(ਸਮਾਜ ਵੀਕਲੀ)
ਖੋਹੇ ਚਾਅ ਅੱਜ ਦੇ ਸਾਉਣ ਨੇ
ਪਿੱਪਲ ,ਤੀਆਂ ,ਧੀਆਂ ਮੋਨ ਨੇ
ਸਾਨੂੰ ਨੀ ਪੀਂਘ ਹੁਲਾਰੇ ਸੁੱਝ ਦੇ
ਦਰਦਾਂ ਵਾਲੇ ਛਿੜੇ ਅਜੇ ਗੋਣ ਨੇ
ਪੀਂਘਾਂ ਨੇ ਚੜ੍ਹ ਲਾਸ਼ਾਂ ਤੱਕੀਆਂ
ਘਟਾਵਾਂ ਵੀ ਨੇ ਹੱਕੀਆਂ ਬੱਕੀਆਂ
ਹਰਜਾਨੇ ਸੱਧਰਾਂ ਦੇ ਕੌਣ ਮੋੜੇਗਾ
ਤੇਰੇ ਤੀਆਂ ਵਰਗੇ ਖੋਹਣ ਨੇ
ਸੰਧਾਰੇ ਦੀ ਥਾਂ ਹੜ੍ਹ ਨੇ ਆਏ
ਮੋਰ ਵੀ ਨਾ ਹੁਣ ਪੈਲਾ ਪਾਏ
ਚੰਦਰੀ ਛਹਿਬਰ ਹੰਝੂਆਂ ਦੀ ਲੱਗੀ
ਸੁਣ ਉੱਜੜੇ ਘਰਾਂ ਦੇ ਰੋਣ ਨੇ
ਸਮੇਟ ਲੈ ਆਪਣੇ ਸਾਉਣ ਦੇ ਚਾਅ
ਲੋਕਾਈ ਦੇ ਸਾਹ ਲੱਗੇ ਨੇ ਦਾਅ
ਹੜ੍ਹਾਂ ‘ਚ ਨਾ ਗਿੱਧੇ ਬੋਲੀ ਪੈਂਦੀ
‘ਜੋਤ’ ਪਾਣੀ ਵਿਚ ਤੈਰਦੇ ਵੈਣ ਨੇ ।
ਚਰਨਜੀਤ ਜੋਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly