(ਸਮਾਜ ਵੀਕਲੀ)
ਤਾਨਾਸ਼ਾਹੀ ਹਨੇਰੀਆਂ ਸਦਾ ਵਿਛਾਈ ਜਾਂਨੈ ਏਂ।
ਫਿਰ ਓਦਾਂ ‘ ਸੁਹਣਾ ਜ਼ਿੰਮੇਵਾਰ ‘ ਕਹਾਈ ਜਾਂਨੈ ਏਂ ।
ਦੱਸ ਨਹੀਂ ਰਿਹੈ ਇਕਸਾਰ ਕੋਡ ਕੀ ਹੈ ਲੋਕਾਂ ਨੂੰ,
ਪਰ ਉਹਦੇ ਹੱਕ ‘ਚ,ਬੜਾ ਰੌਲਾ ਪਾਈ ਜਾਨੈ ਏਂ।
ਬਦੇਸ਼ ‘ਚ ਜਾ ਕੇ ਤੇਰੀ ਜੀਭ ਨੂੰ ਦੰਦਲ ਪੈ ਜਾਂਦੀ,
ਥਥਲ ਥਥਲ ਕੇ ਮਾਲਾ ਮਣਕੇ ਘੁੰਮਾਈ ਜਾਨੈ ਏਂ ।
ਚੀਨ ਨੇ ਦੇਸ਼ ਦੀ ਧਰਤੀ ਤੇ ਕਬਜ਼ਾ ਕਰ ਲਿਆ,
ਕੁੱਝ ਨਹੀਂ ਹੋਇਆ ਦੀ ਹਰ ਰਟ ਲਾਈ ਜਾਨੈਂ ਏਂ।
ਕਰੰਸੀ ਬਦਲਣਾ ਕਿਓਂ ਅਜੀਬ ਸ਼ੋਰ ਚੱਲ ਰਿਹਾ,
ਕਦੇ ਆਪ,ਕਦੇ ਏਜੰਸੀ ਤੋਂ ਬਦਲਾਈ ਜਾਨੈ ਏਂ।
ਡਰੂ ਸਾਵਰਕਰ ਤਾਈਂ ਝੂਠੀ ਹੱਲਾਸ਼ੇਰੀ ਹੋ ਰਹੀ,
ਭਗਤ ਸਿੰਘ ਨੂੰ ਸਗੋਂ ਮਨਫ਼ੀ ਕਰਾਈ ਜਾਨੈ ਏਂ।
ਸਮਝਾਂ ਸੋਚਾਂ ਸੂਰਜਾਂ ਤੇਰਾ ਕਦੇ ਕੀ ਚੁੱਕਿਆ ਹੈ,
ਉਨ੍ਹਾਂ ਨੂੰ ਜ਼ਾਲਮ ਜੰਜੀਰਾਂ ਵੱਲੇ ਲਿਜਾਈ ਜਾਨੈ ਏਂ।
ਪੱਥਰ ਯੁੱਗ ਵੱਲ ਲੋਕਾਂ ਨੂੰ ਬੁਰੀ ਤਰਾਂ ਧੱਕ ਰਿਹੈ,
ਮਨੂੰ ਸਿਮਰਤੀ ਦਾ ਕੌੜਾ ਰਾਗ ਗਾਈ ਜਾਂਦੈ ਏਂ।
ਈ ਡੀ ਰਾਖੇਲ ਬਣਾ ਕੇ ਰੱਖ ਲਈ ਆਪਣੇ ਕੋਲ,
ਉਹਦੇ ਪੌੜ ਵਿਰੋਧੀਆਂ ਵੱਲ ਵਧਾਈ ਜਾਂਦੈ ਏਂ।
ਇੱਕ ਬੋਲੀ ਇੱਕ ਭੇਸ ਅਸਾਡੀ ਲੋੜ ਬਣੀ ਨਹੀਂ,
ਮੁਲਕ ਵਿੱਚ ਦੰਗਿਆਂ ਦੀ ਰੁੱਤ ਬਣਾਈ ਜਾਨੈ ਏਂ।
ਲੋਕ ਪੁੱਛ ਰਹੇ ਨੇ ਕਦੋਂ ਤੂੰ ਕਿੱਥੇ ਦਾ ਪਾੜ੍ਹਾ ਰਿਹੈ,
ਜਾਹਲੀ ਡਿਗਰੀਆਂ ਆਪੇ ਛਪਵਾਈ ਜਾਨੈ ਏਂ।
ਸਮਾਜਿਕ ਸਿਆਸਤ ਸਦਾ ਦਮ ਸੱਚਾ ਚਾਹਵੇ,
ਸਿਰਫਿਰੇ ਸਾਧ ਸਾਡੇ ਮੁਹਰੇ ਬਿਠਾਈ ਜਾਨੈ ਏਂ।
ਲੱਖਾਂ ਲੋਕਾਂ ਦਾ ਆ ਸ਼ਰੇ ਰੋਜ਼ਗਾਰ ਖੋਹ ਲਿਆ,
‘ਜਗਤ ਗੁਰੂ ‘ ਰੁਤਬਾ ਆਪੇ ਕਹਾਈ ਜਾਨੈ ਏਂ।
ਤੇਰੇ ਹੱਥੋਂ ਲੋਕ ਹਿੱਤਾਂ ਲਈ ਚੰਗਾ ਨਹੀਂ ਹੋਣਾ ਹੈ,
ਪਰ ਅਡਾਨੀਂ ਅੰਬਾਨੀਏਂ ਜਿਹੇ ਰਜਾਈ ਜਾਂਨੈ ਏਂ।
ਆਖਰ ਅੰਤ ਹੁੰਦਾ ਹੈ ਭਿਆਨਕ ਪੜ੍ਹਕੇ ਦੇਖ ਲੈ,
ਜਿਹੜੇ ਬੰਨੇ ਤੂੰ ਖੁਦ ਬਿਨ ਸਮਝੇ ਜਾਈ ਜਾਨੈ ਏਂ !
ਸੁਖਦੇਵ ਸਿੱਧੂ …
ਸੰਪਰਕ : 9888633481 .
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly