(ਸਮਾਜ ਵੀਕਲੀ)
ਪੰਜਾਬ ਵਿੱਚ ਤੂਤ ਦਾ ਦਰਖੱਤ ਕਾਫੀ ਘਟ ਗਿਆ । ਬਹੁਤਿਆਂ ਨੂੰ ਯਾਦ ਹੋਵੇਗਾ ਕਿ ਤੂਤਾਂ ਨੂੰ ਛਾਂਗ ਕੇ ਉਹਨਾਂ ਦੀਆਂ ਛਿਟੀਆਂ ਨੂੰ ਸਾਫ ਕਰਕੇ ਟੋਕਰੇ ,ਟੋਕਰੀਆਂ ਤੇ ਛਾਬੇ ਬਣਾਏ ਜਾਂਦੇ ਸੀ।ਮੈਨੂੰ ਯਾਦ ਹੈ ਮੇਰੇ ਦਾਦਾ ਜੀ ਟੌਕਰੇ ਬਣਾਉਣ ਵਾਲੇ ( ਬੌਰੀਏ)ਨੂੰ ਘਰ ਬੁਲਾ ਕੇ ਟੋਕਰੇ ਬਣਵਾਉਂਦੇ ਸੀ ,ਸਾਡੇ ਤੂਤ ਵੀ ਬਹੁਤ ਜਿਆਦਾ ਹੁੰਦੇ ਸੀ।
ਟੋਕਰੇ ਸਿਰਫ ਤੂਤ ਦੇ ਹੀ ਬਣਾਏ ਜਾਂਦੇ ਨੇ ਕਿਉਂਕਿ ਤੂਤ ਦਾ ਦਰਖਤ ਲਚਕਦਾਰ ਹੈ। ਹੱਥੀ ਕੰਮ ਕਰਨਾ ਸਾਡੀ ਵਿਰਾਸਤ ਦਾ ਅਟੁੱਟ ਅੰਗ ਹੈ।ਇਹ ਟੋਕਰੇ ਸਾਡੀ ਪੇਂਡੂ ਵਿਰਾਸਤ ਦਾ ਸ਼ੁਰੂ ਤੋਂ ਈ ਹਿੱਸਾ ਹਨ।ਸਾਡੇ ਘਰਾ ਵਿੱਚ ਪਸ਼ੂਆਂ ਨੂੰ ਪੱਠੇ ਪਾਉਣਾ, ਰੂੜੀ ਵਾਲੀ ਖਾਦ ਢੋਹਣੀ ,ਪਾਥੀਆਂ ਢੋਹਣਾ ਤੇ ਘਰ ਵਿੱਚ ਵਾਧੂ ਲਸਣ ,ਪਿਆਜ ਤੇ ਆਲ ਰੱਖਣ ਲਈ ਵੀ ਇਹ ਟੋਕਰੇ ਟੋਕਰੀਆਂ ਵਰਤੇ ਜਾਂਦੇ ਸੀ।
ਮੈਂ ਵੇਖਿਆ ਬਹੁਤ ਘਰਾਂ ਚ ਰੱਸੀਆਂ ਪਾ ਕੇ ਵਰਾਂਡੇ ਚ ਟੋਕਰਾ ਲਮਕਾ ਕੇ ਉਸ ਵਿੱਚ ਵਰਤੋਂ ਵਾਲੀਆਂ ਵਸਤੂਆਂ ਰੱਖੀਆਂ ਜਾਂਦੀਆਂ ਸੀ।
ਅੱਗੇ ਵਿਆਹਾਂ ਵਿਚ ਜਦੋਂ ਹਲਵਾਈ ਲਗਦਾ ਤਾਂ ਉਹ ਆਉਣ ਸਾਰ ਟੋਕਰਿਆਂ ਦੀ ਮੰਗ ਕਰਦਾ,ਪਕੌੜੀਆਂ ,ਪਕੌੜੇ ਤੇ ਹੋਰ ਮਠਿਆਈ ਪਾਉਣ ਲਈ ਵਿੱਚ ਅਖਬਾਰ ਵਿਛਾ ਲਏ ਜਾਂਦੇ ਸੀ।
ਅੱਜ ਕੱਲ੍ਹ ਸਮਾਂ ਬਦਲਣ ਨਾਲ ਇਹ ਕਲਾ ਵੀ ਵਿਸਰ ਰਹੀ ਹੈ ਹੁਣ ਇਹਨਾਂ ਦੀ ਜਗ੍ਹਾ ਕੇਟਰਾਂ ਨੇ ਲੈ ਲਈ ਹੈ ਤੇ ਤੂਤ ਦੇ ਟੋਕਰਿਆਂ ਦੀ ਕਦਰ ਘਟ ਗਈ ਹੈ।ਸਾਡੇ ਤਾਂ ਘਰ ਵਿੱਚ ਸਾਗ ਧੋ ਸੰਵਾਰ ਕੇ ਟੋਕਰੀ ਵਿੱਚ ਈ ਰੱਖਿਆ ਜਾਂਦਾ ਸੀ । ਭਾਂਡ ਮਾਂਜ ਕੇ ਧੋ ਕੇ ਟੋਕਰੀ ਵਿੱਚ ਰੱਖਦੇ ਸਾਂ ਪਰ ਹੁਣ ਘਰ ਘਰ ਵਿੱਚ ਪਲਾਸਟਿਕ ਦੀਆਂ ਵੰਨ ਸੁਵੰਨੀਆਂ ਟੋਕਰੀਆਂ ਤੇ ਕੇਟਰ ਆ ਗਏ । ਖਾਲੀ ਟੋਕਰੇ ਨੂੰ ਬਦਸ਼ਗਨੀ ਵੀ ਸਮਝਿਆ ਜਾਂਦਾ, ਜੇ ਕੋਈ ਔਰਤ ਰਸਤੇ ਚ ਕਿਸੇ ਨੂੰ ਖਾਲੀ ਟੋਕਰਾ ਲਈ ਆਉਂਦੀ ਮਿਲ ਪਵੇ ਤਾਂ ਖਾਲੀ ਟੋਕਰੇ ਨੂੰ ਅਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਜੇ ਭਰੇ ਟੋਕਰੇ ਵਾਲੀ ਟੱਕਰੇ ਫੇਰ ਸ਼ਭ ਸ਼ਗਨ।
ਹੱਥੀਂ ਟੋਕਰੇ ਬਣਾਉਣੇ ਸੌਖੇ ਨਹੀਂ, ਪਹਿਲਾਂ ਤੂਤ ਦੀਆਂ ਛਟੀਆਂ ਨੂੰ ਦਾਤ ਨਾਲ ਦੋ ਫਾੜ ਕੀਤਾ ਜਾਂਦਾ । ਸਭ ਤੋਂ ਪਹਿਲਾਂ ਹੇਠਾਂ ਬੇਸ ਬਣਾਇਆ ਜਾਂਦਾ ਫੇਰ ਵਿੱਚ ਛੋਟੀਆਂ ਪਰੋਈਆਂ ਜਾਦੀਆਂ ਤੇ ਬਣਾਉਣ ਵਾਲਾ ਵੀ ਨਾਲੋ ਨਾਲ ਘੁੰਮਦਾ। ਹੱਥਾਂ ਤੇ ਜਖਮ ਵੀ ਹੋ ਜਾਂਦੇ ਨੇ ਬਹੁਤ ਮਿਹਨਤ ਆਉਂਦੀ ਜੀ ਤੂਤ ਦੇ ਟੋਕਰੇ ਬਣਾਉਣ ਤੇ।
ਸੋ ਆਓ ਸਾਰੇ ਬਾਕੀ ਰੁੱਖਾਂ ਵਾਂਗ ਤੂਤ ਵੀ ਉਗਾਈਏ ਤੇ ਇਸ ਕਲਾ ਨੂੰ ਖਤਮ ਹੋਣ ਤੋਂ ਬਚਾਈਏ।
ਪ੍ਰੇਮ ਸਰੂਪ
ਛਾਜਲੀ (ਸੰਗਰੂਰ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly