(ਸਮਾਜ ਵੀਕਲੀ)
ਪੰਜਾਬੀ ਬੋਲਣ ਵਾਲਿਆਂ ਨੂੰ ਹੁਣ,
ਪੰਜਾਬ ‘ਚ ਨੌਕਰੀ ਨਹੀਂ ਮਿਲਦੀ।
ਕੁੜੀਆਂ ਵੀ ਮਾਰ ਮੁਕਾਈਆਂ ਅਸਾਂ,
ਵਿਆਹ ਲਈ ਛੋਕਰੀ ਨਹੀਂ ਮਿਲਦੀ।
ਪੰਜਾਬ ‘ਚ….
ਬੜੇ ਬੈਠੇ ਆਪ ਨੂੰ ਕਹਾਉਂਦੇ ਜੋ,
ਪੰਜਾਬੀ ਮਾਂ ਬੋਲੀ ਦੇ ਧੀਆਂ ਪੁੱਤਰ।
ਖੋਹ ਲਏ ਉਹਨਾਂ ਹੀ ਕਾਵਾਂ ਵਾਂਗਰ,
ਸਾਡੇ ਤਾਂ ਹੱਥਾਂ ‘ ਚੋਂ ਰੋਟੀ ਟੁੱਕਰ।
ਵਾਅਦਿਆਂ ਦੇ ਭਰ ਭਰ ਥੈਲੇ ਵੰਡਦੇ,
ਸਾਨੂੰ ਵਿੱਚੋਂ ਇੱਕ ਟੋਕਰੀ ਨਹੀਂ ਮਿਲਦੀ।
ਪੰਜਾਬ ‘ਚ……
ਹਾਏ ਰੱਬਾ ਕਿਹੋ ਜਿਹਾ ਸਮਾਂ ਆ ਗਿਆ,
ਪੜ੍ਹ ਲਿਖ ਕੇ ਵੀ ਅਸੀਂ ਅਨਪੜ੍ਹ ਕਹਾ ਰਹੇ।
ਆਪਣੇ ਹੀ ਘਰ ਵਿੱਚ ਮਿਲਣ ਨਾਂ ਰੋਟੀਆਂ,
ਬਾਹਰ ਵਾਲਿਆਂ ਨੂੰ ਰੱਜ ਰੱਜ ਖਵਾ ਰਹੇ।
ਜਿਹੜੀ ਲੱਗ ਕੇ ਸਾਡੇ ਭਾਗ ਖੁੱਲ ਜਾਣ,
ਕੋਈ ਐਹੋ ਜਿਹੀ ਲੌਟਰੀ ਨਹੀਂ ਮਿਲਦੀ।
ਪੰਜਾਬ ‘ਚ…….
ਅਸੀਂ ਰਹਿਣਾ ਹੀ ਬੇਸ਼ਕ ਪੰਜਾਬ ਵਿੱਚ,
ਫਿਰ ਵੀ ਅੰਗਰੇਜ਼ੀ ਜ਼ਰੂਰ ਪੜ੍ਹੀਏ।
ਛੱਡ ਕੇ ਆਪਣੀ ਮਿੱਠੀ ਮਾਂ ਬੋਲੀ ਨੂੰ,
ਕਾਹਤੋਂ ਭਲਾ ਅੰਗਰੇਜ਼ ਬਣੀਏ?
ਕੌਣ ਕਹਿੰਦਾ ਦੱਸੋ ਏਥੇ ‘ਮਨਜੀਤ,
ਭਾਂਡੇ ਕਹਿਣ ਤੇ ਕ੍ਰੋਕਰੀ ਨਹੀਂ ਮਿਲਦੀ।
ਪੰਜਾਬ ‘ਚ…..
ਜਿਹੜੇ ਰਹਿੰਦੇ ਵਿੱਚ ਵਿਦੇਸ਼ੀ,
ਮਾਂ ਬੋਲੀ ਨੂੰ ਯਾਦ ਉਹ ਰੱਖਦੇ।
ਕਰਕੇ ਯਤਨ ਉਹ ਬਹੁਤ ਤਰ੍ਹਾਂ ਦੇ,
ਸਦਾ ਮਾਂ ਬੋਲੀ ਨੂੰ ਉੱਚਾ ਚੁੱਕਦੇ।
ਇਹ ਮਾਂ ਦੀ ਗੋਦ ਮਿਲ਼ੇ ਕਿਸਮਤਾਂ ਨਾਲ,
‘ਮਨਜੀਤ’ ਐਵੇਂ ਸਰੋਸਰੀ ਨਹੀਂ ਮਿਲ਼ਦੀ।
ਪੰਜਾਬ ‘ਚ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲਦੀ…..
ਨਾ…ਨਾ… ਨੌਕਰੀ ਨਹੀਂ ਮਿਲਦੀ…..
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly