ਛੱਪੜ ਦੀ ਮਿੱਟੀ ਦੇ ਬਣਾਏ ਖਿਡੌਣੇ ਅਤੇ ਭੱਠੀ ਤੇ ਭਣਾਏ ਦਾਣੇ ਵੀ ਖੁਸ਼ੀ ਦਿੰਦੇ ਸੀ।

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)

ਸਮੇਂ ਦੇ ਬਦਲਣ ਨਾਲ ਬਹੁਤ ਕੁੱਝ ਬਦਲਾਅ ਗਿਆ।ਇਥੋਂ ਤੱਕ ਕਿ ਖਾਣਾ ਪੀਣਾ,ਰਹਿਣ ਸਹਿਣ ਅਤੇ ਖੁਸ਼ ਰਹਿਣ ਦੇ ਤੌਰ ਤਰੀਕੇ ਤੇ ਕਾਰਨ ਵੀ ਬਦਲ ਗਏ।ਸਾਕ ਸਕਦਆਂ ਅਤੇ ਸਾਂਝਾਂ ਵਿੱਚ ਵੀ ਬਹੁਤ ਕੁੱਝ ਬਦਲ ਗਿਆ।ਰਿਸ਼ਤੇ ਅਤੇ ਸਾਂਝਾਂ ਵੀ ਗਰਜਾਂ ਅਤੇ ਮਤਲਬ ਦੀਆਂ ਰਹਿ ਗਈਆਂ।ਕੁੱਝ ਲੋਕ ਆਪਣੇ ਅਨੁਭਵ ਨਾਲ ਕਹਿੰਦੇ ਹਨ,”ਪਹਿਲਾਂ ਘਰ ਕੱਚੇ ਸੀ ਪਰ ਰਿਸ਼ਤੇ ਪੱਕੇ ਸੀ,ਹੁਣ ਘਰ ਪੱਕੇ ਹਨ ਪਰ ਰਿਸ਼ਤੇ ਕੱਚੇ ਹਨ।”ਅਸਲ ਵਿੱਚ ਖੁਸ਼ ਰਹਿਣ ਲਈ ਬਹੁਤ ਮਹਿੰਗੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ।ਖੁਸ਼ੀਆਂ,ਰਿਸ਼ਤੇ ਅਤੇ ਸਾਂਝਾਂ ਤਾਂ ਭਾਵਨਾਵਾਂ ਨਾਲ ਅਤੇ ਸਮਝਣ ਨਾਲ ਮਿਲਦੇ ਤੇ ਨਿੰਮ ਦੇ ਹਨ। ਅੱਜ ਮੈਂ ਗੱਲ ਕਰਾਂਗੀ ਕਿ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਕਿੰਨੀਆਂ ਅਤੇ ਕਿਵੇਂ ਖੁਸ਼ੀਆਂ ਦੇ ਰਹੀਆਂ ਹਨ।ਜਿਹੜੇ ਬੱਚਿਆਂ ਕੋਲ ਮਹਿੰਗੇ ਖਿਡੌਣੇ ਨੇ,ਖੁਸ਼ ਅਤੇ ਸੰਤੁਸ਼ਟ ਤਾਂ ਵਿਖਾਈ ਦਿੰਦੇ ਨਹੀਂ।ਖੈਰ,ਗੱਲ ਕਰਦੇ ਹਾਂ ਛੱਪੜ ਦੀ ਮਿੱਟੀ ਦੇ ਬਣਾਏ ਖਿਡੌਣਿਆਂ ਦੀ ਅਤੇ ਮਿਲਣ ਵਾਲੀਆਂ ਖੁਸ਼ੀਆਂ ਦੀ।

ਜਿੰਨ੍ਹਾਂ ਦਾ ਪਿਛੋਕੜ ਪਿੰਡਾਂ ਦਾ ਹੈ,ਉਹ ਛੱਪੜ ਦੀਆਂ ਯਾਦਾਂ ਵਿੱਚ ਜ਼ਰੂਰ ਡੁੱਬ ਜਾਣਗੇ।ਮੇਰੇ ਦਾਦਕਿਆਂ ਦੇ ਘਰਦੇ ਵੱਡੇ ਗੇਟ ਤੋਂ ਬਾਹਰ ਨਿਕਲਦਿਆਂ ਦੋ ਵੱਡੇ ਪਿੱਪਲ, ਇਕ ਖੂਹੀ ਅਤੇ ਨਾਲ ਪਿੰਡ ਦਾ ਛੱਪੜ ਸੀ।ਛੱਪੜ ਵਿੱਚ ਪਸ਼ੂਆਂ ਦਾ ਗਰਮੀਆਂ ਦੇ ਦਿਨਾਂ ਵਿੱਚ ਬੈਠੇ ਰਹਿਣਾ ਵੀ ਅਜੇ ਤੱਕ ਯਾਦ ਹੈ।ਛੱਪੜ ਦੀ ਮਿੱਟੀ ਬੜੀ ਤੱਕਣੀ ਹੁੰਦੀ ਸੀ।ਕੰਡਿਆਂ ਤੋਂ ਮਿੱਟੀ ਲੈਕੇ ਆਉਣੀ।ਉਸਨੂੰ ਪੂਰੇ ਜ਼ੋਰ ਨਾਲ ਮਿਲਣਾ ਅਤੇ ਫੇਰ ਮਿੱਟੀ ਦੇ ਖਿਡੌਣੇ ਬਣਾਉਣੇ।ਮੈਨੂੰ ਯਾਦ ਹੈ ਕਿ ਮੈਂ ਚੱਕੀ ਤੋਂ ਲੈਕੇ ਘਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਬਣਾਈਆਂ ਨੇ।ਖਿਡੌਣੇ ਬਣਾਉਣੇ,ਫੇਰ ਧੁੱਪ ਵਿੱਚ ਰੱਖਣੇ ਅਤੇ ਵਾਰ ਵਾਰ ਵੇਖਣ ਜਾਣਾ ਕਿ ਕਿੰਨੇ ਕੁ ਸੁੱਕੇ ਹਨ।ਪਰਛਾਵਿਆਂ ਦੇ ਨਾਲ ਨਾਲ ਸਾਡੇ ਖਿਡੌਣਿਆਂ ਦੀ ਥਾਂ ਵੀ ਬਦਲਦੀ ਸੀ।ਖਿਡੌਣੇ ਦਾ ਸੁੱਕਣਾ ਵੀ ਖੁਸ਼ੀ ਦਿੰਦਾ ਸੀ।

ਉਸਤੋਂ ਬਾਅਦ ਇਕ ਹੋਰ ਕੰਮ ਕਰਦੇ,ਮਿੱਟੀ ਦੇ ਸੁੱਕੇ ਖਿਡੌਣਿਆਂ ਨੂੰ ਚੁੱਲੇ ਵਿੱਚ ਰੱਖਕੇ ਪੱਕੇ ਕਰਨ ਦੀ ਵੀ ਕੋਸ਼ਿਸ਼ ਹੁੰਦੀ।ਜਿਹੜਾ ਮਾੜਾ ਮੋਟਾ ਲਾਲ ਕਾਲਾ ਹੋ ਜਾਂਦਾ,ਉਹ ਵੇਖਕੇ ਵੀ ਖੁਸ਼ੀ ਮਿਲਦੀ।ਉਨ੍ਹਾਂ ਮਿੱਟੀ ਦੇ ਖਿਡੌਣਿਆਂ ਨੂੰ ਸੰਭਾਲਣਾ ਵੀ ਬਹੁਤ ਵੱਡਾ ਕੰਮ ਹੁੰਦਾ ਸੀ।ਉਨਾਂ ਦਿਨਾਂ ਵਿੱਚ ਕਮਰੇ ਵੀ ਸਾਂਝੇ ਹੀ ਹੁੰਦੇ ਸੀ।ਘਰ ਦੀ ਕਿਸੇ ਨੁੱਕਰ ਵਿੱਚ ਜਾਂ ਸੰਦੂਕਾਂ ਪੇਟੀਆਂ ਦੇ ਹੇਠਾਂ ਹੀ ਸੰਭਾਲਦੇ।