ਨਿਓਸ ਏਅਰ ਵਲੋਂ ਵੀ ਉਡਾਣਾਂ ਦੀ ਗਿਣਤੀ ‘ਚ ਵਾਧਾ, ਪ੍ਰਵਾਸੀ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ
ਅਕਤੂਬਰ (ਸਮਾਜ ਵੀਕਲੀ) ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕਤਰ ਏਅਰਵੇਜ਼ ਦੀ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ, 2024 ਤੋਂ ਸ਼ੁਰੂ ਹੋਣ ਵਾਲੀ ਸਿੱਧੀ ਉਡਾਣ ਸੇਵਾ ਦੇ ਐਲਾਨ ਦਾ ਸਵਾਗਤ ਕੀਤਾ ਹੈ। ਕੈਨੇਡਾ ਤੋਂ ਪੈ੍ਰਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਟੋਰਾਂਟੋ ਨੂੰ ਦੋਹਾ ਰਾਹੀਂ ਸਿੱਧਾ ਅੰਮ੍ਰਿਤਸਰ ਨਾਲ ਸਿੱਧਾ ਜੋੜੇਗੀ, ਇਸ ਨਾਲ ਪੰਜਾਬੀਆਂ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।
ਢਿੱਲੋਂ ਅਨੁਸਾਰ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀ ਉਡਾਣ ਰੋਜ਼ਾਨਾ ਸਵੇਰੇ 4:10 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਦੋਹਾ ਪਹੁੰਚਦੀ ਹੈ। ਦੋਹਾ ਪਹੁੰਚ ਕੇ 3 ਘੰਟੇ 45 ਮਿੰਟ ਬਾਅਦ, ਯਾਤਰੀ ਹਫਤੇ ‘ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਸਵੇਰੇ 9:50 ਵਜੇ ਦੋਹਾ ਤੋਂ ਉਡਾਣ ਲੈ ਕੇ ਉਸੇ ਦਿਨ ਦੁਪਹਿਰ ਨੂੰ 3:55 ਵਜੇ ਟੋਰਾਂਟੋ ਪੁੱਜਣਗੇ। ਟੋਰਾਂਟੋ ਤੋਂ ਇਹ ਉਡਾਣ ਉਸੇ ਦਿਨ ਸ਼ਾਮ ਨੂੰ 8:00 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਵਜੇ ਦੋਹਾ ਪਹੰਚੇਗੀ।ਇਸ ਉਪਰੰਤ ਯਾਤਰੀ ਰਾਤ ਦੇ 8:40 ਵਜੇ ਉਡਾਣ ਲੈ ਕੇ ਅਗਲੇ ਦਿਨ ਦੀ ਸਵੇਰ ਨੂੰ 2:40 ਵਜੇ ਅੰਮ੍ਰਿਤਸਰ ਪਹੰਚ ਜਾਣਗੇ। ਇੰਜ ਅੰਮ੍ਰਿਤਸਰ – ਟੋਰਾਂਟੋ ਵਿਚਕਾਰ ਹਵਾਈ ਯਾਤਰਾ ਸਿਰਫ 20 ਘੰਟਿਆ ‘ਚ ਪੂਰੀ ਹੋ ਜਾਏਗੀ, ਨਾਲ ਹੀ ਸਮਾਨ ਜਮਾ ਕਰਾਉਣਾ ਤੇ ਲੈਣਾ ਅਤੇ ਇਮੀਗਰੇਸ਼ਨ ਸਿਰਫ ਅੰਮ੍ਰਿਤਸਰ ਅਤੇ ਟੋਰਾਂਟੋ ‘ਚ ਹੀ ਹੋਵੇਗੀ।
ਉਹਨਾਂ ਅੱਗੇ ਦੱਸਿਆ, “ਕਤਰ ਏਅਰਵੇਜ਼ ਅੰਮ੍ਰਿਤਸਰ ਤੋਂ ਰੋਜ਼ਾਨਾ ਸਿੱਧੀਆਂ ਉਡਾਣਾਂ ਦਾ ਸੰਚਾਲਨ ਪਿਛਲੇ ਕਈ ਸਾਲਾਂ ਤੋਂ ਕਰ ਰਹੀ ਹੈ, ਜੋ ਕਿ ਦੋਹਾ ਰਾਹੀਂ ਅਮਰੀਕਾ ਦੇ 9 ਹਵਾਈ ਅੱਡਿਆਂ ਅਤੇ ਕੈਨੇਡਾ ਦੇ ਮਾਂਟਰੀਅਲ ਹਵਾਈ ਅੱਡੇ ਨਾਲ ਜੋੜਦੀਆਂ ਹਨ। ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਤੋਂ ਹੁਣ ਦੋਹਾ ਰਾਹੀਂ ਕੈਨੇਡਾ ਵਿੱਚ ਮਾਂਟਰੀਅਲ ਅਤੇ ਟੋਰਾਂਟੋ ਲਈ ਹਫਤੇ ‘ਚ 10 ਹੋ ਜਾਣਗੀਆਂ। ਕਤਰ ਏਅਰਵੇਜ਼ ਇੱਥੋਂ ਫਿਰ ਏਅਰ ਕੈਨੇਡਾ ਰਾਹੀਂ ਕੈਨੇਡਾ ਦੇ ਬਾਕੀ ਸ਼ਹਿਰਾਂ ਨਾਲ ਜੋੜਦੀ ਹੈ।”
ਪੰਜਾਬੀਆਂ ਲਈ ਇਸ ਵੇਲੇ ਦਿੱਲੀ ਦੀ ਖੱਜਲ-ਖੁਆਰੀਤੋਂ ਬਚਣ ਲਈ ਇੱਕੋ-ਇੱਕ ਵਿਕਲਪ ਅੰਮ੍ਰਿਤਸਰ ਤੋਂ ਮਿਲਾਨ ਰਾਹੀਂ ਇਟਲੀ ਦੀ ਨਿਓਸ ਏਅਰ ਦੀ ਟੋਰਾਂਟੋ ਲਈ ਉਡਾਣ ਹੈ। ਗੁਮਟਾਲਾ ਨੇ ਇਸ ਸੰਬੰਧੀ ਦੱਸਿਆ ਕਿ ਨਿਓਸ ਏਅਰ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦੇ ਹੋਏ ਦਸੰਬਰ ਮਹੀਨੇਵਾਸਤੇ ਟੋਰਾਂਟੋ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਹਫਤੇ ‘ਚ ਦੋ ਤੋਂ ਵਧਾ ਕੇਚਾਰ ਕਰ ਦਿੱਤੀਆਂ ਹਨ। ਹੁਣ ਟੋਰਾਂਟੋ ਤੋਂ ਕਤਰ ਏਅਰਵੇਜ਼ ਦੀ ਉਡਾਣ ਸ਼ੁਰੂ ਹੋਣ ਨਾਲ ਪੰਜਾਬੀਆਂ ਲਈ ਟੋਰਾਂਟੋ ਵਾਸਤੇ ਇੱਕ ਹੋਰ ਵਿਕਲਪ ਜੁੜ ਗਿਆ ਹੈ।”
ਗੁਮਟਾਲਾ ਨੇ ਕਿਹਾ, “ਗੌਰਤਲਬ ਹੈ ਕਿ ਏਅਰ ਇੰਡੀਆ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਲੀ ਤੋਂ ਇਹਨਾਂ ਉਡਾਣਾਂ ਦੀ ਗਿਣਤੀ ਨੂੰ ਵਧਾ ਰਹੀ ਹੈ। ਏਅਰ ਇੰਡੀਆਂ ਸਭ ਅੰਕੜਿਆਂ ਤੋਂ ਭਲੀ-ਭਾਂਤ ਜਾਣੂ ਹੈ ਕਿ ਦਿੱਲੀ ਤੋਂ ਕੈਨੇਡਾ ਦੀਆਂ ਸਿੱਧੀਆਂ ਉਡਾਣਾਂ ‘ਚ 65 ਤੋਂ 75 ਫੀਸਦੀ ਸਵਾਰੀਆਂ ਦੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਇਸ ਦੇ ਬਾਵਜੂਦ ਪੰਜਾਬੀਆਂ ਨੂੰ ਦਿੱਲੀ ਤੋਂ ਹੀ ਉਡਾਣਾਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪੰਜਾਬ ਆਉਣ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਲੰਬੀਆਂ ਇਮੀਗ੍ਰੇਸ਼ਨ ਲਾਈਨਾਂ, ਸਮਾਨ ਲੈਣਾ ਤੇ ਮੁੜ ਜਮਾਂ ਕਰਾਉਣਾ ਅਤੇ ਲੰਮਾ ਸਮਾਂ ਅੰਮ੍ਰਿਤਸਰ ਲਈ ਉਡਾਣ ਦਾ ਇੰਤਜ਼ਾਰ ਯਾਂਦਿੱਲੀ ਤੋਂ ਪੰਜਾਬ ਤੱਕ ਸੜਕ ਯਾਂ ਰੇਲ ਰਾਹੀਂ 8 ਤੋਂ 12 ਘੰਟਿਆ ਦਾ ਲੰਮਾ ਸਮਾਂ ਲੱਗਦਾ ਹੈ।”
ਢਿੱਲੋਂ ਅਤੇ ਗੁਮਟਾਲਾ ਨੇ ਸਾਂਝੇ ਤੌਰ ‘ਤੇ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਵਚਨਬੱਧਤਾ ਨੂੰ ਦੁਹਰਾਂਦਿਆਂ ਕਿਹਾ, “ਸਾਡੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਏਅਰ ਇੰਡੀਆ ਸਣੇ ਹੋਰਨਾਂ ਏਅਰਲਾਈਨ ਕੰਪਨੀਆਂ ਤੱਕ ਪਹੁੰਚ ਕਰ ਉਹਨਾਂ ਨੂੰ ਅੰਕੜੇ ਅਤੇ ਹੋਰ ਜਾਣਕਾਰੀ ਦੇ ਕੇ ਉਡਾਣਾਂ ਦੀ ਮੰਗ ਕਰਦੇ ਰਹਿੰਦੇ ਹਾਂ। ਨਾਲ ਹੀ ਅਸੀਂ ਪੰਜਾਬੀ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਮੇਸ਼ਾ ਅੰਮ੍ਰਿਤਸਰ ਤੋਂ ਹੀ ਉਡਾਣਾਂ ਲੈਣ ਨੂੰ ਤਰਜੀਹ ਦੇਣ ਜਿਸ ਨਾਲ ਅਸੀਂ ਏਅਰਲਾਈਨ ਕੰਪਨੀਆਂ ਤੱਕ ਉਡਾਣਾਂ ਸ਼ੁਰੂ ਕਰਾਉਣ ਲਈ ਮਜਬੂਤ ਅੰਕੜੇ ਸਾਂਝੇ ਕਰਕੇ ਵਕਾਲਤ ਕਰ ਸਕੀਏ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly