ਭਾਰਤ-ਰੂਸ ਸਬੰਧਾਂ ਲਈ ਅੱਜ ਦਾ ਦਿਨ ਇਤਿਹਾਸਕ: ਰਾਜਨਾਥ

ਨਵੀਂ ਦਿੱਲੀ, (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰੂਸ ਨਾਲ ‘2+2’ ਵਾਰਤਾ ਦੀ ਸ਼ੁਰੂਆਤ ਮੌਕੇ ਕਿਹਾ ਕਿ ਇਹ ਭਾਰਤ-ਰੂਸ ਸਬੰਧਾਂ ਵਿੱਚ ਇਤਿਹਾਸਕ ਦਿਨ ਹੈ। ਉਨ੍ਹਾਂ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਗੁਆਂਢੀ ਮੁਲਕ ਵਿੱਚ ਅਸਾਧਾਰਨ ਫੌਜੀਕਰਨ ਤੇ ਉੱਤਰੀ ਸਰਹੱਦ ’ਤੇ ਬਿਨਾਂ ਕਿਸੇ ਕਾਰਨ ਹਮਲਾਵਰ ਰੁਖ਼ ਨੇ ਸਖ਼ਤ ਚੁਣੌਤੀਆਂ ਖੜੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਤੇ ਅੰਦਰੂਨੀ ਸਮਰੱਥਾ ਦੇ ਨਾਲ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿੰਘ ਨੇ ਕਿਹਾ ਕਿ ਭਾਰਤ ਦੀਆਂ ਵਿਕਾਸ ਲੋੜਾਂ ਬਹੁਤ ਵੱਡੀਆਂ ਹਨ ਤੇ ਉਹਦੀਆਂ ਰੱਖਿਆ ਚੁਣੌਤੀਆਂ ਯਥਾਰਥਕ ਹਨ, ਜਿਨ੍ਹਾਂ ਨਾਲ ਫੌਰੀ ਨਜਿੱਠਣ ਦੀ ਲੋੜ ਹੈ। ਉਨ੍ਹਾਂ ਰੂਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਅਜਿਹਾ ਭਾਈਵਾਲ ਬਣਾਉਣਾ ਚਾਹੁੰਦਾ ਹੈ, ਜੋ ਉਸ ਦੀਆਂ ਆਸਾਂ ਉਮੀਦਾਂ ਤੇ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਵੇ। ਉਨ੍ਹਾਂ ਕਿਹਾ ਕਿ ਭਾਰਤ-ਰੂਸ ਸਬੰਧਾਂ ਵਿੱਚ ਪਿਛਲੇ ਦਿਨਾਂ ’ਚ ਬੇਮਿਸਾਲ ਤਰੱਕੀ ਹੋਈ ਹੈ। ਭਾਰਤ-ਰੂਸ ਰਿਸ਼ਤੇ ਇਸ ਬਦਲਦੀ ਦੁਨੀਆ ਵਿੱਚ ਹੋਰ ਗੂੜ੍ਹੇ ਹੋਣ ਦੇ ਨਾਲ ਸਮੇਂ ਦੀ ਕਸਵੱਟੀ ’ਤੇ ਖਰੇ ਉਤਰੇ ਹਨ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅਤਿਵਾਦ, ਹਿੰਸਾ ਤੇ ਕੱਟੜਵਾਦ ਨੂੰ ਖਿੱਤੇ ਵਿੱਚ ਦਰਪੇਸ਼ ਪ੍ਰਮੁੱਖ ਚੁਣੌਤੀਆਂ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਮੱਧ ਏਸ਼ੀਆ ਸਮੇਤ ਖਿੱਤੇ ਵਿੱਚ ਵਿਆਪਕ ਸਿੱਟੇ ਹੋਣਗੇ।

ਇਸ ਤੋਂ ਪਹਿਲਾਂਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਯਗੂ ਨਾਲ ਫੌਜੀ ਉਪਕਰਣਾਂ ਦੇ ਸਾਂਝੇ ਉਤਪਾਦਨ ਨੂੰ ਵਿਸਥਾਰ ਦੇਣ ਸਮੇਤ ਰਣਨੀਤਕ ਸਹਿਯੋੋਗ ਨੂੰ ਹੱਲਾਸ਼ੇਰੀ ਦੇਣ ਤੌਰ ਤਰੀਕਿਆਂ ’ਤੇ ਚਰਚਾ ਕੀਤੀ। ਸ਼ੋਯਗੂ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਆਪਣੇ ਭਾਰਤੀ ਹਮਰੁਤਬਾਵਾਂ ਨਾਲ ‘2+2’ ਵਾਰਤਾ ਲਈ ਐਤਵਾਰ ਰਾਤ ਨੂੰ ਇਥੇ ਪੁੱਜੇ ਸੀ। ਇਸ ਵਾਰਤਾ ਮਗਰੋਂ ਦੋਵੇਂ ਮੰਤਰੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਸਿਖਰ ਵਾਰਤਾ ਵਿੱਚ ਸ਼ਾਮਲ ਹੋਣਗੇ।

ਉਧਰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੀ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਤੇ ਰੂਸ ਦੇ ਰਿਸ਼ਤੇ ਨਿਵੇਕਲੇ ਹਨ ਤੇ ਤੇਜ਼ੀ ਨਾਲ ਬਦਲਦੇ ਭੂ-ਸਿਆਸੀ ਆਲਮ ਵਿੱਚ ਵਿਸ਼ੇਸ਼ ਤੌਰ ‘ਤੇ ਸਥਿਰ ਤੇ ਮਜ਼ਬੂਤ ਬਣੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ੇਸ਼ ਦਰਜੇ ਦੀ ਬਹਾਲੀ: ਮਹਿਬੂਬਾ ਨੇ ਜੰਤਰ-ਮੰਤਰ ’ਤੇ ਧਰਨਾ ਲਾਇਆ
Next articleਲੋਕ ਸਭਾ ਵਿਚ ਵੀ ਉੱਠਿਆ ਨਾਗਾਲੈਂਡ ਦਾ ਮੁੱਦਾ