ਟਰੇਡ ਯੂਨੀਅਨਾਂ ਦੀ ਦੋ ਰੋਜ਼ਾ ਹੜਤਾਲ ਅੱਜ ਤੋਂ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਦੇ ਸੱਦੇ ’ਤੇ ਸੋਮਵਾਰ ਤੋਂ ਦੇਸ਼ਵਿਆਪੀ ਦੋ ਰੋਜ਼ਾ ਹੜਤਾਲ ਕਾਰਨ ਬੈਂਕਿੰਗ, ਟਰਾਂਸਪੋਰਟੇਸ਼ਨ, ਰੇਲਵੇ ਅਤੇ ਬਿਜਲੀ ਨਾਲ ਸਬੰਧਤ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਟਰੇਡ ਯੂਨੀਅਨਾਂ ਨੇ ਸਰਕਾਰ ਦੀਆਂ ਲੋਕ ਵਿਰੋਧੀ ਆਰਥਿਕ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ 28 ਅਤੇ 29 ਮਾਰਚ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੀਆਂ ਮੰਗਾਂ ਵਿੱਚ ਲੇਬਰ ਕੋਡ ਨੂੰ ਖਤਮ ਕਰਨਾ, ਕਿਸੇ ਵੀ ਤਰ੍ਹਾਂ ਦਾ ਨਿੱਜੀਕਰਨ ਖ਼ਤਮ ਕਰਨਾ, ਮਨਰੇਗਾ ਤਹਿਤ ਉਜਰਤਾਂ ਦੀ ਵੰਡ ਵਿੱਚ ਵਾਧਾ ਅਤੇ ਠੇਕਾ ਮਜ਼ਦੂਰਾਂ ਨੂੰ ਰੈਗੂਲਰ ਕਰਨਾ ਸ਼ਾਮਲ ਹਨ।

ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਸਰਕਾਰੀ ਨੀਤੀਆਂ ਖ਼ਿਲਾਫ਼ ਦੋ ਦਿਨ ਦੀ ਹੜਤਾਲ ’ਚ 20 ਕਰੋੜ ਤੋਂ ਜ਼ਿਆਦਾ ਸੰਗਠਤ ਅਤੇ ਅਸੰਗਠਤ ਵਰਕਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦਾ ਅਸਰ ਪਿੰਡਾਂ ’ਚ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਹੋਰ ਸੈਕਟਰਾਂ ਦੇ ਕਾਮੇ ਵੀ ਪ੍ਰਦਰਸ਼ਨਾਂ ’ਚ ਸ਼ਾਮਲ ਹੋਣਗੇ। ਹੜਤਾਲ ਦਾ ਨੋਟਿਸ ਕੋਲਾ, ਸਟੀਲ, ਤੇਲ, ਟੈਲੀਕਾਮ, ਪੋਸਟਲ, ਇਨਕਮ ਟੈਕਸ, ਬੈਂਕ ਅਤੇ ਇੰਸ਼ੋਰੈਂਸ ਵਰਗੇ ਵੱਖ ਵੱਖ ਸੈਕਟਰਾਂ ਦੀਆਂ ਵਰਕਰਜ਼ ਯੂਨੀਅਨਾਂ ਨੇ ਦਿੱਤਾ ਹੋਇਆ ਹੈ। ਸਾਂਝੇ ਫੋਰਮ ਨੇ ਕਿਹਾ ਕਿ ਰੇਲਵੇ ਅਤੇ ਰੱਖਿਆ ਖੇਤਰ ਦੀਆਂ ਯੂਨੀਅਨਾਂ ਵੱਲੋਂ ਹੜਤਾਲ ਦੀ ਹਮਾਇਤ ’ਚ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ।

ਸਾਂਝੇ ਫੋਰਮ ’ਚ ਇੰਟਕ, ਏਟਕ, ਐੱਚਐੱਮਐੱਸ, ਸੀਟੂ, ਏਆਈਯੂਟੀਯੂਸੀ, ਐੱਸਈਡਬਲਿਊਏ, ਏਆਈਸੀਸੀਟੀਯੂ, ਐੱਲਪੀਐੱਫ ਅਤੇ ਯੂਟੀਯੂਸੀ ਸਮੇਤ ਹੋਰ ਟਰੇਡ ਯੂਨੀਅਨਾਂ ਸ਼ਾਮਲ ਹਨ। ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਹੜਤਾਲ ’ਚ ਜਨਤਕ ਖੇਤਰ ਦੇ ਬੈਂਕ, ਨਿੱਜੀ ਬੈਂਕ, ਵਿਦੇਸ਼ੀ ਬੈਂਕ, ਸਹਿਕਾਰੀ ਬੈਂਕ ਅਤੇ ਖੇਤਰੀ ਗ੍ਰਾਮੀਣ ਬੈਂਕ ਸ਼ਾਮਲ ਹੋਣਗੇ। ਐੱਸਬੀਆਈ ਸਮੇਤ ਕਈ ਜਨਤਕ ਖੇਤਰ ਦੇ ਬੈਂਕਾਂ ਨੇ ਕਿਹਾ ਕਿ ਹੜਤਾਲ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਸੀਮਤ ਹੱਦ ਤੱਕ ਪ੍ਰਭਾਵਿਤ ਹੋ ਸਕਦੀਆਂ ਹਨ। ਦੋ ਰੋਜ਼ਾ ਹੜਤਾਲ ਤੋਂ ਇਲਾਵਾ 31 ਮਾਰਚ ਨੂੰ ਵੀ ਗਾਹਕ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਦੀ ’ਚ ਹਿੰਦੂਆਂ ਅਤੇ ਸਿੱਖਾਂ ਦੇ ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ’ਚ ਅਰਜ਼ੀ
Next articleਸੀਆਰਪੀਐੱਫ ਤੇ ਹੋਰ ਬਲਾਂ ਨੂੰ ਛੇਤੀ ਮਿਲੇਗੀ ਸਾਲਾਨਾ 100 ਦਿਨ ਦੀ ਛੁੱਟੀ