ਅੱਜ ਬੋਧ ਗਯਾ ਦੇ ਮਹਾਂ ਵਿਹਾਰ ਅੰਦੋਲਨ ਦਾ ਸਤਾਈਵਾਂ ਦਿਨ ਹੈ ਅਤੇ ਅੱਜ ਭਿੱਖੂ ਸੰਘ ਅੱਖ ਅਤੇ ਮੂੰਹ ਤੇ ਪੱਟੀ ਬੰਨ ਕੇ ਅੰਦੋਲਨ ਕਰ ਰਿਹਾ ਹੈ

ਬੋਧ ਗਯਾ (ਸਮਾਜ ਵੀਕਲੀ ਯੂ ਕੇ-) ਅੱਜ ਅੰਦੋਲਨ ਦਾ ਸਤਾਈਵਾਂ ਦਿਨ ਹੈ ਅਤੇ ਅੱਜ ਭਿੱਖੂ ਸੰਘ ਅੱਖ ਅਤੇ ਮੂੰਹ ਤੇ ਪੱਟੀ ਬੰਨ ਕੇ ਅੰਦੋਲਨ ਕਰ ਰਿਹਾ ਹੈ। ਭਾਰਤ ਦੀ ਮਨੂਵਾਦੀ ਸੋਚ ਵਾਲੀ ਸਰਕਾਰ ਅੱਜ ਤੱਕ ਇਸ ਅੰਦੋਲਨ ਦੀ ਖ਼ਬਰ ਲੈਣ ਲਈ ਧਰਨਾ ਪ੍ਰਦਰਸ਼ਨ ਵਾਲੇ ਸਥਾਨ ਤੇ ਨਹੀਂ ਪਹੁੰਚੀ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਬੋਧ ਗਯਾ ਦੇ ਮਹਾਂ ਵਿਹਾਰ ਨੂੰ ਬੋਧਿਸਟਾਂ ਦੇ ਹਵਾਲੇ ਨਹੀਂ ਕਰਨਾ ਚਾਹੁੰਦੀ, ਇੰਨੀ ਜਿੰਦੀ ਹੈ ਤਾਂ ਪੂਰੇ ਭਾਰਤ ਨੂੰ ਤਾਂ ਉਹ ਕਿਸੇ ਵੀ ਹਾਲ ਵਿੱਚ ਬਾਬਾ ਸਾਹਿਬ ਜੀ ਦੀ ਸੋਚ ਵਾਲਾ ਭਾਰਤ ਨਹੀਂ ਬਣਨ ਦੇਵੇਗੀ, ਹਰ ਇੱਕ ਸੜਯੰਤਰ ਕਰੇਗੀ ।

ਸਾਡੀ ਏਕਤਾ ਹੀ ਸਾਡੀ ਸ਼ਕਤੀ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਪੂਰੇ ਭਾਰਤ ਦਾ ਹੀ ਨਹੀ, ਪੂਰੇ ਸੰਸਾਰ ਦੇ ਅੰਬੇਡਕਰੀ ਅਤੇ ਬੁਧਿਸਟ ਭਾਈਚਾਰੇ ਦਾ ਇਸ ਅੰਦੋਲਨ ਨੂੰ ਸਹਿਯੋਗ ਹੋ ਰਿਹਾ ਹੈ ਪਰ ਪ੍ਰੈਕਟੀਕਲੀ ਇਸ ਧਰਨੇ ਦੀ ਗਿਣਤੀ ਬਹੁਤ ਘੱਟ ਹੈ ਅਤੇ ਸਰਕਾਰ ਉੱਪਰ ਬਹੁ ਗਿਣਤੀ ਕਰ ਕੇ ਹੀ ਦਬਾਅ ਬਣਾਇਆ ਜਾ ਸਕਦਾ ਹੈ।

ਸੋ ਪੰਜਾਬ ਦੇ 26 ਬੁੱਧ ਵਿਹਾਰਾਂ ਦੀਆਂ ਕਮੇਟੀਆਂ ਨੁੰ ਇਸ ਧਰਨੇ ਵਿੱਚੋ ਇਹ ਬੇਨਤੀ ਹੈ ਕਿ ਹਰ ਇੱਕ ਬੁੱਧ ਵਿਹਾਰ ਵਿੱਚੋਂ ਦੋ ਚਾਰ ਉਪਾਸ਼ਕ ਸਰਾਮਨੇਰ ਬਣ ਕੇ ਸਹਿਯੋਗ ਦੇਣ ਲਈ ਇੱਥੇ ਜ਼ਰੂਰ ਪਹੁੰਚਣ, ਕਿਉਂਕਿ ਭਿੱਖੂ ਸੰਘ ਦੀ ਗਿਣਤੀ ਵਧਾਉਣਾ ਸਾਡਾ ਫਰਜ ਹੈ ਪਰ ਜੇਕਰ ਕੋਈ ਉਪਾਸ਼ਕ ਬਣ ਕੇ ਵੀ ਦਸ ਪੰਦਰਾਂ ਦਿਨ ਹਾਜ਼ਰੀ ਦੇਵੇ ਤਾਂ ਵੀ ਏਕਤਾ ਸਾਬਿਤ ਹੋਵੇਗੀ।

ਜੇਕਰ ਅਸੀ ਇਸ ਧਰਨੇ ਨੂੰ ਅੱਗੇ ਲੈ ਕੇ ਜਾਣ ਵਿੱਚ ਸਹਿਯੋਗ ਨਹੀਂ ਕਰ ਪਾਏ ਅਤੇ ਕਿਸੇ ਕਾਰਨ ਇਹ ਧਰਨਾ ਪ੍ਰਦਰਸ਼ਨ ਫੇਲ ਹੋ ਗਿਆ ਤਾਂ ਸਾਰੀ ਜ਼ਿੰਦਗੀ ਅਸੀਂ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਨਹੀਂ ਕਰ ਪਾਵਾਂਗੇ ਕਿਉਂਕਿ ਅਸੀਂ ਸਰਕਾਰ ਤੇ ਜਾਂ ਬਾਂਹਮਣਵਾਦ ਤੇ ਬਹੁ ਗਿਣਤੀ ਸਾਬਤ ਕਰ ਕੇ ਆਪਣਾ ਬਣਦਾ ਹੱਕ ਬੋਧ ਗਯਾ ਮਹਾਂ ਵਿਹਾਰ ਪ੍ਰਾਪਤ ਨਹੀਂ ਕਰ ਪਾ ਰਹੇ ਤਾਂ ਇਸ ਭਾਰਤ ਦੇਸ਼ ਵਿੱਚ ਬੁੱਧ ਧੰਮ ਨੂੰ ਕਿਵੇਂ ਬਹਾਲ ਕਰ ਸਕਦੇ ਹਾਂ, ਇਹ ਸੋਚਣ ਦਾ ਵਿਸ਼ਾ ਹੈ। ਸਾਨੂੰ ਪਤਾ ਹੈ ਕਿ ਭਾਰਤ ਵੀ ਬੋਧਾ ਦਾ ਹੈ ਅਤੇ ਇਹ ਬੋਧ ਗਯਾ ਮਹਾਂ ਵਿਹਾਰ ਦਾ ਤਾਂ ਪੱਕਾ ਸਬੂਤ ਹੈ ਕਿਉਂ ਕਿ ਤਥਾਗਤ ਬੁੱਧ ਨੇ ਇਸ ਸਥਾਨ ਤੇ ਹੀ ਸੰਮਬੋਧੀ ਪ੍ਰਾਪਤ ਕੀਤੀ ਸੀ।

ਬੋਧ ਗਯਾ ਮਹਾਂ ਵਿਹਾਰ ਸਭ ਨੂੰ ਪਤਾ ਹੈ ਕਿ ਇਹ ਬੋਧੀ ਭਾਈਚਾਰੇ ਦਾ ਹੈ ਫਿਰ ਵੀ ਮਨੂਵਾਦੀ ਇਸ ਤੇ ਕਬਜ਼ਾ ਬਣਾਏ ਹੋਏ ਹਨ, ਸੋ ਇੱਕ ਵਾਰ ਫਿਰ ਆਪ ਜੀ ਨੂੰ ਇਸ ਧਰਨੇ ਪ੍ਰਦਰਸ਼ਨ ਵਾਲੇ ਸਥਾਨ ਤੋਂ ਪੂਰੇ ਭਿਖੂ ਸੰਘ ਵੱਲੋਂ ਬੇਨਤੀ ਹੈ ਕਿ ਆਪ ਸਭ ਆਪਣੇ ਜ਼ਰੂਰੀ ਕੰਮਾਂ ਕਾਜਾਂ ਨੂੰ ਇੱਕ ਪਾਸੇ ਰੱਖ ਕੇ ਇਸ ਅੰਦੋਲਨ ਵਿੱਚ ਆਪਣੀ ਏਕਤਾ ਜਰੂਰ ਸਾਬਿਤ ਕਰੋ। 26 ਬੁੱਧ ਵਿਹਾਰਾਂ ਦੀਆਂ ਕਮੇਟੀਆਂ ਹੀ ਇੱਥੇ ਪਹੁੰਚ ਜਾਣ ਤਾਂ ਵੀ ਗਿਣਤੀ ਵੱਧ ਸਕਦੀ ਹੈ।

ਮੈਂ ਰਾਜ ਕੁਮਾਰ ਬੋਧ ਸਰਾਮਨੇਰ ਬਣ ਕੇ ਇਸ ਧਰਨੇ ਨੂੰ ਅੱਗੇ ਵਧਾਉਣ ਵਿੱਚ ਆਪਣੀ ਹਾਜ਼ਰੀ ਲਗਾ ਰਿਹਾ ਹਾਂ ਅਤੇ ਆਪ ਸਭ ਨੂੰ ਬੇਨਤੀ ਵੀ ਕਰਦਾ ਹਾਂ ਕਿ ਆਪਾ ਸਾਰੇ ਪੰਜਾਬੀ ਬੋਧੀਚਾਰੇ ਦੇ
ਸਾਥੀ ਰਲ ਮਿਲ ਇਸ ਧਰਨੇ ਨੂੰ ਕਾਮਯਾਬ ਕਰ ਕੇ ਆਪਣੇ ਬੁੱਧ ਗਯਾ ਮਹਾਂ ਵਿਹਾਰ ਨੂੰ ਬੋਧੀ ਭਾਈ ਚਾਰੇ ਦੇ ਹਵਾਲੇ ਕਰਨ ਵਿੱਚ ਸਹਿਯੋਗ ਰੱਖੀਏ ਅਤੇ ਇਸੇ ਤਰ੍ਹਾਂ ਆਪਣੀ ਏਕਤਾ ਦਿਖਾਉਂਦੇ ਹੋਏ ਭਾਰਤ ਨੂੰ ਵੀ ਬੋਧ ਮਈ ਭਾਰਤ ਬਣਾ ਕੇ ਬਾਬਾ ਸਾਹਿਬ ਜੀ ਦਾ ਇੱਕ ਸੁਪਨਾ ਪੂਰਾ ਕਰ ਸਕੀਏ।

ਜੈ ਭੀਮ ਨਮੋ ਬੁਧਾਏ

ਵੱਲੋਂ :- ਸਰਾਮਨੇਰ ਰਾਜ ਕੁਮਾਰ ਬੋਧ (ਨਕੋਦਰ)

Previous articleਸਿੱਖ ਨੈਸ਼ਨਲ ਕਾਲਜ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ
Next articleसमाजवादी नेताओं को मेरी श्रद्धांजलि – डॉ. प्रेम सिंह