ਕਿਤਾਬ: ਤਰਕਸ਼ੀਲਤਾ ਅਤੇ ਤੰਦਰੁਸਤੀ
ਲੇਖਕ: ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਸਮੀਖਿਆਕਾਰ : ਅਸ਼ਲੇਸ਼ ਗੜ੍ਹੀ

(ਸਮਾਜ ਵੀਕਲੀ) ਉੱਘੇ ਤਰਕਸ਼ੀਲ ਅਵਤਾਰ ਜੀ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਕੱਲ੍ਹ ਮਿਲਿਆ। ‘ਤਰਕਸ਼ੀਲਤਾ ਅਤੇ ਤੰਦਰੁਸਤੀ ‘ ਦੇ ਸਿਰਲੇਖ ਹੇਠ ਛਪੀ ਕਿਤਾਬ ਨੂੰ ਪੜ੍ਹਦਿਆਂ ਕੋਈ ਬਹੁਤਾ ਸਮਾਂ ਨੀ ਲੱਗਾ। ਕਰੀਬ 120 ਸਫਿਆਂ ਦੀ ਕਿਤਾਬ ਇੱਕੋ ਦਿਨ ਵਿੱਚ ਘਰ ਦੇ ਬਾਕੀ ਕੰਮ ਕਾਰ ਕਰਦੇ ਹੀ ਪੜ੍ਹੀ ਗਈ। ਕਿਤਾਬ ਦੀ ਭਾਸ਼ਾ ਬਹੁਤ ਸਰਲ ਅਤੇ ਆਮ ਬੋਲ ਚਾਲ ਦੀ ਹੋਣ ਕਰਕੇ ਪੜ੍ਹਨ ਵਿੱਚ ਕੋਈ ਬੋਝ ਵੀ ਮਹਿਸੂਸ ਨਹੀਂ ਹੋਇਆ।
ਲੇਖਕ ਨੇ ਆਪਣੀ ਜਿੰਦਗੀ ਦੇ ਬਹੁਤ ਸਾਰੇ ਨਿੱਕੇ ਨਿੱਕੇ ਘਟਨਾਕ੍ਰਮ ਜਿਹਨਾ ਨੇ ਉਹਨਾਂ ਨੂੰ ਪ੍ਰਵਾਵਿਤ ਕੀਤਾ ਤੇ ਵੱਖਰਾ ਸੋਚਣ ਲਈ ਪ੍ਰੇਰਿਆ ਬਾਰੇ ਲਿਖਿਆ ਹੈ। ਪਾਠਕ ਪੜ੍ਹਦੇ ਹੋਏ ਮਹਿਸੂਸ ਕਰੇਗਾ ਕਿ ਇਹ ਤਾਂ ਸਾਡੇ ਸਭ ਨਾਲ ਹੀ ਘਟਦਾ ਹੈ ਪਰ ਅਸੀਂ ਕਦੇ ਲੇਖਕ ਦੀ ਤਰਾਂ ਮਹਿਸੂਸ ਕਿਉਂ ਨਹੀਂ ਕੀਤਾ ? ਪਾਠਕ ਨਿਸ਼ਚਿਤ ਹੀ ਸੋਚਣ ਲਈ ਮਜਬੂਰ ਹੋਵੇਗਾ ਜੋ ਕਿ ਮੈਂ ਮੰਨਦਾ ਹਾਂ ਕਿ ਲੇਖਕ ਦੀ ਸੋਚ ਤੇ ਕੋਸ਼ਿਸ਼ ਵੀ ਹੈ, ਪਾਠਕ ਨੂੰ ਸੋਚਣ ਵਾਲਾ ਤੇ ਦਿਮਾਗ ਦਾ ਇਸਤੇਮਾਲ ਕਰਨ ਵਾਲਾ ਬਣਾਉਣ ਦੀ। ਕਿਤਾਬ ਦੀ ਰੌਚਕਤਾ ਜਾਨਣ ਲਈ ਲੇਖਾਂ ਦੇ ਸਿਰਲੇਖ ਜਿਵੇਂ ਮੌਤ ਦਾ ਡਰ ਦੇਕੇ ਕੀਤੀ ਜਾਂਦੀ ਕਮਾਈ, ਕੱਟੜਤਾ, ਸਿਆਣਾ ਕੌਣ, ਕੱਚੀ ਲੱਸੀ, ਮਨ ਮੰਗੀਆਂ ਮੁਰਾਦਾਂ ਅਤੇ ਬਚ ਲਵੋ ਜਿਸ ਤੋਂ ਬਚ ਸਕਦੇ ਹੋ ਆਦਿ ਹੀ ਕਾਫੀ ਹਨ। ਪਾਠਕ ਪੜ੍ਹ ਕੇ ਨਿਰਾਸ਼ ਬਿਲਕੁਲ ਨਹੀਂ ਹੋਣਗੇ।
ਲੇਖਕ ਦੀ ਸਭ ਤੋਂ ਵੱਡੀ ਖ਼ਾਸੀਅਤ ਜੋ ਸਭ ਨੂੰ ਪਸੰਦ ਆਏਗੀ ਕਿ ਲੇਖਕ ਆਪਣੇ ਵਿਚਾਰ ਕਿਸੇ ਤੇ ਜਬਰਦਸਤੀ ਲੱਦਣ ਦੀ ਕੋਸ਼ਿ਼ਸ਼ ਕਰਦਾ ਬਿਲਕੁਲ ਨਹੀਂ ਜਾਪੇਗਾ ਸਗੋਂ ਸਾਰਿਆਂ ਨੂੰ ਆਪਣਾ ਦਿਮਾਗ ਵਰਤਣ ਦੀ ਰਾਏ ਹੀ ਦਿੰਦਾ ਹੈ। ਲੇਖਕ ਆਪਣੀ ਅਸਿਹਮਤੀ ਬਹੁਤ ਸਾਰੇ ਮਸਲਿਆਂ ਨਾਲ ਖੁੱਲ੍ਹ ਕੇ ਜ਼ਾਹਿਰ ਕਰਦਾ ਹੈ ਪਰ ਬਹੁਤ ਹੀ ਸੁਲਝੀ ਤੇ ਸੁਹਿਰਦ ਭਾਸ਼ਾ ਵਰਤ ਕੇ ਜੋ ਹਰ ਪੜ੍ਨ ਵਾਲੇ ਨੂੰ ਪਸੰਦ ਆਏਗੀ। ਕਿਤਾਬ ਵਿੱਚ ਸਿਹਤ ਨੂੰ ਫਿੱਟ ਰੱਖਣ ਦੇ ਬਹੁਤ ਸਾਰੇ ਸੁਝਾਅ ਦਿੱਤੇ ਗਏ ਹਨ, ਖ਼ਾਸ ਤੌਰ ਤੇ ਮਾਨਸਿਕ ਸਿਹਤ ਲਈ। ਅਵਤਾਰ ਭਾ ਜੀ ਨੂੰ ਸਫ਼ਲ ਲਿਖਤ ਦੀਆਂ ਬਹੁਤ ਬਹੁਤ ਮੁਬਾਰਕਾਂ।
ਅਸ਼ਲੇਸ਼ ਗੜ੍ਹੀ, ਪੁਲਿਸ ਅਫ਼ਸਰ, ਨਿਊਜ਼ੀਲੈਂਡ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj