HOME ਅੱਜ ਪਿੱਠਵਰਤੀ ਗਾਇਕ ਰਫ਼ੀ ਸਾਹਿਬ ਦੀ ਬਰਸੀ ਮੌਕੇ ਵਿਸ਼ੇਸ਼

ਅੱਜ ਪਿੱਠਵਰਤੀ ਗਾਇਕ ਰਫ਼ੀ ਸਾਹਿਬ ਦੀ ਬਰਸੀ ਮੌਕੇ ਵਿਸ਼ੇਸ਼

3
ਮੁਹੰਮਦ ਰਫੀ
(ਸਮਾਜ ਵੀਕਲੀ) 
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ…
ਬਲਦੇਵ ਸਿੰਘ ਬੇਦੀ

ਕੁਝ ਅਵਾਜ਼ਾਂ ਸਿਰਫ਼ ਕੰਨਾਂ ਤੱਕ ਹੀ ਨਹੀਂ, ਸਗੋਂ ਰੂਹ ਤੱਕ ਵੀ ਪਹੁੰਚਦੀਆਂ ਹਨ,ਜੋ ਇਤਿਹਾਸ ਦੀਆਂ ਸਤਰਾਂ ‘ਚ ਨਹੀਂ, ਦਿਲਾਂ ਦੇ ਨਕਸ਼ਿਆਂ ‘ਚ ਵਸ ਜਾਂਦੀਆਂ ਹਨ। ਅਜਿਹੀ ਹੀ ਇੱਕ ਅਵਾਜ਼ ਸੀ ਮੁਹੰਮਦ ਰਫੀ ਦੀ। ਉਹ ਅਵਾਜ਼ ਜੋ ਦਰਦ ਨੂੰ ਲਫ਼ਜ਼ ਦਿੰਦੀ ਸੀ, ਪ੍ਰੇਮ ਨੂੰ ਰਾਗ ਅਤੇ ਭਗਤੀ ਨੂੰ ਲੈਅ ਬਣਾਉਂਦੀ ਸੀ। ਅੱਜ ਵੀ ਜਦੋਂ ਅਸੀਂ ਰਫੀ ਦੇ ਗੀਤ ਸੁਣਦੇ ਹਾਂ ਤਾਂ ਹਵਾ ਰੁਕ ਜਿਹੀ ਜਾਂਦੀ ਹੈ, ਦਿਲ ਠਹਿਰ ਜਾਂਦਾ ਹੈ ਅਤੇ ਯਾਦਾਂ ਕਿਸੇ ਰੇਲ ਗੱਡੀ ਵਾਂਗ ਸਾਡੇ ਪਿੱਛੋਂ-ਪਿੱਛੇ ਦੌੜ ਪੈਂਦੀਆਂ ਹਨ।

24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਜਨਮੇ ਮੁਹੰਮਦ ਰਫੀ ਨੂੰ ਸੰਗੀਤ ਪਰਿਵਾਰਕ ਵਿਰਾਸਤ ਵਿੱਚ ਨਹੀਂ ਸੀ ਮਿਲਿਆ। ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਪਰ ਉਸਦੇ ਪਿਤਾ ਗਾਉਣ ਦੇ ਸਖਤ ਖਿਲਾਫ ਸਨ ਕਿਉਂਕਿ ਰਫੀ ਦੇ ਪਿਤਾ ਨੂੰ ਰਫੀ ਦਾ ਗਾਇਕ ਬਣਨਾ ਬਿਲਕੁਲ ਵੀ ਪਸੰਦ ਨਹੀਂ ਸੀ। ਜਦੋਂ ਰਫ਼ੀ 15 ਸਾਲ ਦੇ ਹੋਏ ਤਾਂ ਉਸ ਨੇ ਆਪਣੇ ਵੱਡੇ ਭਰਾ ਦੀ ਮਦਦ ਨਾਲ ਸੰਗੀਤ ਸਿੱਖਿਆ ਹਾਸਿਲ ਕੀਤੀ। ਫੇਰ ਉਨ੍ਹਾਂ ਨੂੰ ਲਾਹੌਰ ਤੋਂ ਜਨਾਬ ਹਾਮਿਦ ਸਾਹਿਬ ਨੇ ਆਲ ਇੰਡੀਆ ਰੇਡੀਓ ਤੇ ਕੁੰਦਨ ਲਾਲ ਸਹਿਗਲ ਦੇ ਇਕ ਪ੍ਰੋਗਰਾਮ ਵਿੱਚ ਗਾਉਣ ਦਾ ਮੌਕਾ ਦਿੱਤਾ। ਉਸ ਸਮੇਂ ਦੇ ਮਸ਼ਹੂਰ ਸੰਗੀਤਕਾਰ ਸ਼ਿਆਮ ਸੁੰਦਰ ਨੇ ਰਫੀ ਦੀ ਇਸ ਪ੍ਰਤਿਭਾ ਨੂੰ ਸਮਝਿਆ ਅਤੇ ਉਹ ਰਫ਼ੀ ਦੇ ਇੰਨੇ ਦੀਵਾਨੇ ਹੋ ਗਏ ਕਿ ਉਸ ਨੂੰ ਮੁੰਬਈ ਲੈ ਆਏ,ਜਿੱਥੇ ਰਫੀ ਨੂੰ ਪਹਿਲੀ ਵਾਰ ਪੰਜਾਬੀ ਫਿਲਮ ‘ਗੁਲ-ਬਲੋਚ’ ‘ਚ ਜੀਨਤ ਬੇਗ਼ਮ ਨਾਲ ਗਾਉਣ ਦਾ ਮੌਕਾ ਮਿਲਿਆ, ਜਿਸ ਦੇ ਬੋਲ ਸਨ ‘ਸੋਹਣੀਏ ਨੀਂ, ਹੀਰੀਏ ਨੀਂ’। ਸਿਰਫ 17 ਸਾਲ ਦੀ ਉਮਰ ਤੋਂ ਹੀ ਰਫੀ ਨੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ, ਜੋ ਉਨ੍ਹਾਂ ਦੀ ਮੌਤ ਤੱਕ ਨਿਰੰਤਰ ਜਾਰੀ ਰਿਹਾ।
ਰਫੀ ਸਾਹਿਬ ਜੀ ਨੇ ਨੌਸ਼ਾਦ, ਸਚਿਨ ਦੇਵ ਬਰਮਨ, ਸੀ.ਰਾਮਚੰਦਰ, ਮਦਨ ਮੋਹਨ, ਓ.ਪੀ. ਨਈਅਰ, ਕਲਿਆਣ ਜੀ, ਆਨੰਦ ਜੀ, ਲਕਸ਼ਮੀਕਾਂਤ ਪਿਆਰੇ ਲਾਲ,ਰਵਿੰਦਰ ਜੈਨ, ਇਕਬਾਲ ਕੁਰੈਸ਼ੀ ਆਦਿ ਸੰਗੀਤਕਾਰਾਂ ਨਾਲ ਮਿਲ ਕੇ ਆਪਣੀ ਆਵਾਜ਼ ਦਾ ਅਜਿਹਾ ਜਾਦੂ ਬਿਖੇਰਿਆ ਜਿਸ ਨਾਲ ਪਲੇਅਬੈਕ ਗੀਤਾਂ ਨੂੰ ਇਕ ਨਵੀਂ ਪਰਿਭਾਸ਼ਾ ਮਿਲੀ। ਹਰੇਕ ਫ਼ਿਲਮੀ ਹੀਰੋ ਤੇ ਰਫ਼ੀ ਦੀ ਆਵਾਜ਼ ਫਿੱਟ ਬੈਠਦੀ ਸੀ, ਗੀਤ ਭਾਵੇਂ ਸਾਦਾ ਹੀ ਹੋਵੇ ਪਰ ਰਫੀ ਦੀ ਆਵਾਜ਼ ਦਾ ਜਾਦੂ ਉਸ ਗੀਤ ਵਿਚ ਅਜਿਹਾ ਰਸ ਘੋਲਦਾ ਕਿ ਗੀਤ ਕਿਤੋਂ ਦਾ ਕਿਤੇ ਪਹੁੰਚ ਜਾਂਦਾ। ਇਸ ਪਿੱਠਵਰਤੀ ਗਾਇਕ ਨੇ ਆਪਣੀ ਜਾਦੂਈ ਆਵਾਜ਼ ਵਿੱਚ ਬੇਹੱਦ ਹਿਟ ਗੀਤ ਦਿੱਤੇ ਜਿਵੇਂ:-
ਕਿਆ ਹੁਆ ਤੇਰਾ ਵਾਅਦਾ..
ਲਿਖੇ ਜੋ ਖ਼ਤ ਤੁਝੇ..
ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ..
ਮੈਂ ਜੱਟ ਯਮਲਾ ਪਗਲਾ ਦੀਵਾਨਾ..
ਪੱਥਰ ਕੇ ਸਨਮ..
ਦਸ ਮੇਰਿਆ ਦਿਲਬਰਾ ਵੇ..
ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ..
ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ..
ਚਿੱਟੇ ਦੰਦ ਹੱਸਣੋਂ ਨਹੀਓ ਰਹਿੰਦੇ..
ਦਾਣਾ ਪਾਣੀ ਖਿੱਚ ਲਿਆਉਂਦਾ..
ਜਿਹੇ ਹਿੰਦੀ-ਪੰਜਾਬੀ ਗੀਤਾਂ ਤੋਂ ਇਲਾਵਾ ਰਫ਼ੀ ਸਾਹਿਬ ਨੇ ਭਾਰਤ ਦੀਆਂ ਲਗਭਗ 35 ਭਾਸ਼ਾਵਾਂ ਵਿੱਚ ਚਾਰ ਦਹਾਕਿਆਂ ਤਕ ਕੋਈ 26 ਹਜ਼ਾਰ ਤੋਂ ਵੀ ਵੱਧ ਗੀਤ ਗਾਏ। ਜਿਨ੍ਹਾ ਵਿੱਚ ਧਾਰਮਿਕ ਗੀਤ,ਸ਼ਬਦ,ਭਜਨ,ਦੇਸ਼-ਭਗਤੀ ਗੀਤ, ਕਵਾਲੀਆਂ ਆਦਿ ਵੀ ਸ਼ਾਮਿਲ ਹਨ।
ਜਦੋਂ ਰਫੀ ਨੇ ਫ਼ਿਲਮ ‘ਨੀਲ ਕਮਲ’ ਲਈ ‘ਬਾਬੁਲ ਕੀ ਦੁਆਏਂ ਲੇਤੀ ਜਾ’ ਗੀਤ ਦੀ ਰਿਕਾਰਡਿੰਗ ਕੀਤੀ, ਤਾਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਹ ਗੀਤ ਉਨ੍ਹਾਂ ਲਈ ਨਿੱਜੀ ਤੌਰ ‘ਤੇ ਵੀ ਖਾਸ ਸੀ, ਕਿਉਂਕਿ ਉਨ੍ਹਾਂ ਦੀ ਧੀ ਦੀ ਮੰਗਣੀ ਸਿਰਫ਼ ਇੱਕ ਦਿਨ ਪਹਿਲਾਂ ਹੀ ਹੋਈ ਸੀ। ਇਹ ਗੀਤ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨਾਲ ਭਰਪੂਰ ਇਸ ਤਰੀਕੇ ਨਾਲ ਗਾਇਆ ਕਿ ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਗੀਤਕ ਸਫ਼ਰ ਦੌਰਾਨ ਰਫ਼ੀ ਸਾਹਿਬ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲੇ,ਜਿਸ ਵਿਚ ਫ਼ਿਲਮ ਫੇਅਰ ਐਵਾਰਡ ਤੋਂ ਇਲਾਵਾ ਉਨ੍ਹਾਂ ਨੂੰ 1965 ਵਿਚ ਪਦਮ ਸ੍ਰੀ ਨਾਲ ਵੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸੰਗੀਤਕ ਅਸਮਾਨ ਦੇ ਇਸ ਚਮਕਦੇ ਤਾਰੇ ਦੀ ਯਾਦ ‘ਚ, ਭਾਰਤ ਸਰਕਾਰ ਦੇ ਡਾਕ ਵਿਭਾਗ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰਕੇ ਉਨ੍ਹਾਂ ਦੀ ਮਹਾਨਤਾ ਤੇ ਮੋਹਰ ਲਗਾਈ।
ਸੰਗੀਤ ਦੀ ਦੁਨੀਆਂ ਦੀ ਇਹ ਅਮਰ ਆਵਾਜ਼ 31 ਜੁਲਾਈ 1980 ਨੂੰ ਹਮੇਸ਼ਾ ਲਈ ਖ਼ਾਮੋਸ਼ ਤਾਂ ਜ਼ਰੂਰ ਹੋ ਗਈ ਪਰ ਆਪਣੇ ਵਲੋਂ ਗਾਏ ਗੀਤਾਂ ਨੂੰ ਇਕ ਵਿਰਾਸਤ ਦੇ ਰੂਪ ‘ਚ ਸਾਡੇ ਲਈ ਰਹਿੰਦੀ ਦੁਨੀਆਂ ਤੀਕ ਛੱਡ ਗਏ, ਜਿਨ੍ਹਾਂ ਦਾ ਅਸੀਂ ਅੱਜ ਵੀ ਆਨੰਦ ਮਾਣ ਰਹੇ ਹਾਂ। ਬਲੈਕ ਐਂਡ ਵ੍ਹਾਈਟ ਫਿਲਮਾਂ ਦੇ ਦੌਰ ਤੋਂ ਸ਼ੁਰੂ ਹੋਇਆ ਗੀਤਾਂ ਦਾ ਇਹ ਸਫ਼ਰ ਉਨ੍ਹਾਂ ਦੇ ਇਸ ਜਹਾਨ ਤੋਂ ਰੁਖ਼ਸਤ ਹੋਣ ਤੋਂ ਬਾਅਦ ਅੱਜ ਵੀ ਬਰਕਰਾਰ ਹੈ,ਰਫ਼ੀ ਦੀ ਆਵਾਜ਼ ਰੂਹ ਬਣ ਕੇ ਦੇਸ਼-ਵਿਦੇਸ਼ ਦੇ ਲੋਕਾਂ ਦੇ ਕੰਨਾਂ ‘ਚ ਸੰਗੀਤ ਦਾ ਰਸ ਘੋਲ ਰਹੀ ਹੈ। ਅੱਜ ਵੀ ਜਦੋਂ ਅਸੀਂ ਰਫੀ ਸਾਹਿਬ ਦਾ ਕੋਈ ਗੀਤ ਸੁਣਦੇ ਹਾਂ ਤਾਂ ਆਪਣੇ ਆਪ ਨੂੰ ਗੁਣ-ਗੁਣਾਉਣ ਤੋਂ ਨਹੀਂ ਰੋਕ ਪਾਉਂਦੇ।
 ਬਲਦੇਵ ਸਿੰਘ ਬੇਦੀ 
 ਜਲੰਧਰ 
 9041925181
Previous articleਅਧਿਆਪਕ ਬਦਲੀਆਂ ਲਈ ਤਰਸੇ, ਵਿਭਾਗ ਕੁੰਭਕਰਨੀ ਨੀਂਦ ਸੁੱਤਾ – ਜੀ.ਟੀ.ਯੂ.ਪੰਜਾਬ
Next articleਸ੍ਰੀਨਗਰ ਵਿਖ਼ੇ ਪ੍ਰਦਰਸ਼ਨਕਾਰੀ ਡਾਕਟਰਾਂ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