(ਸਮਾਜ ਵੀਕਲੀ)
ਬਚਪਨ ਵਿੱਚ ਵੱਡਿਆਂ ਤੋਂ ਸੁਣੀਆਂ ਕਈ ਕਹਾਣੀਆਂ ਜ਼ਿੰਦਗੀ ਵਿੱਚ ਸੇਧ ਦਿੰਦੀਆਂ ਹਨ। ਦਾਦਾ ਜੀ ਅਕਬਰ ਅਤੇ ਬੀਰਬਲ ਦਾ ਇੱਕ ਕਿੱਸਾ ਸੁਣਾਉਂਦੇ ਹੁੰਦੇ ਸਨ। ਬੀਰਬਲ ਅਕਬਰ ਦੇ ਨੌਂ ਰਤਨਾਂ ਵਿੱਚੋਂ ਇੱਕ ਰਤਨ ਸੀ। ਅਕਬਰ ਅਤੇ ਬੀਰਬਲ ਦਰਿਆ ਦੇ ਕਿਨਾਰੇ ਜਾ ਰਹੇ ਸਨ। ਅਕਬਰ ਨੇ ਬੀਰਬਲ ਨੂੰ ਸਵਾਲ ਪੁੱਛਿਆ, “ਕਿ ਸਾਡੇ ਸਰੀਰ ਦਾ ਸਭ ਤੋਂ ਚੰਗਾ ਹਿੱਸਾ ਕਿਹੜਾ ਹੈ?” ਬੀਰਬਲ ਨੇ ਉੱਤਰ ਵਿੱਚ ਕਿਹਾ ‘ਸਾਡੀ ਜ਼ੁਬਾਨ’ ਸਭ ਤੋਂ ਚੰਗਾ ਹਿੱਸਾ ਹੈ। ਫਿਰ ਅਕਬਰ ਨੇ ਪੁੱਛਿਆ, “ਸਭ ਤੋਂ ਮਾੜਾ ਹਿੱਸਾ ਕਿਹੜਾ ਹੈ?” ਤਾਂ ਬੀਰਬਲ ਨੇ ਫਿਰ ਕਿਹਾ ਕਿ ਉਹ ਵੀ ‘ਸਾਡੀ ਜ਼ੁਬਾਨ’ ਹੀ ਹੈ।
ਅਕਬਰ ਨੇ ਤਲਖ਼ੀ ਵਿੱਚ ਕਿਹਾ,” ਇਹ ਕਿਵੇਂ ਹੋ ਸਕਦਾ ਹੈ?” ਇੱਕ ਹੀ ਹਿੱਸੇ ਵਿੱਚ ਦੋਵੇਂ ਚੰਗੇ-ਮਾੜੇ ਕਿਵੇਂ ਹੋ ਸਕਦੇ ਹਨ। ਮੈਂ ਨਹੀਂ ਮੰਨਦਾ, ਤਾਂ ਬੀਰਬਲ ਨੇ ਬੜੀ ਸਥਿਰਤਾ ਨਾਲ ਸਮਝਾਇਆ ਕਿ ਇਵੇਂ ਵੀ ਹੋ ਸਕਦਾ ਹੈ ਜਾਹਪਨਾਹ ! ਬੀਰਬਲ ਨੇ ਜਵਾਬ ਦਿੰਦਿਆਂ ਸਮਝਾਇਆ ਕਿ ਅਸੀਂ ਜ਼ੁਬਾਨ ਤੋਂ ਜਦੋਂ ਚੰਗੇ ਸ਼ਬਦਾਂ ਦੀ ਵਰਤੋਂ ਕਰਾਂਗੇ ਅਤੇ ਸਭ ਨਾਲ ਪਿਆਰ ਨਾਲ ਰਹਾਂਗੇ ਤਾਂ ਸਭ ਦੇ ਦਿਲਾਂ ਵਿੱਚ ਆਪਣੇਪਨ ਅਤੇ ਪਿਆਰ ਲਈ ਥਾਂ ਬਣਾ ਲਵਾਂਗੇ। ਹਰ ਕਿਸੇ ਨੂੰ ਮਨ ਦਾ ਸਕੂਨ ਦੇ ਸਕਾਂਗੇ। ਪਿਆਰ ਵੰਡਾਂਗੇ ਅਤੇ ਬਦਲੇ ਵਿੱਚ ਪਿਆਰ ਹੀ ਪ੍ਰਾਪਤ ਕਰਾਂਗੇ। ਮਿੱਠੇ, ਪਿਆਰੇ ਅਤੇ ਅਪਣੇਪਨ ਭਰੇ ਲਫ਼ਜ਼ਾਂ ਨਾਲ ਹਰ ਕਿਸੇ ਦੀ ਹਿੰਮਤ ਬਣਾਂਗੇ। ਅਸੀਂ ਪਿਆਰ ਭਰੇ ਲਫਜ਼ਾਂ ਨਾਲ ਵੀ ਦੂਸਰਿਆਂ ਦੀ ਖੁਸ਼ੀ ਦਾ ਕਾਰਨ ਬਣ ਸਕਦੇ ਹਾਂ।
ਦੂਸਰੇ ਪਾਸੇ ਜਦੋਂ ਇਸੇ ਜ਼ੁਬਾਨ ਤੋਂ ਕੜਵਾਹਟ ਭਰੇ ਸ਼ਬਦਾਂ ਦਾ ਇਸਤੇਮਾਲ ਕਰਾਂਗੇ, ਤਾਂ ਸਭ ਦੇ ਹਿਰਦਿਆਂ ਨੂੰ ਦੁੱਖ ਹੀ ਪਹੁੰਚਾਵਾਗੇ। ਜ਼ੁਬਾਨ ਤੋਂ ਨਿਕਲੇ ਬੁਰੇ ਸ਼ਬਦ ਦੂਜਿਆਂ ਨੂੰ ਦੁੱਖ ਪਹੁੰਚਾਉਂਦੇ ਹਨ। ਮਾੜੇ ਅਤੇ ਘਟੀਆਂ ਸ਼ਬਦ ਮਨ ਨੂੰ ਗਹਿਰੀ ਚੋਟ ਪਹੁੰਚਾਉਂਦੇ ਹਨ।
ਤਲਵਾਰ ਨਾਲੋਂ ਤਿੱਖੇ ਅਤੇ ਗਹਿਰੇ ਜ਼ਖ਼ਮ ਬੋਲਾਂ ਦੇ ਭੈੜੇ ਫੱਟ ਦੇ ਦਿੰਦੇ ਹਨ , ਜਿੰਨਾਂ ਦੀ ਚੀਸ ਕਈ ਵਾਰ ਸਾਰੀ ਉਮਰ ਨਾਜ਼ੁਕ ਦਿਲਾਂ ਵਿੱਚ ਘਰ ਕਰ ਜਾਂਦੀ ਹੈ। ਕੀਮਤੀ ਜਿੰਦਗੀਆਂ ਤਬਾਹ ਕਰ ਦਿੰਦੀ ਹੈ। ਕੌੜੇ ਲਫ਼ਜ਼ ਆਪਣਿਆਂ ਤੋਂ ਸਦਾ ਲਈ ਦੂਰ ਕਰ ਦਿੰਦੇ ਰਹੇ। ਘਟੀਆਂ ਸ਼ਬਦਾਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਨਾ ਤਾਂ ਆਪ ਖੁਸ਼ ਰਹਿ ਸਕਦਾ ਹੈ ਅਤੇ ਨਾ ਦੂਸਰਿਆਂ ਨੂੰ ਖੁਸ਼ੀ ਅਤੇ ਮਾਨਸਿਕ ਤਸੱਲੀ ਦੇ ਸਕਦਾ ਹੈ।
ਸੋ ਜ਼ਿਆਦਾਤਰ ਇਹ ਸਾਡੇ ਬੋਲੇ ਹੋਏ ਲਫ਼ਜ਼ਾਂ ‘ਤੇ ਨਿਰਭਰ ਕਰਦਾ ਹੈ ਕਿ ਅਗਲਾ ਸਾਡੀ ਕਿੰਨੀ ਕੁਝ ਇੱਜ਼ਤ ਕਰ ਰਿਹਾ ਹੈ। ਚੰਗੇ ਅਤੇ ਵਧੀਆ ਸ਼ਬਦ ਸਾਡੀ ਇੱਜ਼ਤ ਕਰਵਾਉਂਦੇ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੋਲੇ ਹੋਏ ਸ਼ਬਦਾਂ ਦਾ ਸਹੀ ਇਸਤੇਮਾਲ ਕਰੀਏ। ਹਮੇਸ਼ਾ ਇਹ ਸੋਚ ਕੇ ਬੋਲੀਏ ਕਿ ਕਿਤੇ ਸਾਡੇ ਬੋਲੇ ਹੋਏ ਲਫ਼ਜ਼ਾਂ ਨਾਲ ਦੂਸਰੇ ਦਾ ਦਿਲ ਤਾਂ ਨਹੀਂ ਦੁੱਖ ਰਿਹਾ। ਮਿਹਣੇ ਭਰੇ, ਹੰਕਾਰ ਭਰੇ ਅਤੇ ਅਸੱਭਿਅਕ ਸ਼ਬਦਾਂ ਨੂੰ ਬੋਲਣ ਤੋਂ ਗ਼ੁਰੇਜ਼ ਕਰੀਏ। ਸੋਹਣੀ ਜ਼ਿੰਦਗੀ ਨੂੰ ਸੋਹਣੇ, ਪਿਆਰੇ ਅਤੇ ਮਿੱਠੇ ਸ਼ਬਦਾਂ ਨਾਲ ਭਰਪੂਰ ਕਰਕੇ ਸਭ ਨੂੰ ਖੁਸ਼ੀਆਂ ਵੰਡੀਏ।
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly