ਅੱਜ ਪਿਤਾ ਦਿਵਸ ਤੇ ਵਿਸ਼ੇਸ਼

ਸਾਡੇ ਪਿਤਾ ਜੀ

 ਬੋਹੜ ਦੀ ਛਾਂ ਵਰਗੇ ਪਿਤਾ ਦਾ ਦਰਜਾ ਮਿਣਿਆਂ ਨਹੀਂ ਸਿਰਫ਼ ਮਾਣਿਆ ਹੀ ਜਾ ਸਕਦਾ ਹੈ।

(ਸਮਾਜ ਵੀਕਲੀ) ਸਾਨੂੰ ਜਨਮ ਦੇਣ ਵਾਲੀ ਮਾਂ ਦਾ ਜਿੱਥੇ ਸਾਡੀ ਜ਼ਿੰਦਗੀ ‘ਚ ਅਹਿਮ ਸਥਾਨ ਹੈ, ਉੱਥੇ ਹੀ ਪਿਤਾ ਦਾ ਵੀ ਸਾਡੀ ਜ਼ਿੰਦਗ਼ੀ ‘ਚ ਬਹੁਤ ਮਹੱਤਵ ਹੈ। ਪਿਤਾ ਜੋ ਆਪਣੇ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ, ਘਰੋਂ ਦੂਰ ਰਹਿ ਕੇ ਆਪਣੇ ਪਰਿਵਾਰ ਦੀ ਹਰ ਖੁਸ਼ੀ ਦਾ ਖ਼ਿਆਲ ਰੱਖਦਾ ਹੈ। ਪਿਤਾ ਦੇ ਕਿਰਦਾਰ ਨੂੰ ਅਕਸਰ ਘਰ ਦੀ ਮਜਬੂਤੀ ਦੇ ਨਾਲ ਜੋੜਿਆ ਜਾਂਦਾ ਹੈ। ਉਹ ਸਿਰਫ ਪਰਿਵਾਰ ਦੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਵਿਅਕਤੀ ਹੀ ਨਹੀਂ ਹੁੰਦਾ, ਬਲਕਿ ਉਹ ਸਹੀ ਅਤੇ ਗਲਤ ਦੀ ਪਹਿਚਾਣ ਵੀ ਸਿਖਾਉਂਦਾ ਹੈ। ਉਹ ਆਪਣੇ ਬੱਚਿਆ ਨੂੰ ਸਿਖਿਆ, ਕੈਰੀਅਰ, ਅਤੇ ਨਿੱਜੀ ਜੀਵਨ ਵਿੱਚ ਹਮੇਸ਼ਾ ਹੀ ਮੱਤ ਦਿੰਦਾ ਹੈ।
ਆਪਣੀਆਂ ਮੁਢਲੀਆਂ ਜਰੂਰਤਾਂ ਤੋਂ ਹੱਟ ਕੇ ਬੱਚਿਆਂ ਦੀਆਂ ਬੇਮੰਗੀ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਸਿਰਫ ਤੇ ਸਿਰਫ਼ ਇੱਕ ਪਿਤਾ ਹੀ ਹੁੰਦਾ ਹੈ। ਸਾਡੀ ਹਰੇਕ ਛੋਟੀ ਮੋਟੀ ਖੁਸ਼ੀ ਦਾ ਖ਼ਿਆਲ ਰੱਖਣ ਵਾਲੇ ਪਿਤਾ ਦੀ ਅਗਰ ਜੇਬ ਖਾਲੀ ਵੀ ਹੋਵੇ ਤਾਂ ਵੀ ਦਿਲ ਦੀ ਏਨੀਂ ਅਮੀਰੀ ਰੱਖਦਾ ਕਿ ਕਿਸੇ ਗੱਲੋਂ ਨਾਂਹ ਨਹੀਂ ਕਰਦਾ। ਸਾਡੀ ਉਂਗਲੀ ਫੜ ਸਾਡੇ ਲਈ ਸਹਾਰਾ ਬਣਦਾ ਹੈ। ਪਿਤਾ, ਜਿਸ ਨੂੰ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਪਿਆਰਾ ਹੁੰਦਾ ਹੈ। ਜਿਸ ਦੀ ਸਿਰਫ਼ ਇੱਕ ਹਾਂ ‘ਚ ਹੀ ਖੁਸ਼ੀ ਦਾ ਇਸ਼ਾਰਾ ਹੂੰਦਾ ਹੈ। ਬੋਹੜ ਦੀ ਛਾਂ ਵਰਗੇ ਪਿਤਾ ਦਾ ਦਰਜਾ ਮਿਣਿਆਂ ਨਹੀਂ ਸਿਰਫ਼ ਮਾਣਿਆ ਹੀ ਜਾ ਸਕਦਾ ਹੈ।
ਸਾਡਾ ਹਰ ਦਿਨ ਪਿਤਾ ਦੇ ਨਾਲ ਹੀ ਹੈ, ਪਿਤਾ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਸਾਡੇ ਲਈ ਹਰ ਦਿਨ ਪਿਤਾ ਦੀ ਹੀ ਦੇਣ ਹੈ,ਪਰ ਫਿਰ ਵੀ ਇੱਕ ਖਾਸ ਤਰ੍ਹਾਂ ਨਾਲ ਪਿਤਾ ਨੂੰ ਯਾਦ ਕਰਨ ਲਈ, ਪਿਤਾ ਵਲੋਂ ਦਿੱਤੀ ਗਈ ਸਾਨੂੰ ਅਣਮੋਲ ਜਿੰਦਗੀ ‘ਚੋ ਸਾਲ ਦਾ ਇੱਕ ਦਿਨ ਪੂਰੀ ਤਰ੍ਹਾਂ ਪਿਤਾ ਨੂੰ ਸਮਰਪਿਤ ਕਰਨ ਲਈ ‘ਪਿਤਾ ਦਿਵਸ’ ਬਣਾਇਆ ਗਿਆ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਪਿਤਾ ਦਿਵਸ ਦੀ ਤਾਰੀਖ ਵੱਖ-ਵੱਖ ਹੈ ਪਰ ਭਾਰਤ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਇੰਗਲੈਂਡ, ਗ੍ਰੀਸ, ਮੈਕਸੀਕੋ, ਪਾਕਿਸਤਾਨ, ਆਇਰਲੈਂਡ, ਵੈਨੇਜ਼ੁਏਲਾ ਅਤੇ ਅਰਜਨਟੀਨਾ ਵਰਗੇ ਦੇਸ਼ ਵੀ ਇਸ ਨੂੰ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਉਂਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਰ ਬੱਚਿਆਂ ਦਾ ਪੂਰਾ ਜੀਵਣ ਵੀ ਪਿਤਾ ਨੂੰ ਸਮਰਪਿਤ ਹੋ ਕੇ ਲੰਘ ਜਾਵੇ ਤਾਂ ਵੀ ਉਸਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। ਇਹ ਦਿਨ ਸਾਡੇ ਜੀਵਨ ਵਿੱਚ ਪਿਤਾ ਦੀ ਅਮੁੱਲ ਭੂਮਿਕਾ ਦਾ ਜਸ਼ਨ ਮਨਾਉਣ ਲਈ ਸਮਰਪਿਤ ਇੱਕ ਖੁਸ਼ੀ ਦਾ ਮੌਕਾ ਹੈ। ਇਹ ਖਾਸ ਦਿਨ ਪਿਤਾ ਦੇ ਪਿਆਰ, ਮਾਰਗਦਰਸ਼ਨ ਅਤੇ ਅਟੁੱਟ ਸਮਰਥਨ ਦੇ ਸਨਮਾਨ ਕਰਨ ਦਾ ਹੈ। ਇਸ ਦਿਨ ਦਾ ਮਹੱਤਵ ਸਿਰਫ ਆਪਣੇ ਪਿਤਾ ਨੂੰ ਕਾਰਡ, ਫੁੱਲ, ਕੱਪੜੇ ਜਾਂ ਤੋਹਫੇ ਭੇਂਟ ਕਰਨਾ ਨਹੀਂ ਬਲਕਿ ਇਸ ਗੱਲ ਦਾ ਅਹਿਸਾਸ ਕਰਨਾ ਵੀ ਹੈ ਕਿ ਪਿਤਾ ਨੇ ਸਾਡੀ ਜ਼ਿੰਦਗੀ ਬਣਾਉਣ ਲਈ ਆਪਣੀਂ ਸਾਰੀ ਉਮਰ ਤਿਆਗ ਅਤੇ ਸਮਰਪਣ ਨਾਲ ਗੁਜ਼ਾਰੀ ਹੈ। ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਆਪਣੀਆਂ ਇੱਛਾਵਾਂ ਨੂੰ ਹਰ ਵਾਰ ਮਾਰਿਆ ਹੈ ਸਾਨੂੰ ਇਹ ਕੀਮਤੀ ਜੀਵਨ ਸਬਕ ਸਿਖਾਉਣ ਤੋਂ ਲੈ ਕੇ ਸਾਡੀ ਤਾਕਤ ਦਾ ਥੰਮ ਬਣਨ ਤੱਕ, ਪਿਤਾ ਸਾਡੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ। ਇਹ ਖ਼ਾਸ ਦਿਨ ਪਿਤਾ ਦਾ ਧੰਨਵਾਦ ਕਰਨ ਅਤੇ ਸਤਿਕਾਰ ਕਰਨ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ।। ਜੇਕਰ ਅਸੀਂ ਸਾਰੇ ਆਪਣੇ ਪਿਤਾ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਦੇ ਤਿਆਗ ਨੂੰ ਹਮੇਸ਼ਾ ਯਾਦ ਰਖੀਏ ਤਾਂ ਇਸ ਤੋਂ ਵੱਡਾ ਤੋਹਫਾ ਆਪਣੇ ਪਿਤਾ ਲਈ ਪਿਤਾ ਦਿਵਸ ਤੇ ਨਹੀਂ ਹੋ ਸਕਦਾ।

ਬਲਦੇਵ ਸਿੰਘ ਬੇਦੀ
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਲਸ ਲਾਈਨ ਹੁਸ਼ਿਆਰਪੁਰ ਵਿਖੇ ਫਰੀ ਮੈਗਾ ਹੈਲਥ ਕੈਂਪ ਦਾ ਆਯੋਜਨ ਕੀਤਾ
Next articleਅਮਰੀਕਾ ‘ਚ ਜਲੰਧਰ ਦੀਆਂ 2 ਭੈਣਾਂ ‘ਤੇ ਗੋਲੀਬਾਰੀ, ਇਕ ਦੀ ਮੌਤ