ਮੈਨੂੰ ਅੱਜ ਵੀ ਉਹ ਦਿਨ ਯਾਦ ਹਨ ਅਤੇ ਛੱਪੜ ਦੀ ਮਿੱਟੀ ਦੇ ਬਣਾਏ ਖਿਡੌਣਿਆਂ ਦੀ ਖੁਸ਼ੀ ਵੀ ਯਾਦ ਹੈ।ਦੌੜ ਦੌੜਕੇ ਛੱਪੜ ਤੇ ਮਿੱਟੀ ਲੈਣ ਜਾਣਾ।ਕਦੇ ਕੋਈ ਤੀਲਾ ਡੱਖਾ ਚਾਹੀਦਾ ਹੁੰਦਾ,ਚਾਰ ਚੁਫੇਰੇ ਵੇਖਕੇ ਕਦੇ ਝਾੜੂ ਵਿੱਚੋਂ ਤੀਰਾਂ ਖਿੱਚਣੀਆਂ ਅਤੇ ਕਦੀ ਖੜ੍ਹੇ ਬਾਲਣ ਵਿੱਚੋਂ। ਵੈਸੇ ਬਹੁਤੀ ਵਾਰ ਇਹ ਕਰਨ ਤੇ ਝਿੜਕਾਂ ਹੀ ਪੈਂਦੀਆਂ ਸੀ।ਪਰ ਕਦੇ ਗੁੱਸੇ ਹੋਣ ਦਾ ਜਾਂ ਰੁੱਸ ਕੇ ਬੈਠਣ ਦਾ ਪਤਾ ਹੀ ਨਹੀਂ ਸੀ।

ਬਸ ਨਿਸ਼ਾਨਾਂ ਇਕ ਹੀ ਹੁੰਦਾ ਸੀ ਖਿਡੌਣੇ ਬਣਾਉਣੇ।ਮਿੱਟੀ ਦੇ ਖਿਡੌਣਿਆਂ ਵਰਗੀ ਖੁਸ਼, ਸ਼ਾਇਦ ਹੁਣ ਬੱਚਿਆਂ ਨੂੰ ਮਹਿੰਗੇ ਖਿਡੌਣਿਆਂ ਵਿੱਚੋਂ ਵੀ ਨਹੀਂ ਮਿਲਦੀ।ਸੱਚ ਹੈ ਖੁਸ਼ ਰਹਿਣਾ ਅਤੇ ਖੁਸ਼ੀ ਮਹਿਸੂਸ ਕਰਨ ਨਾਲ ਹੀ ਮਿਲਦੀ ਹੈ।ਖੁਸ਼ੀਆਂ ਦਾ ਪੈਸੇ ਨਾਲ ਬਹੁਤਾ ਰਿਸ਼ਤਾ ਨਹੀਂ ਹੈ ਅਤੇ ਅਸਲੀ ਖੁਸ਼ੀ ਪੈਸੇ ਤੇ ਨਿਰਭਰ ਨਹੀਂ ਕਰਦੀ ਦੂਸਰੀ ਵੱਡੀ ਖੁਸ਼ੀ ਮਿਲਦੀ ਸੀ,ਜਦੋਂ ਭੱਠੀ ਤੇ ਦਾਣੇ ਭਣਾਉਣ ਜਾਣਾ।ਅੱਜ ਦੇ ‘ਪੌਪਕੋਨ’ ਸਾਡੇ ਬਚਪਨ ਵਿੱਚ ਭੱਠੀ ਤੇ ਬਣਦੇ ਸੀ।ਵਧੇਰੇ ਕਰਕੇ ਸ਼ਾਮ ਨੂੰ ਭੱਠੀ ਤੱਪਦੀ ਸੀ।ਉਸਤੋਂ ਪਹਿਲਾਂ ਮੱਕੀ ਦੇ ਦਾਣਿਆਂ ਲਈ ਮਾਂ ਜੀ ਜਾਂ ਕਿਸੇ ਤਾਈ ਚਾਚੀ ਦੇ ਦੁਆਲੇ ਘੁੰਮਣਾ ਪੈਂਦਾ ਸੀ।ਕਦੋਂ ਉਹ ਦਾਣੇ ਦੇਣ ਅਤੇ ਭੱਠੀ ਤੇ ਜਾਈਏ।ਹਾਂ, ਨਾਲ ਇਹ ਵੀ ਤਾਈ ਚਾਚੀ ਨੇ ਕਹਿਣਾ,ਸਿੱਧੇ ਘਰ ਆਉਣਾ,ਦਾਣੇ ਠੰਡੇ ਨਾ ਕਰ ਦਿਉ।ਭੱਠੀ ਦੇ ਦੁਆਲੇ ਭੀੜ ਲੱਗੀ ਹੋਣੀ।ਕੜਾਹੀ ਵਿੱਚੋਂ ਭੁੜਕ ਭੁੜਕ ਕੇ ਜਿਹੜੇ ਦਾਣੇ ਬਾਹਰ ਡਿੱਗਣੇ,ਉਹ ਚੁੱਕ ਕੇ ਖਾਣ ਦਾ ਵੀ ਆਪਣਾ ਹੀ ਮਜ਼ਾ ਸੀ।ਹਾਂ,ਸਿਰਫ਼ ਮੱਕੀ ਦੇ ਦਾਣੇ ਹੀ ਨਹੀਂ ਹੁੰਦੇ ਸਨ।

ਕਣਕ ਦੇ ਦਾਣਿਆਂ ਨੂੰ ਭੁੰਨ ਕੇ ਵਿੱਚ ਗੁੜ ਰਲਾ ਕੇ ਖਾਣ ਦਾ ਵੀ ਆਪਣਾ ਹੀ ਸਵਾਦ ਹੁੰਦਾ ਸੀ।ਇੱਥੇ ਇਕ ਖ਼ਾਸ ਗੱਲ ਕਰਨੀ ਬਹੁਤ ਜ਼ਰੂਰੀ ਹੈ।ਦਾਣੇ ਭਣਾ ਕੇ,ਘਰ ਵਿੱਚ ਕਿਸੇ ਵੱਡੇ ਨੂੰ ਫੜਾਉਣੇ ਅਤੇ ਉਹ ਹੀ ਸਾਰਿਆਂ ਨੂੰ ਵੰਡਦੇ ਸੀ।ਮੈਨੂੰ ਲੱਗਦਾ ਹੈ ਕਿ ਉਨਾਂ ਦਾਣਿਆਂ ਦੀ ਖੁਸ਼ੀ,ਪੈਕਟਾਂ ਦੇ ਮਹਿੰਗੇ ਪੌਪਕੋਨ ਤੋਂ ਵਧੇਰੇ ਸੀ।ਸਾਨੂੰ ਤਾਂ ਕੌਲੀ ਵਿੱਚ ਪਾਕੇ ਖਾਧੇ ਦਾਣਿਆਂ ਨੇ ਵੀ ਖੁਸ਼ੀ ਦਿੱਤੀ ਸੀ।ਅਸੀਂ ਉਸ ਖੁਸ਼ੀ ਨੂੰ ਖੁੱਲ ਕੇ ਮਹਿਸੂਸ ਕੀਤਾ ਅਤੇ ਮਾਣਿਆ।ਹਕੀਕਤ ਹੈ,ਖੁਸ਼ੀਆਂ ਪੈਸੇ ਦੀਆਂ ਗੁਲਾਮ ਨਹੀਂ ਹਨ।ਪਹਿਲਾਂ ਲੋਕ ਸਾਦੇ ਸੀ ਹੁਣ ਵਿਖਾਵਾ ਹੈ ਅਤੇ ਬਨਾਵਟੀਪਣ ਵਧੇਰੇ ਹੈ।ਨਾ ਮਹਿੰਗੇ ਖਿਡੌਣੇ ਖੁਸ਼ੀਆਂ ਦੇ ਸਕਦੇ ਹਨ ਅਤੇ ਨਾ ਮਹਿੰਗੇ ਪੈਕਟਾਂ ਵਿੱਚ ਪਾਏ ਪੌਪਕੋਨ।ਖੁਸ਼ੀ ਤਾਂ ਮਿੱਟੀ ਦੇ ਖਿਡੌਣਿਆਂ ਅਤੇ ਭੱਠੀ ਤੋਂ ਬਣਾਏ ਦਾਣਿਆਂ ਵਿੱਚ ਵੀ ਸੀ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਗਡਰੀਆ ਭਾਈਚਾਰੇ ਦੇ ਕਿੱਤੇ ਨੂੰ ਉੱਚਾ ਚੁੱਕਣ ਲਈ ਵਿਧਾਇਕ ਰੰਧਾਵਾ ਨੇ ਕੀਤਾ ਉਪਰਾਲਾ*
Next articleਸ਼ਹੀਦ ਭਾਈ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਗੋਲਡ ਕਬੱਡੀ ਕੱਪ