(ਸਮਾਜ ਵੀਕਲੀ)
ਅੱਜ ਉਹ ਵਿਸਾਖੀ ਵਾਲ਼ਾ ਦਿਨ ਮੁੜ ਆਇਆ ਏ।
ਜਦੋਂ ਬਾਜ਼ਾਂ ਵਾਲੇ ਨੇ ਜੀ ਖਾਲਸਾ ਸਜਾਇਆ ਏ।
ਭਰਿਆ ਪੰਡਾਲ ਵੇਖ ਭੀੜ ਹੋਈ ਦੰਗ ਸੀ।
ਬਹੁਤਿਆਂ ਦੇ ਚਿਹਰਿਆਂ ਦਾ ਉੱਡ ਗਿਆ ਰੰਗ ਸੀ।
ਅੱਜ ਥੋਡੇ ਗੁਰੂ ਨੂੰ ਤਾਂ ਪੰਜ ਸੀਸ ਚਾਹੀਦੇ।
ਮੁੱਖੋਂ ਸੀ ਉਚਾਰੇ ਬੋਲ ਸੰਤ ਸਿਪਾਹੀ ਦੇ।
ਛਾ ਗਿਆ ਸਨਾਟਾ ਗੁਰਾਂ ਆਹ ਕੀ ਫਰਮਾਇਆ ਏ।
ਅੱਜ…………………………………………
ਚੁੱਕੀ ਹੱਥ ਤੇਗ ਹੋਏ ਪਾਤਸ਼ਾਹ ਤਿਆਰ ਜੀ।
ਪੰਜ ਸੀਸ ਚਾਹੀਦੇ ਨੇ ਦਿੱਤਾ ਹੈ ਉਚਾਰ ਜੀ।
ਤੰਬੂ ਚੋਂ ਅਵਾਜ਼ ਸਿਰ ਲੱਥਣੇ ਦੀ ਆਈ ਸੀ।
ਕੌਤਕਾਂ ਚ ਰੱਚੀ ਹੋਈ ਖੁਦਾ ਦੀ ਖ਼ੁਦਾਈ ਸੀ।
ਦਇਆ ਰਾਮ ਡੋਲਿਆ ਤੇ ਨਾਹੀਂ ਘਬਰਾਇਆ ਏ।
ਅੱਜ……………………………………………
ਆਖਦੇ ਧਰਮ ਚੰਦ ਹੁਣ ਮੇਰੀ ਬਾਰੀ ਏ।
ਹਿੰਮਤ ਰਾਏ ਵੀ ਬੋਲੇ ਸਿੱਖੀ ਹੀ ਪਿਆਰੀ ਏ।
ਮੋਹਕਮ ਵੀ ਚੰਦ ਬਣ ਚਾਨਣ ਬਖੇਰਦੇ।
ਕੀ ਕਹਿਣੇ ਸਿੰਘ ਉਸ ਸਾਹਿਬ ਦਲੇਰ ਦੇ।
ਜਾਤਾਂ ਪਾਤਾਂ ਵਾਲ਼ਾ ਏਦਾਂ ਭਰਮ ਮੁਕਾਇਆ ਏ।
ਅੱਜ……………………………………………
ਦੇ ਗਏ ਕਕਾਰ ਪੰਜ ਕੱਕਿਆਂ ਦੀ ਸ਼ਾਨ ਜੀ।
ਕੇਸ ਕੰਘਾ ਕੜਾ ਤੇ ਕਛਹਿਰਾ ਕਿਰਪਾਨ ਜੀ।
ਸਿੱਖੀ ਸੰਗ ਖਾਲੀਸਿਓ ਥੋਡੀ ਸਰਦਾਰੀ ਐ।
ਲੱਖਾਂ ਉੱਤੇ ਇੱਕ ਇੱਕ ਪੈਣਾ ਸਿੰਘ ਭਾਰੀ ਐ।
ਰਹਿਤ ਮਰਿਆਦਾ ਨਾਲ਼ ਸੱਚ ਤੇ ਚਲਾਇਆ ਏ।
ਅੱਜ………………………………………
ਤੀਰ ਪੰਜ ਕੱਕੇ ਪੰਜ ਪੰਜ ਹੀ ਪਿਆਰੇ ਨੇ।
ਤਖਤ ਵੀ ਪੰਜ ਪੰਜੇ ਜੱਗ ਤੋਂ ਨਿਆਰੇ ਨੇ।
ਸੰਗਤੋ ਆਨੰਦਪੁਰ ਆਕੇ ਮੱਥਾ ਟੇਕਲੋ।
ਪੁੱਤਰਾਂ ਦਾ ਦਾਨੀ ਕਿੱਡਾ ਹੌਂਸਲਾ ਸੀ ਵੇਖਲੋ।
ਲੱਖ ਕੱਲੇ ਵਾਲ਼ਾ ਇਤਿਹਾਸ ਵੀ ਬਣਾਇਆ ਏ।
ਅੱਜ…………………………………………
ਧੰਨਾ ਧਾਲੀਵਾਲ :-9878235714