾਰੀ ਸਵਾਰ ਸਨ। ਸਾਰਾ ਟੈਂਪੂ ਸੜ ਕੇ ਸੁਆਹ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹਿੰਜਵਾੜੀ ਫੇਜ਼-1 ‘ਚ ਡਰਾਈਵਰ ਦੇ ਪੈਰਾਂ ਹੇਠੋਂ ਅਚਾਨਕ ਅੱਗ ਲੱਗ ਗਈ। ਫਿਰ ਡਰਾਈਵਰ ਅਤੇ ਸਾਹਮਣੇ ਵਾਲਾ ਸਟਾਫ ਤੁਰੰਤ ਹੇਠਾਂ ਉਤਰ ਗਿਆ। ਹਾਲਾਂਕਿ ਪਿਛਲਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਚਾਰ ਲੋਕ ਸੜ ਕੇ ਮਰ ਗਏ।
ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਇਸ ਦੇ ਨਾਲ ਹੀ ਪੁਲਸ ਨੇ ਚਾਰਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly