(ਸਮਾਜ ਵੀਕਲੀ)
ਨਾ ਉਹ ਪਿਆਰ-ਮੁਹੱਬਤ ਰਹਿ ਗਏ,
ਨਾ ਉਹ ਮਿੱਤਰਚਾਰਾ।
ਨਾ ਉਹ ਸਾਂਝ ਦਿਲਾਂ ਦੀ ਰਹਿ ਗਈ,
ਨਾ ਉਹ ਭਾਈਚਾਰਾ।
ਨਾ ਉਹ ਭੈਣ-ਭਰਾ ਹੁਣ ਰਹਿ ਗਏ,
ਬਣੀ ਸ਼ਰੀਕੇਦਾਰੀ।
ਚਿੱਟਾ ਹੋ ਗਿਆ ਲਹੂ ਭਰਾਵੋ,
ਕਾਹਦੀ ਸਾਂਝੇਦਾਰੀ!
ਲੱਗੀ ਦੌੜ ਹੈ ਦੁਨੀਆ ਅੰਦਰ,
ਪੈਸੇ ਦੀ ਸਰਦਾਰੀ।
ਪੈਸਾ ਹੈ ਤਾਂ ਰਿਸ਼ਤਾ ਗੂੜ੍ਹਾ,
ਨਹੀਂ ਕਾਹਦੀ ਰਿਸ਼ਤੇਦਾਰੀ!
‘ਪੱਗ-ਵੱਟ’ ਕਦੇ ਭਰਾ ਹੁੰਦੇ ਸਨ,
ਵਾਂਗ ਭਰਾਵਾਂ ਰਹਿੰਦੇ।
ਹੁਣ ਤਾਂ ਸਕੇ ਭਰਾ ਵੀ ਯਾਰੋ,
ਵਾਂਗ ਦੁਸ਼ਮਣਾਂ ਖਹਿੰਦੇ।
ਗੁਆਂਢੀ ਵੀ ਕਦੇ ਹੁੰਦੇ ਸਨ,
‘ਹਮਸਾਏ ਮਾਂ-ਪਿਓ ਜਾਏ’,
ਪਰ ਅੱਜ ਨਫ਼ਰਤ, ਸਾੜਾ, ਕੀਨਾ;
ਹਰ ਥਾਂ ਅੱਗਾਂ ਲਾਏ।
ਪੁੱਤ, ਕਪੁੱਤ ਕਿਉਂ ਹੋ ਜਾਂਦੇ ਹਨ,
ਇਹ ਗੱਲ ਸਮਝ ਨਹੀਂ ਆਉਂਦੀ।
ਮਾਂ-ਪਿਓ ਤਾਂ ਸਦਾ ਖ਼ੈਰ ਮੰਗਦੇ,
ਆਪਣੇ ਧੀਆਂ-ਪੁੱਤਾਂ ਦੀ।
ਹੱਕ ਪਰਾਇਆ ਦੱਸਿਆ ਖਾਣਾ,
ਗਾਂ ਦੇ ਮਾਸ ਬਰਾਬਰ,
ਪਰ ਅੱਜ ਤੱਕ ਨਾ ਮਿਲ਼ਿਆ ਕਿਧਰੇ,
ਕਿਰਤ ਨੂੰ ਪੂਰਾ ਆਦਰ।
ਭ੍ਰਿਸ਼ਟਾਚਾਰੀ ਦਾ ਯੁੱਗ ਆਇਆ ,
ਜਿਸ ਦੀ ਲਾਠੀ ਉਸ ਦੀ ਮੱਝ ਹੈ।
ਸੱਤੀਂ-ਵੀਹੀਂ ਸੌ ਤਕੜੇ ਦਾ,
ਮਾੜੇ ਦਾ ਕੋਈ ਹੱਜ ਹੈ!
ਸੱਭੇ ਸਾਂਝੀਵਾਲ ਸਦਾਇਨ,
ਗੁਰੂਆਂ ਨੇ ਫ਼ਰਮਾਇਆ।
ਐਪਰ ਸੀਨਾਜ਼ੋਰੀ ਵਾਲ਼ਾ,
ਇਹ ਕੇਹਾ ਜੁਗ ਆਇਆ!
‘ਲੰਗੜੋਆ’ ਰਲ਼-ਮਿਲ਼ ਸੋਚੋ ਸਾਰੇ,
ਆਪਣਾ ਫ਼ਰਜ਼ ਪਛਾਣੋ।
ਵਿਰਸੇ ਦੀ ਸੰਭਾਲ਼ ਕਰੋ ਤੇ
ਸਭ ਨੂੰ ਆਪਣਾ ਜਾਣੋ।
ਜਸਵੀਰ ਸਿੰਘ ਲੰਗੜੋਆ
ਫ਼ੋਨ ਨੰ. 9198884-03052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly